ਮੁਬੰਈ, 15 ਨਵੰਬਰ – ਇਥੇ ਵਿਰਾਟ ਕੋਹਲੀ(117) ਦੇ ਰਿਕਾਰਡ 50ਵੇਂ ਸੈਂਕੜੇ, ਸ਼੍ਰੇਅਸ ਅੱਈਅਰ(105) ਤੇ ਸ਼ੁਭਮਨ ਗਿੱਲ(ਨਾਬਾਦ 80) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਮੁਹੰਮਦ ਸ਼ਮੀ ਵੱਲੋਂ 57 ਦੌੜਾਂ ਬਦਲੇ ਲਈਆਂ 7 ਵਿਕਟਾਂ ਦੀ ਬਦੌਲਤ ਮੇਜ਼ਬਾਨ ਭਾਰਤ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ। ਇਸ ਟੂਰਨਾਮੈਂਟ ਵਿਚ ਭਾਰਤ ਦੀ ਇਹ ਲਗਾਤਾਰ ਦਸਵੀਂ ਜਿੱਤ ਹੈ। ਭਾਰਤ ਚੌਥੀ ਵਾਰ ਵਰਲਡ ਕੱਪ ਦੇ ਫਾਈਨਲ ਵਿੱਚ ਪੁੱਜਾ ਹੈ। ਇਸ ਤੋਂ ਪਹਿਲਾਂ ਭਾਰਤ 1987, 1996, 2015 ਤੇ 2019 ਵਿੱਚ ਸੈਮੀਫਾਈਨਲ ਤੋਂ ਅੱਗੇ ਵਧਣ ਵਿੱਚ ਨਾਕਾਮ ਰਿਹਾ ਸੀ। ਭਾਰਤ ਨੇ ਅੱਜ ਦੀ ਜਿੱਤ ਨਾਲ ਚਾਰ ਸਾਲ ਪਹਿਲਾਂ ਮਾਨਚੈਸਟਰ ਵਿੱਚ ਨਿਊਜ਼ੀਲੈਂਡ ਹੱਥੋਂ ਸੈਮੀਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਹੈ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 397 ਦੌੜਾਂ ਬਣਾਈਆਂ ਤੇ ਨਾਕਆਊਟ ਗੇੜ ਵਿੱਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਆਪਣੇ ਨਾਮ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ 48.5 ਓਵਰਾਂ ਵਿੱਚ 327 ਦੌੜਾਂ ’ਤੇ ਢੇਰ ਹੋ ਗਈ। ਨਿਊਜ਼ੀਲੈਂਡ ਲਈ ਡੈਰਿਲ ਮਿਸ਼ੇਲ 134 ਦੌੜਾਂ ਨਾਲ ਟੌਪ ਸਕੋਰਰ ਰਿਹਾ। ਕਪਤਾਨ ਕੇਨ ਵਿਲੀਅਮਸਨ ਨੇ 69 ਤੇ ਗਲੈੱਨ ਫਿਲਿਪ ਨੇ 41 ਦੌੜਾਂ ਦੀ ਪਾਰੀ ਖੇਡੀ। ਅਹਿਮਦਾਬਾਦ ਵਿੱਚ ਐਤਵਾਰ ਨੂੰ ਖੇਡੇ ਜਾਣ ਵਾਲੇ ਖਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਟਾਕਰਾ ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਵਿਚਾਲੇ ਭਲਕੇ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿੱਚ ਖੇਡੇ ਜਾਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਟੀਮ 398 ਦੌੜਾਂ ਦਾ ਪਿੱਛਾ ਕਰਦੀ ਹੋਈ 48.5 ਓਵਰਾਂ ਵਿੱਚ 327 ਦੌੜਾਂ ਬਣਾ ਕੇ ਆਊਟ ਹੋ ਗਈ।
ਦੋ ਵਾਰ ਚੈਂਪੀਅਨ ਰਿਹਾ ਭਾਰਤ ਇਸ ਤੋਂ ਪਹਿਲਾਂ 1983, 2003 ਤੇ 2011 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ। ਭਾਰਤ ਲਈ ਕੋਹਲੀ ਨੇ 113 ਗੇਂਦਾਂ ’ਤੇ 117 ਦੌੜਾਂ ਜਦੋਂਕਿ ਸ਼੍ਰੇਅਸ ਅੱਈਅਰ ਨੇ 70 ਗੇਂਦਾਂ ’ਤੇ 105 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ 29 ਗੇਂਦਾਂ ’ਤੇ 47 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਇਸ ਦੌਰਾਨ ਰਿਟਾਇਰਡ ਹਰਟ ਹੋਣ ਵਾਲੇ ਸ਼ੁਭਮਨ ਗਿੱਲ ਨੇ ਅੰਤਿਮ ਓਵਰ ਵਿਚ ਵਾਪਸੀ ਕੀਤੀ ਤੇ 66 ਗੇਂਦਾਂ ਵਿੱਚ 80 ਦੌੜਾਂ ਦੀ ਪਾਰੀ ਖੇਡੀ। ਕੇ.ਐੱਲ.ਰਾਹੁਲ 20 ਗੇਂਦਾਂ ’ਤੇ 39 ਦੌੜਾਂ ਬਣਾ ਕੇ ਨਾਬਾਦ ਰਿਹਾ। ਉਧਰ ਨਿਊਜ਼ੀਲੈਂਡ ਜਿਸ ਨੇ ਇਕ ਸਮੇਂ 39 ਦੌੜਾਂ ਦੇ ਸਕੋਰ ’ਤੇ 2 ਵਿਕਟਾਂ ਗਵਾ ਲਈਆਂ ਸਨ, ਪਰ ਫਿਰ ਡੈਰਿਲ ਮਿਸ਼ੇਲ (119 ਗੇਂਦਾਂ ’ਤੇ 134) ਤੇ ਕਪਤਾਨ ਕੇਨ ਵਿਲੀਅਮਸਨ (73 ਗੇਂਦਾਂ ’ਤੇ 69 ਦੌੜਾਂ) ਨੇ ਤੀਜੇ ਵਿਕਟ ਲਈ 181 ਦੌੜਾਂ ਦੀ ਭਾਈਵਾਲੀ ਕੀਤੀ। ਮਿਚੇਲ ਨੇ ਆਪਣੀ ਪਾਰੀ ਵਿਚ ਨੌ ਚੌਕੇ ਤੇ ਸੱਤ ਛੱਕੇ ਲਗਾਏ। ਸ਼ਮੀ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 57 ਦੌੜਾਂ ਬਦਲੇ ਸੱਤ ਵਿਕਟ ਲੈ ਕੇ ਭਾਰਤ ਲਈ ਨਵਾਂ ਰਿਕਾਰਡ ਬਣਾਇਆ। ਉਂਜ ਇਹ ਪਹਿਲਾ ਮੌਕਾ ਹੈ ਜਦੋਂਕਿ ਭਾਰਤ ਦੇ ਕਿਸੇ ਗੇਂਦਬਾਜ਼ ਨੇ ਇਕ ਰੋਜ਼ਾ ਮੈਚ ਵਿੱਚ ਸੱਤ ਵਿਕਟ ਲਏ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ...