ਆਈਸੀਸੀ ਦਰਜਾਬੰਦੀ: ਆਸਟਰੇਲੀਆ ‘ਟੈੱਸਟ’, ਨਿਊਜ਼ੀਲੈਂਡ ‘ਵੰਨ ਡੇਅ’ ਅਤੇ ਭਾਰਤ ‘ਟੀ-20’ ਮੈਚਾਂ ਵਿੱਚ ਦੁਨੀਆ ਦੀਆਂ ਨੰਬਰ ਇੱਕ-ਇੱਕ ਟੀਮਾਂ ਬਣੀਆਂ

ਦੁਬਈ, 5 ਮਈ – ਭਾਰਤੀ ਟੀਮ ਨੇ ਘਰੇਲੂ ਮੈਦਾਨਾਂ ‘ਚ ਲਗਾਤਾਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ 2021-22 ਸੈਸ਼ਨ ਦਾ ਅੰਤ ਦੁਨੀਆ ਦੀ ਨੰਬਰ ਇੱਕ ਟੀ-20 ਟੀਮ ਵਜੋਂ ਕੀਤਾ ਹੈ। ਪਰ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਅੱਜ ਜਾਰੀ ਸਾਲਾਨਾ ਟੈੱਸਟ ਦਰਜਾਬੰਦੀ ਵਿੱਚ ਭਾਰਤ ਟੀਮ ਆਸਟਰੇਲੀਆ ਤੋਂ 9 ਅੰਕ ਪਛੜ ਗਈ ਹੈ।
ਨਿਊਜ਼ੀਲੈਂਡ ਸਾਲਾਨਾ ਦਰਜਾਬੰਦੀ ਮਗਰੋਂ ਇੰਟਰਨੈਸ਼ਨਲ ਵੰਨ ਡੇਅ ਮੈਚਾਂ ਵਿੱਚ ਦੁਨੀਆ ਦੀ ਨੰਬਰ ਇੱਕ ਟੀਮ ਬਣੀ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ 2021 ਵਿੱਚ ਸ਼ੁਰੂ ਹੋਈ ਟੈੱਸਟ ਲੜੀ ਨੂੰ ਪੰਜਵੇਂ ਅਤੇ ਆਖ਼ਰੀ ਮੈਚ ਮਗਰੋਂ ਇਸ ਦਰਜਾਬੰਦੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਆਈਸੀਸੀ ਵੱਲੋਂ ਜਾਰੀ ਟੈੱਸਟ ਦਰਜਾਬੰਦੀ ਮੁਤਾਬਿਕ ਆਸਟਰੇਲੀਆ ਪਹਿਲੇ, ਭਾਰਤ ਦੂਜੇ, ਨਿਊਜ਼ੀਲੈਂਡ ਤੀਜੇ, ਦੱਖਣੀ ਅਫ਼ਰੀਕਾ ਚੌਥੇ, ਪਾਕਿਸਤਾਨ ਪੰਜਵੇਂ ਸਥਾਨ ‘ਤੇ ਹੈ। ਇੰਗਲੈਂਡ ਦੀ ਟੀਮ ਤੋਂ ਪੰਜਵਾਂ ਸਥਾਨ ਖੁੱਸ ਗਿਆ ਹੈ। ਜਦੋਂ ਕਿ ਭਾਰਤੀ ਟੀਮ ਟੀ-20 ਦਰਜਾਬੰਦੀ ਵਿੱਚ ਪਹਿਲੇ ਸਥਾਨ ‘ਤੇ ਬਣੀ ਹੋਈ ਹੈ।