ਨਿਊਜ਼ੀਲੈਂਡ 1 ਜੂਨ ਤੇ ਭਾਰਤ 5 ਜੂਨ ਤੋਂ ਮੈਚ ਖੇਡੇਗਾ
ਆਕਲੈਂਡ – ‘ਇੰਟਰਨੈਸ਼ਨਲ ਕ੍ਰਿਕੇਟ ਕਾਉਂਸਲ’ (ਆਈਸੀਸੀ) ਨੇ 25 ਅਪ੍ਰੈਲ ਦਿਨ ਵੀਰਵਾਰ ਨੂੰ ਇੰਗਲੈਂਡ ਵਿੱਚ 30 ਮਈ ਤੋਂ 14 ਜੁਲਾਈ ਤੱਕ ਹੋਣ ਵਾਲੇ ‘ਆਈਸੀਸੀ ਕ੍ਰਿਕੇਟ ਵਰਲਡ ਕੱਪ 2019’ ਦਾ ਸ਼ੈਡਿਊਲ ਜਾਰੀ ਕਰ ਦਿੱਤਾ।
ਆਈਸੀਸੀ ਨੇ ਈ-ਮੇਲ ਰਾਹੀ ਇਹ ਜਾਣਕਾਰੀ ਦਿੱਤੀ ਹੈ ਕਿ ਅਗਲੇ ਸਾਲ ਇੰਗਲੈਂਡ ਵਿੱਚ ਹੋਣ ਵਾਲੇ ਵਰਲਡ ਕੱਪ ਟੂਰਨਾਮੈਂਟ ਵਿੱਚ 10 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਵਰਲਡ ਕੱਪ ਦਾ ਪਹਿਲਾ ਸੈਮੀ ਫਾਈਨਲ ਮੁਕਾਬਲਾ 9 ਜੁਲਾਈ ਨੂੰ ਓਲਡ ਟਰੈਫੋਰਡ ਦੇ ਗਰਾਊਂਡ ਅਤੇ ਦੂਜਾ ਸੈਮੀ ਫਾਈਨਲ ਮੁਕਾਬਲਾ 11 ਜੁਲਾਈ ਨੂੰ ਐੱਡਬੈਸਟਨ ਨੇ ਗਰਾਊਂਡ ਵਿਖੇ ਖੇਡੇ ਜਾਣਗੇ। ਫਾਈਨਲ ਮੁਕਾਬਲਾ 14 ਜੁਲਾਈ ਨੂੰ ਲਾਰਡਸ ਦੇ ਗਰਾਊਂਡ ਵਿਖੇ ਖੇਡਿਆ ਜਾਏਗਾ।
ਮੇਜ਼ਬਾਨ ਇੰਗਲੈਂਡ ਵਰਲਡ ਕੱਪ ਦਾ ਉਦਘਾਟਨ ਮੈਚ 30 ਮਈ ਨੂੰ ਦਿ ਓਵਲ ਦੇ ਗਰਾਊਂਡ ਵਿਖੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਖੇਡੇਗਾ। ਨਿਊਜ਼ੀਲੈਂਡ ਆਪਣੇ ਮੈਚਾਂ ਦੀ ਸ਼ੁਰੂਆਤ 1 ਜੂਨ ਤੋਂ ਸ੍ਰੀਲੰਕਾ ਨਾਲ ਕਾਰਡਿਫ ਦੇ ਗਰਾਊਂਡ ਤੋਂ ਕਰੇਗਾ ਜਦੋਂ ਕਿ 1983 ਅਤੇ 2011 ਦੀ ਚੈਂਪੀਅਨ ਭਾਰਤ ਆਪਣਾ ਪਹਿਲਾ ਮੈਚ 5 ਜੂਨ ਤੋਂ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਸਾਉਥੰਪਟਨ ਦੇ ਗਰਾਊਂਡ ਵਿੱਚ ਖੇਡ ਕੇ ਕਰੇਗਾ। ਸਾਲ 2013 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫ਼ੀ ਆਪਣੇ ਨਾਮ ਕਰ ਚੁੱਕਾ ਭਾਰਤ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਦੇ ਖ਼ਿਲਾਫ਼ 16 ਜੂਨ ਨੂੰ ਮੈਨਚੈਸਟਰ ਵਿਖੇ ਅਤੇ ਨਿਊਜ਼ੀਲੈਂਡ ਆਪਣੇ ਰਵਾਇਤੀ ਵਿਰੋਧੀ ਆਸਟਰੇਲੀਆ ਨਾਲ 29 ਜੂਨ ਨੂੰ ਲਾਰਡਸ ਦੇ ਗਰਾਊਂਡ ਵਿਖੇ ਖੇਡੇਗਾ।
ਮੌਜੂਦਾ ਚੈਂਪੀਅਨ ਆਸਟਰੇਲੀਆ ਦਾ ਪਹਿਲਾ ਮੁਕਾਬਲਾ 1 ਜੂਨ ਨੂੰ ਕੁਆਲਿਫਾਇਰ ਚੈਂਪੀਅਨ ਅਫ਼ਗਾਨਿਸਤਾਨ ਦੇ ਨਾਲ ਹੋਏਗਾ। ਮੌਜੂਦਾ ਆਈਸੀਸੀ ਚੈਂਪੀਅਨਜ਼ ਟਰਾਫ਼ੀ ਜੇਤੂ ਅਤੇ ਸਾਬਕਾ ਚੈਂਪੀਅਨ ਪਾਕਿਸਤਾਨ ਆਪਣੇ ਮੈਚਾਂ ਦੀ ਸ਼ੁਰੂਆਤ 2 ਵਾਰ ਦੀ ਸਾਬਕਾ ਚੈਂਪੀਅਨ ਟੀਮ ਵੈਸਟ ਇੰਡੀਜ਼ ਦੇ ਖ਼ਿਲਾਫ਼ ਕਰੇਗਾ। ਵੈਸਟ ਇੰਡੀਜ਼ ਟੀਮ ਮੌਜੂਦਾ ਆਈਸੀਸੀ ਵਰਲਡ ਕੱਪ ਟੀ-20 ਚੈਂਪੀਅਨ ਹੈ ਅਤੇ ਉਸ ਦਾ ਪਾਕਿਸਤਾਨ ਦੇ ਖ਼ਿਲਾਫ਼ ਮੈਚ 31 ਮਈ ਨੂੰ ਟਰੇਂਟ ਬ੍ਰਿਜ ਵਿਖੇ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਆਈਸੀਸੀ ਚੈਂਪੀਅਨਜ਼ ਟਰਾਫ਼ੀ 2017 ਦੇ ਫਾਈਨਲ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਹਾਰ ਝੱਲਣ ਦੇ 2 ਸਾਲ ਬਾਅਦ ਭਾਰਤ ਦੇ ਕੋਲ ਬਦਲਾ ਚੁਕਉਣ ਦਾ ਚੰਗਾ ਮੌਕਾ ਰਹੇਗਾ ਜਦੋਂ ਦੋਵੇਂ ਰਵਾਇਤੀ ਵਿਰੋਧੀ 16 ਜੂਨ ਨੂੰ ਆਹਮਣੇ-ਸਾਹਮਣੇ ਹੋਣਗੇ। ਸਾਲ 2015 ਦੀ ਸੈਮੀ ਫਾਈਨਲਿਸਟ ਭਾਰਤੀ ਟੀਮ ਤੋਂ ਇਸ ਵਾਰ ਕ੍ਰਿਕਟ ਪ੍ਰੇਮੀਆਂ ਨੂੰ ਕਾਫ਼ੀ ਉਮੀਦਾਂ ਰਹਿਣਗੀਆਂ, ਜਦੋਂ ਵਿਰਾਟ ਕੋਹਲੀ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ।
Cricket ਆਈਸੀਸੀ ਵਰਲਡ ਕੱਪ 2019′ ਦੇ ਮੈਚਾਂ ਦਾ ਵੇਰਵਾ ਜਾਰੀ