ਆਕਲੈਂਡ ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇ ਗੰਢ ਮਨਾਈ ਗਈ


ਭਾਰਤੀ ਮੂਲ ਦੀ ਪਹਿਲੀ ਮਹਿਲਾ ਮੰਤਰੀ ਪ੍ਰਿਅੰਕਾ ਰਾਧਾਕ੍ਰਿਸ਼ਨ ਨੂੰ ‘ਪ੍ਰਵਾਸੀ ਭਾਰਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ
ਆਕਲੈਂਡ, 16 ਅਗਸਤ –
ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇ ਗੰਢ ਮੌਕੇ 15 ਅਗਸਤ ਦਿਨ ਐਤਵਾਰ ਨੂੰ ਮਹਾਤਮਾ ਗਾਂਧੀ ਸੈਂਟਰ ਵਿਖੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸ਼ੀ ਨੇ ਭਾਰਤੀ ਤਿਰੰਗਾ ਝੰਡਾ ਫਹਿਰਾਇਆ ਤੇ ਰਾਸ਼ਟਰੀ ਗੀਤ ਗਾਇਆ ਗਿਆ। ਉਸ ਤੋਂ ਬਾਅਦ ਆਪਣੇ ਸੰਬੋਧਨ ‘ਚ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸ਼ੀ ਨੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75ਵੇਂ ਸਵਤੰਤਰਤਾ ਦਿਵਸ ਪੂਰੇ ਹੋਣ ਦੇ ਸੰਬੰਧ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨਿਊਜ਼ੀਲੈਂਡ ਵਿੱਚ ਸਾਲ ਭਰ ਮਨਾਇਆ ਜਾਏਗਾ ਅਤੇ ਉਨ੍ਹਾਂ ਆਕਲੈਂਡ ਦੇ ਮੇਅਰ ਸ੍ਰੀ ਫਿੱਲ ਗੌਫ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਲਗਾਉਣ ਲਈ ਯੋਗ ਸਥਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਭਾਰਤ ਦੇ ਰਾਸ਼ਟਰਪਤੀ ਦੇ ਭਾਸ਼ਣ ਦੇ ਅੰਸ਼ ਵੀ ਪੜ੍ਹੇ।
ਇਸ ਮੌਕੇ ਨਿਊਜ਼ੀਲੈਂਡ ‘ਚ ਪਹਿਲੀ ਭਾਰਤੀ ਮੂਲ ਦੀ ਮਹਿਲਾ ਮੰਤਰੀ ਪ੍ਰਿਅੰਕਾ ਰਾਧਾਕ੍ਰਿਸ਼ਨ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਭੇਜਿਆ ‘ਪ੍ਰਵਾਸੀ ਭਾਰਤੀ ਪੁਰਸਕਾਰ’ ਭੇਟ ਕੀਤਾ ਗਿਆ। ਜਿਸ ਵਿੱਚ ਇੱਕ ਤਗਮਾ ਅਤੇ ਸਨਮਾਨ ਪੱਤਰ ਸ਼ਾਮਿਲ ਸੀ। ਆਜ਼ਾਦੀ ਦੇ ਸਮਾਗਮ ਦੌਰਾਨ ਰੰਗਾ-ਰੰਗ ਪ੍ਰੋਗਰਾਮ ਦੇ ਵਿੱਚ ਦੇਸ਼ ਭਗਤੀ ਦੇ ਗੀਤ, ਲੋਕ ਨਾਚ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਆਕਲੈਂਡ ਦੇ ਮੇਅਰ ਸ੍ਰੀ ਫਿੱਲ ਗੌਫ, ਮੰਤਰੀ ਸ੍ਰੀ ਮਾਈਕਲ ਵੁੱਡ, ਨੈਸ਼ਨਲ ਐਮਪੀ ਮਲੀਸਾ ਲੀ, ਸਾਬਕਾ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ, ਆਨਰੇਰੀ ਕੌਂਸਲ ਸ੍ਰੀ ਭਵ ਢਿੱਲੋਂ ਅਤੇ ਹੋਰ ਸ਼ਖ਼ਸੀਅਤਾਂ ਦੇ ਨਾਲ ਭਾਰਤੀ ਭਾਈਚਾਰੇ ਦੇ ਲੋਕ ਹਾਜ਼ਰ ਸਨ।