ਨਾਰੀ ਅਬਲਾ ਨਹੀਂ…ਅੱਵਲ ਹੈ
ਆਕਲੈਂਡ, 8 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) – ਕਦੇ ਸਮਾਂ ਹੁੰਦਾ ਸੀ ਇਸਤਰੀ ਨੂੰ ਕਮਜ਼ੋਰ ਅਤੇ ‘ਅਬਲਾ’ ਕਹਿ ਕੇ ਉਸ ਦੇ ਤੇਜ਼-ਤਰਾਰ ਦਿਮਾਗ਼ ਨੂੰ ਅੱਗੇ ਵਧਣ ਤੋਂ ਰੋਕਿਆ ਜਾਂਦਾ ਸੀ ਤੇ ਉਸ ਉੱਤੇ ਫ਼ੈਸਲੇ ਲਾਗੂ ਕਰ ਦਿੱਤੇ ਜਾਂਦੇ ਸਨ। ਪਰ ਅੱਜ ਸਮਾਂ ਬਦਲਿਆ ਹੋਇਆ ਹੈ। ਜਿੱਥੇ ਇਸਤਰੀਆਂ ਨੇ ਅੱਜ ਹਰ ਖੇਤਰ ਦੇ ‘ਚ ਤਰੱਕੀ ਕਰਕੇ ਨਵੇਂ ਰਾਹ ਵਿਕਸਤ ਕਰ ਦਿੱਤੇ ਹਨ ਉੱਥੇ ਵਕਾਲਤ ਵਰਗੇ ਪੇਸ਼ੇ ਨੂੰ ਸਫਲਤਾ ਨਾਲ ਕਰਦਿਆਂ ਅਦਾਲਤੀ ਫ਼ੈਸਲਿਆਂ ਦੀ ਅਜਿਹੀ ਗਵਾਹ ਬਣ ਰਹੀਆਂ ਹਨ ਕਿ ਸਦੀਆਂ ਤੱਕ ਉਨ੍ਹਾਂ ਦੀ ਉਦਾਹਰਣ ਕਾਇਮ ਰਹੇਗੀ। ਗੱਲ ਕਰਦੇ ਹਾਂ ਨਿਊਜ਼ੀਲੈਂਡ ਦੇ ਵਿੱਚ ਇਸਤਰੀਆਂ ਦੇ ਵਕਾਲਤੀ ਪੇਸ਼ੇ ਦੀ। ਭਾਰਤੀਆਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਭਾਰਤੀ ਮਹਿਲਾਵਾਂ ਦੀ ਗਿਣਤੀ ਵੀ ਇਸ ਖੇਤਰ ਵਿੱਚ ਲਗਾਤਾਰ ਵਧ ਰਹੀ ਹੈ। ਪਿਛਲੇ ਦਿਨੀਂ ‘ਆਕਲੈਂਡ ਵੁਮੈਨ ਲੋਇਅਰਜ਼ ਐਸੋਸੀਏਸ਼ਨ’ ਵੱਲੋਂ ਇਕ ਸਮਾਗਮ ਹੋਇਆ ਜਿਸ ਦੇ ਵਿੱਚ ਇਸ ਗੱਲ ਉੱਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਨਵੀਆਂ ਕੁੜੀਆਂ ਇਸ ਖੇਤਰ ਦੇ ਵਿੱਚ ਕਾਫੀ ਆ ਰਹੀਆਂ ਹਨ ਅਤੇ ਇਸ ਸੰਸਥਾ ਦੇ ਨਾਲ ਜੁੜ ਰਹੀਆਂ ਹਨ। ਸੰਖੇਪ ਵਿੱਚ ਇਸ ਸੰਸਥਾ ਨੂੰ ‘ਅਵੱਲਾ’ ਨਾਂਅ ਦੇ ਜਾਣਿਆ ਜਾਂਦਾ ਹੈ, ਇਹ ਸੰਸਥਾ ਵਕਾਲਤ ਕਰਨ ਦੇ ਵਿੱਚ ਕੁੜੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਦੀ ਹੈ ਤੇ ਹੱਲ ਕਰਦੀ ਹੈ ਤਾਂ ਕਿ ਉਹ ਪੜ੍ਹਾਈ ਕਰਕੇ ਸਾਲੀਸਿਟਰ, ਬੈਰਿਸਟਰ ਜਾਂ ਜੱਜ ਦੇ ਅਹੁਦੇ ਤੱਕ ਪਹੁੰਚ ਸਕਣ। ਇਸ ਸੰਸਥਾ ਨੂੰ ‘ਆਕਲੈਂਡ ਡਿਸਟ੍ਰਿਕਟ ਲਾਅ ਸੁਸਾਇਟੀ’, ‘ਨਿਊਜ਼ੀਲੈਂਡ ਲਾਅ ਸੁਸਾਇਟੀ’, ‘ਦਾ ਨਿਊਜ਼ੀਲੈਂਡ ਬਾਰ ਐਸੋਸੀਏਸ਼ਨ’, ‘ਦਾ ਨਿਊਜ਼ੀਲੈਂਡ ਐਸੋਸੀਏਸ਼ਨ ਆਫ਼ ਵੁਮੈਨ ਜੱਜਸ’ ਸਮੇਤ ਕਈ ਲਾਅ ਫ਼ਰਮਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।
ਭਾਰਤੀ ਮੂਲ ਦੀ ਕੁੜੀ ਅੰਜੀਤ ਸਿੰਘ ਜੋ ਕਿ ਸੀਨੀਅਰ ਕ੍ਰਿਮੀਨਲ ਡਿਫੈਂਸ ਲੌਇਰ ਹਨ ਨੇ ਗੱਲਬਾਤ ਕਰਦੇ ਦੱਸਿਆ ਕਿ ਵਕੀਲ ਮਹਿਲਾਵਾਂ ਦੀ ਇਸ ਸੰਸਥਾ ਦੇ ਵਿੱਚ ਭਾਰਤੀ ਮਹਿਲਾਵਾਂ ਦੀ ਖ਼ਾਸ ਭੂਮਿਕਾ ਬਣ ਰਹੀ ਹੈ, ਜੋ ਕਿ ਭਾਰਤੀ ਭਾਈਚਾਰੇ ਲਈ ਬਹੁਤ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ। ਵਰਨਣਯੋਗ ਹੈ ਕਿ ਭਾਰਤੀ ਮੂਲ ਦੀ ਇਸ ਕੁੜੀ ਦਾ ਪਰਿਵਾਰ ਵੀ ਅਦਾਲਤੀ ਖੇਤਰ ਨਾਲ ਸਬੰਧਿਤ ਹੈ ਅਤੇ ਇਸ ਨੇ ਕਾਮਰਸ ਅਤੇ ਲਾਅ (ਆਨਰਜ਼) ਦੇ ਵਿੱਚ ਯੂਨੀਵਰਸਿਟੀ ਆਫ਼ ਆਕਲੈਂਡ ਤੋਂ ਡਿਗਰੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇਸ ਸੰਸਥਾ ਦੇ ਵਿੱਚ ਅਨੁਸ਼ਕਾ ਬਲੋਇਮ, ਖ਼ੁਸ਼ਬੂ ਸੁੰਦਰਜੀ, ਮੇਨਕਾ ਕੁਮਾਰ ਅਤੇ ਹੀਨਾ ਘੇੜਾ ਵੀ ਸ਼ਾਮਿਲ ਹਨ। ਔਰਤ-ਮਰਦ ਦੇ ਮਿਹਨਤਾਨਾ ਫ਼ਰਕ ਨੂੰ ਲੈ ਕੇ ਵੀ ਇਹ ਸੰਸਥਾ ਲਗਾਤਾਰ ਆਪਣੇ ਬਰਾਬਰ ਹੱਕਾਂ ਦੀ ਵਕਾਲਤ ਕਰਦੀ ਹੈ। ਇਹ ਸੰਸਥਾ ਕਈ ਪ੍ਰਕਾਰ ਦੇ ਪੈਨਲ ਚਰਚਾਵਾਂ ਵੀ ਕਰਦੀ ਹੈ, ਲੈਕਚਰ ਸੈਸ਼ਨ ਕਰਦੀ ਹੈ ਅਤੇ ਕਾਨੂੰਨੀ ਵਿਸ਼ੇ ਉੱਤੇ ਸੈਮੀਨਾਰ ਆਦਿ ਕਰਦੀ ਹੈ। ਇਸ ਵੇਲੇ ਵਕੀਲ ਮਹਿਲਾਵਾਂ ਦੀ ਇਸ ਸੰਸਥਾ ਦੀ ਪ੍ਰਧਾਨ ਅਨੁਸ਼ਕਾ ਬਲੋਇਮ ਹੈ।
ਨਾਰੀ ‘ਅਬਲਾ’ ਨਹੀਂ ਸਗੋਂ ਅੱਵਲ ਹੈ ਨੂੰ ਬਰਕਰਾਰ ਰੱਖ ਰਹੀਆਂ ਅਤੇ ਵਕਾਲਤ ਦੇ ਖੇਤਰ ਵਿੱਚ ਆ ਰਹੀਆਂ ਇਨ੍ਹਾਂ ਭਾਰਤੀ ਮਹਿਲਾਵਾਂ ਦੇ ਲਈ ਸ਼ੁੱਭ ਕਾਮਨਾਵਾਂ!
Home Page ‘ਆਕਲੈਂਡ ਵੁਮੈਨ ਲੋਇਅਰਜ਼ ਐਸੋਸੀਏਸ਼ਨ’ ਦੇ ਵਿਚ ਭਾਰਤੀ ਮਹਿਲਾਵਾਂ ਦੀ ਹੈ ਖ਼ਾਸ ਭੂਮਿਕਾ...