ਚੰਡੀਗੜ੍ਹ, 14 ਜਨਵਰੀ – ਮਾਸਿਕ ਆਤਮ ਰੰਗ ਦੇ ਸੰਪਾਦਕ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਦੇ ਟਰੱਸਟੀ ਭਾਈ ਸਤਨਾਮ ਸਿੰਘ ਜੀ ਸੰਖੇਪ ਬਿਮਾਰੀ ਦੇ ਬਾਅਦ 82 ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ। ਆਪ ਅਖੰਡ ਕੀਰਤਨੀ ਜਥਾ ਚੰਡੀਗੜ੍ਹ ਦੇ ਮੁੱਖ ਸੇਵਾਦਾਰ ਸਨ। ਉਨ੍ਹਾਂ ਦੇ ਵਿਛੋੜੇ ਦੀ ਖ਼ਬਰ ਜੰਗਲ ਦੀ
ਅੱਗ ਵਾਂਗ ਫੈਲ ਗਈ, ਜਿਸ ਨਾਲ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸੰਗੀ ਸਾਥੀ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਹਿਤ ਪੁੱਜ ਗਏ। 13 ਜਨਵਰੀ ਦਿਨ ਬੁੱਧਵਾਰ ਦੇ 2 ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿੱਚ ਸਿੱਖ ਰਵਾਇਤਾਂ ਅਨੁਸਾਰ ਕਰ ਦਿੱਤਾ ਗਿਆ। ਸ਼ਮਸ਼ਾਨ ਘਾਟ ਵਿੱਚ ਵੈਰਾਗਮਈ ਕੀਰਤਨ ਰੂਪੀ ਸ਼ਰਧਾਂਜਲੀ ਭਾਈ ਨਿਰਵੈਰ ਸਿੰਘ ਜੀ ਜ਼ੀਰਕਪੁਰ ਤੇ ਭਾਈ ਕੁਲਵੰਤ ਸਿੰਘ ਜੀ ਕਾਕੀ (ਜਲੰਧਰ) ਨੇ ਅੰਤਿਮ ਅਰਦਾਸ ਰਾਹ ਦਿੱਤੀ।
ਭਾਈ ਸਤਨਾਮ ਸਿੰਘ ਨੇ ਲੰਮਾ ਸਮਾਂ ਪੰਜਾਬ ਦੇ ਖੇਤੀ ਬਾੜੀ ਵਿਭਾਗ, ਚੰਡੀਗੜ੍ਹ ਵਿੱਚ ਬਤੌਰ ਏ ਸਹਾਇਕ, ਫਿਰ ਸੁਪਰਡੈਂਟ, ਫਿਰ ਪ੍ਰਬੰਧਕੀ ਅਫ਼ਸਰ ਤੇ 31 ਮਾਰਚ 1997 ਨੂੰ ਸੇਵਾ ਮੁਕਤੀ ਸਮੇਂ ਸਪੈਸ਼ਲ ਸੈਕਟਰੀ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਆਪ ਲੰਮਾ ਸਮਾਂ ਆਤਮ ਰੰਗ ਦੇ ਮੈਨੇਜਰ ਦੀ ਸੇਵਾ ਕੀਤੀ। ਜਦੋਂ ਆਤਮ ਰੰਗ ਦੇ ਸੰਪਾਦਕ ਪ੍ਰਿੰਸੀਪਲ ਗੁਰਮੁਖ ਸਿੰਘ ਕੁੱਝ ਸਾਲ ਪਹਿਲਾਂ ਆਤਮ ਰੰਗ ਦੀ ਸੇਵਾ ਤੋਂ ਮੁਕਤ ਹੋਏ ਤਦ ਤੋਂ ਆਪ ਜੀ ਇਸ ਦੀ ਨਿਰੰਤਰ ਸੰਪਾਦਨਾ ਦੀ ਸੇਵਾ ਕਰ ਰਹੇ ਸਨ। ਆਪ ਆਪਣੇ ਪਿੱਛੇ ਧਰਮ-ਪਤਨੀ ਬੀਬੀ ਕੁਲਵੰਤ ਕੌਰ, ਪੁੱਤਰ ਮਨਪ੍ਰੀਤ ਸਿੰਘ ਤੇ ਪੁੱਤਰੀ ਮਨਿੰਦਰ ਕੌਰ ਤੇ ਹੱਸਦਾ ਵੱਸਦਾ ਪਰਵਾਰ ਛੱਡ ਗਏ ਹਨ।
ਉਨ੍ਹਾਂ ਦੇ ਵਿਛੋੜੇ ‘ਤੇ ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਬਾਨੀ ਸ. ਜੈਤੇਗ ਸਿੰਘ ਅਨੰਤ ਨੇ ਬੜੇ ਦੁਖੀ ਹਿਰਦੇ ਨਾਲ ਪਿਛਲੀ ਅੱਧੀ ਸਦੀ ਦੀ ਦੇਣ ਤੇ ਉਨ੍ਹਾਂ ਦੇ ਪੰਥਕ ਜਜ਼ਬੇ ਦੀ ਸ਼ਲਾਘਾ ਕੀਤੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਟਰੱਸਟ ਯੂਕੇ ਦੇ ਮੋਢੀ ਭਾਈ ਜੁਝਾਰ ਸਿੰਘ ਨੇ ਭਾਈ ਸਤਨਾਮ ਸਿੰਘ ਦੇ ਵਿਛੋੜੇ ‘ਤੇ ਦੱਸਿਆ ਕਿ ਭਾਈ ਸਤਨਾਮ ਸਿੰਘ ਇਕ ਸਮਰਪਿਤ ਭਾਵਨਾ ਵਾਲੇ ਗੁਰਸਿੱਖ ਸਨ। ਉਨ੍ਹਾਂ ਦਾ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਅਮਰੀਕਾ ਤੋਂ ਭਾਈ ਤਾਰਾ ਸਿੰਘ ਕੈਲੀਫੋਰਨੀਆ, ਭਾਈ ਗੁਰਪ੍ਰੀਤ ਸਿੰਘ ਨਿਊ ਜਰਸੀ, ਇੰਗਲੈਂਡ ਤੋਂ ਭਾਈ ਭੁਪਿੰਦਰ ਸਿੰਘ ਬੇਦੀ, ਭਾਈ ਤਰਲੋਚਨ ਸਿੰਘ, ਭਾਈ ਜਸਬੀਰ ਸਿੰਘ, ਕੈਨੇਡਾ ਤੋਂ ਭਾਈ ਗੁਰਮੀਤ ਸਿੰਘ ਬੌਬੀ, ਪੰਜਾਬ ਤੋਂ ਭਾਈ ਆਰ ਪੀ ਸਿੰਘ ਮੁਹਾਲੀ, ਭਾਈ ਸੁਰਿੰਦਰ ਸਿੰਘ ਮੋਹਾਲੀ, ਸ. ਗੁਰਦੀਪ ਸਿੰਘ ਅੰਮ੍ਰਿਤਸਰ, ਡਾ. ਸਰਬਜੋਤ ਕੌਰ ਲੁਧਿਆਣਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
Home Page ਆਤਮ ਰੰਗ ਦੇ ਸੰਪਾਦਕ ਭਾਈ ਸਤਨਾਮ ਸਿੰਘ ਨਹੀਂ ਰਹੇ