ਖਹਿਰਾ ਵੱਲੋਂ ਪਾਰਟੀ ਚੀਫ਼ ਵ੍ਹਿਪ ਤੇ ਬੁਲਾਰੇ ਤੋਂ ਅਸਤੀਫ਼ਾ, ਸਾਬਕਾ ਕਨਵੀਨਰ ਬੜੈਚ ਨਰਾਜ਼
ਨਵੀਂ ਦਿੱਲੀ, 8 ਮਈ – ਇੱਥੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੀਏਸੀ ਦੀ ਹੋਈ ਮੀਟਿੰਗ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਪ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ।
ਇਹ ਹੀ ਨਹੀਂ ਪਾਰਟੀ ਨੇ ਪੰਜਾਬ ਲਈ ਸਿਆਸੀ ਮਾਮਲਿਆਂ ਬਾਰੇ ਵੱਖਰੀ ਕਮੇਟੀ (ਪੀਏਸੀ) ਬਣਾਉਣ ਦਾ ਵੀ ਫੈਸਲਾ ਕੀਤਾ ਤਾਂ ਕਿ ਸੂਬਾਈ ਇਕਾਈ ਆਜ਼ਾਦਾਨਾ ਫ਼ੈਸਲੇ ਲੈ ਸਕੇ।
ਸ੍ਰੀ ਮਾਨ ਨੂੰ ਪੰਜਾਬ ਦਾ ਕਨਵੀਨਰ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸਹਿ-ਕਨਵੀਨਰ ਚੁਣਿਆ ਗਿਆ। ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਵਿਧਾਨ ਸਭਾ ਵਿੱਚ ਪਾਰਟੀ ਵਿਧਾਇਕ ਦਲ ਦਾ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ।
ਕਮੇਟੀ ਨੇ ਪੰਜਾਬ ਵਿੱਚ ਚਾਰ ਮੀਤ ਪ੍ਰਧਾਨਾਂ ਦੀ ਨਿਯੁਕਤੀ ਦਾ ਵੀ ਫ਼ੈਸਲਾ ਕੀਤਾ। ਇਨ੍ਹਾਂ ਵਿੱਚੋਂ ਦੋ ਮਾਲਵਾ ਖਿੱਤੇ ਅਤੇ ਇੱਕ ਇੱਕ ਦੋਆਬਾ ਤੇ ਮਾਝਾ ਖਿੱਤੇ ਵਿੱਚ ਬਣਾਏ ਜਾਣਗੇ। ਪਾਰਟੀ ਬੁਲਾਰੇ ਨੇ ਕਿਹਾ ਕਿ ਭਗਵੰਤ ਮਾਨ ਸੂਬਾਈ ਕਨਵੀਨਰ ਦੀ ਹੈਸੀਅਤ ਵਿੱਚ ਪਾਰਟੀ ਦੇ ਸਾਰੇ ਮਾਮਲਿਆਂ ਲਈ ਜ਼ਿੰਮੇਵਾਰ ਹੋਣਗੇ, ਜਦੋਂ ਕਿ ਅਮਨ ਅਰੋੜਾ ਖ਼ਾਸ ਤੌਰ ‘ਤੇ ਸੂਬੇ ਵਿੱਚ ਪਾਰਟੀ ਢਾਂਚਾ ਵਿਕਸਤ ਕਰਨ ਉੱਤੇ ਕੰਮ ਕਰਨਗੇ।
ਖਹਿਰਾ ਵੱਲੋਂ ਚੀਫ਼ ਵ੍ਹਿਪ ਤੇ ਪਾਰਟੀ ਤਰਜਮਾਨ ਵਜੋਂ ਅਸਤੀਫ਼ਾ
ਚੰਡੀਗੜ੍ਹ – ਨਵੀਂ ਦਿੱਲੀ ਵਿਖੇ 8 ਮਈ ਨੂੰ ਪੀਏਸੀ ਦੀ ਮੀਟਿੰਗ ਦੌਰਾਨ ਭਗਵੰਤ ਮਾਨ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਥਾਪੇ ਜਾਣ ਤੋਂ ਖ਼ਫ਼ਾ ‘ਆਪ’ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਚੀਫ਼ ਵ੍ਹਿਪ ਤੇ ਪਾਰਟੀ ਬੁਲਾਰੇ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਜਿੱਥੇ ਖਹਿਰਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਪਾਰਟੀ ਕੋਲ ਆਪਣੀ ਨਾਰਾਜ਼ਗੀ ਜਤਾ ਦਿੱਤੀ ਹੈ ਉੱਥੇ ਹੀ ਪਾਰਟੀ ਦੇ ਸਾਬਕਾ ਹੋਏ ਕਨਵੀਨਰ ਗੁਰਪ੍ਰੀਤ ਸਿੰਘ ਬੜੈਚ (ਘੁੱਗੀ) ਵੀ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਨ ਸੌਂਪਣ ਤੋਂ ਕਾਫ਼ੀ ਨਾਰਾਜ਼ ਦੱਸੇ ਜਾ ਰਹੇ ਹਨ।
Home Page ‘ਆਪ’ ਨੇ ਭਗਵੰਤ ਮਾਨ ਥਾਪੇ ਪੰਜਾਬ ਇਕਾਈ ਦੇ ਪ੍ਰਧਾਨ