ਆਬਕਾਰੀ ਨੀਤੀ ਕੇਸ: ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਗ੍ਰਿਫ਼ਤਾਰ ਕੀਤਾ

ਨਵੀਂ ਦਿੱਲੀ, 26 ਫਰਵਰੀ – ਅੱਜ ਸੀਬੀਆਈ ਨੇ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ’ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਕਰੀਬ ਅੱਠ ਘੰਟਿਆਂ ਤੱਕ ਚੱਲੀ ਪੁੱਛ-ਪੜਤਾਲ ਦੌਰਾਨ ਸਿਸੋਦੀਆ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਆ ਰਹੇ ਸਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਕੁਝ ਜਵਾਬ ਤਸੱਲੀਬਖ਼ਸ਼ ਨਹੀਂ ਸਨ। ਸਿਸੋਦੀਆ ਅੱਜ ਸਵੇਰੇ ਕਰੀਬ 11.12 ਵਜੇ ਇਥੇ ਸੀਬੀਆਈ ਹੈੱਡਕੁਆਰਟਰ ’ਤੇ ਪਹੁੰਚੇ ਸਨ। ਸੀਬੀਆਈ ਦਫ਼ਤਰ ਦੇ ਬਾਹਰ ਬੈਰੀਕੇਡ ਲਗਾ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲੀਸ ਨੂੰ ਖ਼ਦਸ਼ਾ ਸੀ ਕਿ ‘ਆਪ’ ਵਰਕਰ ਹੰਗਾਮਾ ਕਰ ਸਕਦੇ ਹਨ।
ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਅਧਿਕਾਰੀਆਂ ਨੇ ਆਬਕਾਰੀ ਨੀਤੀ ਦੇ ਵੱਖ ਵੱਖ ਪਹਿਲੂਆਂ, ਉਨ੍ਹਾਂ ਦੇ ਦਿਨੇਸ਼ ਅਰੋੜਾ ਤੇ ਹੋਰ ਮੁਲਜ਼ਮਾਂ ਨਾਲ ਸਬੰਧਾਂ ਅਤੇ ਫੋਨਾਂ ’ਤੇ ਸੁਨੇਹਿਆਂ ਦੇ ਆਦਾਨ-ਪ੍ਰਦਾਨ ਦੇ ਵੇਰਵਿਆਂ ਬਾਰੇ ਸਵਾਲ ਪੁੱਛੇ ਸਨ। ਸੀਬੀਆਈ ਜਾਂਚਕਾਰ ਸਿਸੋਦੀਆ ਵੱਲੋਂ ਦਿੱਤੇ ਗਏ ਜਵਾਬਾਂ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਕਿਹਾ ਕਿ ਸਿਸੋਦੀਆ ਜਾਂਚ ’ਚ ਸਹਿਯੋਗ ਨਹੀਂ ਕਰ ਰਹੇ ਸਨ ਅਤੇ ਅਹਿਮ ਨੁਕਤਿਆਂ ’ਤੇ ਸਫ਼ਾਈ ਦੇਣ ਤੋਂ ਗੁਰੇਜ਼ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸੀਬੀਆਈ ਦਫ਼ਤਰ ਪਹੁੰਚਣ ਤੋਂ ਪਹਿਲਾਂ ਸਿਸੋਦੀਆ ਨੇ ਖ਼ਦਸ਼ਾ ਜਤਾਇਆ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪੁੱਛ-ਪੜਤਾਲ ਲਈ ਸੀਬੀਆਈ ਅੱਗੇ ਪੇਸ਼ ਹੋਣ ਤੋਂ ਪਹਿਲਾਂ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ‘ਝੂਠੇ ਦੋਸ਼ਾਂ’ ਦੇ ਮਾਮਲੇ ’ਚ ਜੇਲ੍ਹ ਜਾਣ ਤੋਂ ਨਹੀਂ ਡਰਦੇ ਹਨ। ‘ਜਦੋਂ ਮੈਂ ਪੱਤਰਕਾਰ ਵਜੋਂ ਆਪਣੀ ਨੌਕਰੀ ਛੱਡੀ ਸੀ ਤਾਂ ਮੇਰੀ ਪਤਨੀ ਨੇ ਮੈਨੂੰ ਹਮਾਇਤ ਦਿੱਤੀ ਸੀ ਅਤੇ ਅੱਜ ਵੀ ਮੇਰਾ ਪਰਿਵਾਰ ਨਾਲ ਖੜ੍ਹਾ ਹੈ। ਜੇਕਰ ਮੈਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਮੇਰੇ ਵਰਕਰ ਪਰਿਵਾਰ ਦਾ ਧਿਆਨ ਰਖਣਗੇ।’ ਜਾਂਚ ’ਚ ਪੂਰਾ ਸਹਿਯੋਗ ਦੇਣ ਦੀ ਗੱਲ ਆਖਦਿਆਂ ਸਿਸੋਦੀਆ ਨੇ ਕਿਹਾ ਕਿ ਲੱਖਾਂ ਬੱਚਿਆਂ ਅਤੇ ਕਰੋੜਾਂ ਦੇਸ਼ਵਾਸੀਆਂ ਦਾ ਪਿਆਰ ਉਨ੍ਹਾਂ ਨਾਲ ਹੈ। ‘ਜੇਕਰ ਮੈਨੂੰ ਕੁਝ ਮਹੀਨਿਆਂ ਲਈ ਜੇਲ੍ਹ ਜਾਣਾ ਵੀ ਪਿਆ ਤਾਂ ਮੈਂ ਇਸ ਦੀ ਪ੍ਰਵਾਹ ਨਹੀਂ ਕਰਦਾ। ਅਸੀਂ ਭਗਤ ਸਿੰਘ ਦੇ ਪੈਰੋਕਾਰ ਹਾਂ। ਭਗਤ ਸਿੰਘ ਦੇਸ਼ ਲਈ ਸ਼ਹੀਦ ਹੋਏ ਸਨ। ਜੇਕਰ ਝੂਠੇ ਦੋਸ਼ਾਂ ਲਈ ਮੈਨੂੰ ਜੇਲ੍ਹ ਜਾਣਾ ਪਵੇਗਾ ਤਾਂ ਇਹ ਬਹੁਤ ਛੋਟੀ ਗੱਲ ਹੈ।’ ਸਿਸੋਦੀਆ ਰਾਜ ਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਮਗਰੋਂ ਸੀਬੀਆਈ ਦਫ਼ਤਰ ਪਹੁੰਚੇ। ਦਿੱਲੀ ਦੇ ਉਪ ਮੁੱਖ ਮੰਤਰੀ, ਜਿਨ੍ਹਾਂ ਕੋਲ ਵਿੱਤ ਵਿਭਾਗ ਦਾ ਅਹੁਦਾ ਵੀ ਹੈ, ਨੂੰ ਸੀਬੀਆਈ ਨੇ ਪਿਛਲੇ ਐਤਵਾਰ ਤਲਬ ਕੀਤਾ ਸੀ ਪਰ ਬਜਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਇਹ ਤਰੀਕ ਅੱਗੇ ਪਾਉਣ ਦੀ ਅਪੀਲ ਕੀਤੀ ਸੀ। ਇਸ ਮਗਰੋਂ ਸੀਬੀਆਈ ਨੇ ਉਨ੍ਹਾਂ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਸੀਬੀਆਈ ਦੀ ਐੱਫਆਈਆਰ ’ਚ ਨੰਬਰ ਇਕ ਮੁਲਜ਼ਮ ‘ਆਪ’ ਆਗੂ ਤੋਂ ਪਿਛਲੇ ਸਾਲ 17 ਅਕਤੂਬਰ ਨੂੰ ਵੀ ਪੁੱਛ-ਪੜਤਾਲ ਕੀਤੀ ਗਈ ਸੀ। ਇਸ ਦੇ ਕਰੀਬ ਇਕ ਮਹੀਨੇ ਬਾਅਦ 25 ਨਵੰਬਰ ਨੂੰ ਏਜੰਸੀ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ। ਸੀਬੀਆਈ ਨੇ ਚਾਰਜਸ਼ੀਟ ’ਚ ਸਿਸੋਦੀਆ ਦਾ ਨਾਮ ਨਹੀਂ ਲਿਆ ਹੈ ਕਿਉਂਕਿ ਉਸ ਨੇ ਉਨ੍ਹਾਂ ਖ਼ਿਲਾਫ਼ ਹੋਰ ਸ਼ੱਕੀਆਂ ਤੇ ਮੁਲਜ਼ਮਾਂ ਖ਼ਿਲਾਫ਼ ਜਾਂਚ ਖੁੱਲ੍ਹੀ ਰੱਖੀ ਹੋਈ ਹੈ।