ਆਕਲੈਂਡ, 17 ਅਕਤੂਬਰ – ਦੇਸ਼ ਵਿੱਚ ਹੋਈ ਆਮ ਚੋਣਾਂ ਦੇ ਨਤੀਜਿਆਂ ਵਿੱਚ ਸੱਤਾਧਾਰੀ ਲੇਬਰ ਪਾਰਟੀ ਨੇ ਇਤਿਹਾਸ ਸਿਰਜਦੇ ਹੋਏ 120 ਸੰਸਦੀ ਸੀਟਾਂ ਵਿੱਚੋਂ 64 ਸੀਟਾਂ ਦੇ ਨਾਲ ਸਪਸ਼ਟ ਬਹੁਮਤ ਹਾਸਿਲ ਕਰ ਲਿਆ ਹੈ, ਉਸ ਦੇ ਨਾਲ ਹੀ 49% ਪਾਰਟੀ ਵੋਟ ਪ੍ਰਾਪਤ ਕੀਤੇ ਹਨ। ਹੁਣ ਲੇਬਰ ਪਾਰਟੀ ਬਿਨਾਂ ਕਿਸੇ ਸਪੋਰਟ ਦੇ 53ਵੀਂ ਲੋਕ ਸਭਾ ਲਈ ਸਰਕਾਰ ਬਣਾਉਣ ਜਾ ਰਹੀ ਹੈ।
ਲੇਬਰ ਲੀਡਰ ਜੈਸਿੰਡਾ ਆਰਡਰਨ ਨੂੰ ਵੋਟਰਾਂ ਨੇ ਸ਼ਾਨਦਾਰ ਜਿੱਤ ਦੇ ਕੇ ਸਨਮਾਨਿਤ ਕੀਤਾ ਹੈ ਅਤੇ ਸੱਤਾ ਦੀ ਵਾਗਡੋਰ ਮੁੜ ਉਸ ਦੇ ਹੱਥਾਂ ਵਿੱਚ ਦੇ ਕੇ ਮੁੱਖ ਵਿਰੋਧੀ ਨੈਸ਼ਨਲ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਿਆ ਹੈ।
ਲੇਬਰ ਪਾਰਟੀ ਦੇ ਕੋਲ ਲਗਭਗ 50% ਪਾਰਟੀ ਵੋਟਾਂ ਹਨ, ਜੋ ਸਭ ਤੋਂ ਵੱਧ ਕਿਸੇ ਵੀ ਪਾਰਟੀ ਨੇ ਐਮਐਮਪੀ ਦੇ ਤਹਿਤ ਪ੍ਰਾਪਤ ਕੀਤੇ ਹਨ ਅਤੇ ਕਿਸੇ ਹੋਰ ਪਾਰਟੀ ‘ਤੇ ਭਰੋਸਾ ਕੀਤੇ ਬਗੈਰ ਸ਼ਾਸਨ ਕਰ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਲੇਬਰ ਪਾਰਟੀ ਨੂੰ ਸੰਸਦੀ ਬਹੁਮਤ ਲਈ ਲੋੜੀਂਦੀਆਂ 61 ਸੀਟਾਂ ਤੋਂ ਵੱਧ ਪ੍ਰਾਪਤ ਹੋਈਆਂ ਹਨ।
ਹਾਲਾਂਕਿ ਨੈਸ਼ਨਲ ਪਾਰਟੀ ਲੀਡਰ ਜੂਡਿਥ ਕੌਲਿਨਜ਼ ਲਈ ਇਹ ਰਾਤ ਬੜੀ ਹੀ ਟੈਨਸ਼ਨ ਵਾਲੀ ਰਹੀ ਅਤੇ ਜੂਡਿਥ ਦੀ ਅਗਵਾਈ ਵਾਲੀ ਨੈਸ਼ਨਲ ਪਾਰਟੀ ਨੂੰ 35 ਸੀਟਾਂ ਮਿਲੀਆਂ ਹਨ, ਇਹ ਪਿਛਲੀਆਂ ਚੋਣਾਂ ਨਾਲੋਂ 20 ਸੀਟਾਂ ਘੱਟ ਰਹੀਆਂ ਹਨ।
ਦੇਸ਼ ਦੀ ਜਨਤਾ ਨੇ ਮੁੱਖ ਵਿਰੋਧੀ ਨੈਸ਼ਨਲ ਪਾਰਟੀ ਨੂੰ ਜਿੱਥੇ ਸੱਤਾ ਤੋਂ ਦੂਰ ਰੱਖਿਆ ਹੈ ਠੀਕ ਉਸੇ ਤਰ੍ਹਾਂ ਸਾਬਕਾ ਉਪ-ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਤੇ ਸੱਤਾਧਾਰੀ ਲੇਬਰ ਪਾਰਟੀ ਦੀ ਸਾਬਕਾ ਗੱਠਜੋੜ ਦੀ ਭਾਈਵਾਲ ਐਨਜ਼ੈੱਡ ਫਰਸਟ ਨੂੰ ਦੇਸ਼ ਦੀ ਆਮ ਜਨਤਾ ਨੇ ਨਕਾਰਦੇ ਹੋਏ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਉਸ ਨੂੰ ਇਕ ਵੀ ਸੀਟ ਨਹੀਂ ਮਿਲੀ ਤੇ ਪਾਰਟੀ ਵੋਟ ਵੀ 2.7% ਰਿਹਾ। ਲੇਬਰ ਪਾਰਟੀ ਦੀ ਦੂਜੀ ਭਾਈਵਾਲ ਪਾਰਟੀ ਗ੍ਰੀਨ ਪਾਰਟੀ ਨੂੰ 10 ਸੀਟਾਂ ਹਾਸਿਲ ਹੋਈਆਂ ਅਤੇ ਪਾਰਟੀ ਵੋਟ 7.6% ਰਿਹਾ। ਜਦੋਂ ਕਿ ਐਕਟ ਪਾਰਟੀ ਨੂੰ ਵੀ 10 ਸੀਟਾਂ ਅਤੇ ਪਾਰਟੀ ਵੋਟ 8% ਰਿਹਾ। ਮਾਓਰੀ ਪਾਰਟੀ ਨੂੰ 1 ਸੀਟ ਉੱਤੇ ਜਿੱਤ ਪ੍ਰਾਪਤ ਹੋਈ ਹੈ ਅਤੇ ਪਾਰਟੀ ਵੋਟ 1% ਰਿਹਾ।
ਚੋਣਾਂ ਤੇ ਦੋਵੇਂ ਰੈਫਰੰਡਮਾਂ ਦੇ ਅਧਿਕਾਰਤ ਨਤੀਜੇ 6 ਨਵੰਬਰ ਨੂੰ ਐਲਾਨੇ ਜਾਣਗੇ ਜਦੋਂ ਕਿ ਦੋਵੇਂ ਰੈਫਰੰਡਮ ਦੇ ਰੁਝਾਨਾਂ ਦਾ ਐਲਾਨ 30 ਅਕਤੂਬਰ ਨੂੰ ਕੀਤਾ ਜਾਵੇਗਾ।
Home Page ਆਮ ਚੋਣਾਂ ‘ਚ ਲੇਬਰ ਪਾਰਟੀ ਦੀ 64 ਸੀਟਾਂ ਨਾਲ ਇਤਿਹਾਸਕ ਜਿੱਤ, ਪ੍ਰਧਾਨ...