‘ਕੋਡਾ’ ਸਰਬੋਤਮ ਫਿਲਮ ਚੁਣੀ ਗਈ, ਪਤਨੀ ਬਾਰੇ ਮਜ਼ਾਕ ਕਰਨ ‘ਤੇ ਸਮਿੱਥ ਨੇ ਕ੍ਰਿਸ ਰੌਕ ਦੇ ਮਾਰਿਆ ਥੱਪੜ
ਲਾਸ ਏਂਜਲਸ, 28 ਮਾਰਚ – ਇੱਥੇ ਹੋਏ 94ਵੇਂ ਆਸਕਰਜ਼ ਐਵਾਰਡ ਸਮਾਗਮ ਵਿੱਚ ਫਿਲਮ ‘ਕੋਡਾ’ ਨੂੰ ‘ਸਰਬੋਤਮ ਫਿਲਮ’ ਜਦੋਂ ਕਿ ਅਦਾਕਾਰ ਵਿੱਲ ਸਮਿੱਥ ਨੂੰ ਫਿਲਮ ‘ਕਿੰਗ ਰਿਚਰਡ’ ਲਈ ‘ਸਰਬੋਤਮ ਅਦਾਕਾਰ’ ਦਾ ਐਵਾਰਡ ਦਿੱਤਾ ਗਿਆ। ਇਸੇ ਸਮਾਗਮ ਦੌਰਾਨ ਆਪਣੀ ਪਤਨੀ ਬਾਰੇ ਸਟੇਜ ਤੋਂ ਮਜ਼ਾਕ ਕੀਤੇ ਜਾਣ ਤੋਂ ਖ਼ਫ਼ਾ ਹੋਏ ਵਿੱਲ ਸਮਿੱਥ ਨੇ ਅਦਾਕਾਰ ਕ੍ਰਿਸ ਰੌਕ ਦੇ ਥੱਪੜ ਮਾਰ ਦਿੱਤਾ।
ਡੈਨਿਸ ਵਿਲੇਨੇਊਵ ਦੀ ਫਿਲਮ ‘ਡਿਊਨ’ ਨੇ ਤਕਨੀਕੀ ਸ਼੍ਰੇਣੀਆਂ ਵਿੱਚ ਛੇ ਐਵਾਰਡ ਜਿੱਤੇ। ਇਸੇ ਤਰ੍ਹਾਂ ਫਿਲਮ ‘ਕੋਡਾ’ ਨੂੰ ‘ਸਰਬੋਤਮ ਫਿਲਮ’ ਸਮੇਤ ਤਿੰਨ ਅਕੈਡਮੀ ਐਵਾਰਡ ਮਿਲੇ। ਇਨ੍ਹਾਂ ‘ਚੋਂ ‘ਅਡੈਪਟਡ ਸਕਰੀਨਪਲੇਅ’ ਲਈ ਨਿਰਦੇਸ਼ਕ ਸਿਆਨ ਹੈਡਰ ਅਤੇ ‘ਸਹਾਇਕ ਅਦਾਕਾਰ’ ਲਈ ਟ੍ਰੌਏ ਕੋਟਸੁਰ ਨੂੰ ਐਵਾਰਡ ਮਿਲਿਆ। ਜੇਨ ਕੈਂਪੀਅਨ ਨੇ ‘ਦਿ ਪਾਵਰ ਆਫ਼ ਦਿ ਡੌਗ’ ਲਈ ‘ਸਰਬੋਤਮ ਨਿਰਦੇਸ਼ਕ’ ਦਾ ਐਵਾਰਡ ਜਿੱਤਿਆ। ਉਹ ਪਹਿਲੀ ਔਰਤ ਹੈ ਜਿਸ ਨੂੰ ਸ਼੍ਰੇਣੀ ਵਿੱਚ ਦੋ ਵਾਰ ਨਾਮਜ਼ਦ ਕੀਤਾ ਗਿਆ ਸੀ। ਇਸੇ ਤਰ੍ਹਾਂ ਉਹ ਇਸ ਸ਼੍ਰੇਣੀ ਵਿੱਚ ਐਵਾਰਡ ਜਿੱਤਣ ਵਾਲੀ ਤੀਸਰੀ ਔਰਤ ਬਣ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ‘ਨੋਮੈਡਲੈਂਡ’ ਲਈ ਕਲੋਏ ਜ਼ਾਓ ਅਤੇ 2010 ਵਿੱਚ ‘ਹਰਟ ਲੌਕਰ’ ਲਈ ਕੈਥਰੀਨ ਬਿਗੇਲੋ ਨੇ ਇਹ ਐਵਾਰਡ ਜਿੱਤਿਆ ਸੀ। ਇਸ ਤੋਂ ਇਲਾਵਾ ਜਾਪਾਨੀ ਡਰਾਮਾ ‘ਡਰਾਈਵ ਮਾਈ ਕਾਰ’ ਨੂੰ ‘ਸਰਬੋਤਮ ਅੰਤਰਰਾਸ਼ਟਰੀ ਫਿਲਮ’, ‘ਬੇਲਫਾਸਟ’ ਲਈ ਕੇਨੈਥ ਨੂੰ ‘ਮੂਲ ਸਕਰੀਨਪਲੇਅ’ ਲਈ ਐਵਾਰਡ ਮਿਲਿਆ। ਜੈਸਿਕਾ ਚੈਸਟੇਨ ਨੇ ‘ਦਿ ਆਈਜ਼ ਆਫ਼ ਟੈਮੀ ਫੇ’ ਲਈ ‘ਸਰਬੋਤਮ ਅਦਾਕਾਰਾ’ ਦਾ ਐਵਾਰਡ ਜਿੱਤਿਆ ਅਤੇ ‘ਸਰਬੋਤਮ ਅਦਾਕਾਰ’ ਦਾ ਖ਼ਿਤਾਬ ‘ਕਿੰਗ ਰਿਚਰਡ’ ਲਈ ਵਿੱਲ ਸਮਿੱਥ ਨੂੰ ਦਿੱਤਾ ਗਿਆ। ਇਸ ਐਵਾਰਡ ਬਾਰੇ ਐਲਾਨ ਹੋਣ ਤੋਂ ਕੁੱਝ ਦੇਰ ਪਹਿਲਾਂ ਪ੍ਰੋਗਰਾਮ ਨੇ ਉਸ ਵੇਲੇ ਨਾਟਕੀ ਮੌੜ ਲਿਆ, ਜਦੋਂ ਵਿੱਲ ਸਮਿੱਥ ਨੇ ਸਟੇਜ ‘ਤੇ ਬੇਤੁਕਾ ਮਜ਼ਾਕ ਕਰਨ ਕਰਕੇ ਅਦਾਕਾਰ/ ਕਾਮੇਡੀਅਨ ਕ੍ਰਿਸ ਰੌਕ ਦੇ ਚਪੇੜ ਮਾਰ ਦਿੱਤੀ। ਇਸ ਮਗਰੋਂ ਜਦੋਂ ਸਮਿੱਥ ‘ਸਰਬੋਤਮ ਅਦਾਕਾਰ’ ਦਾ ਐਵਾਰਡ ਲੈਣ ਸਟੇਜ ‘ਤੇ ਗਿਆ ਤਾਂ ਉਸ ਨੇ ਅਕੈਡਮੀ ਅਤੇ ਕਲਾਕਾਰਾਂ ਕੋਲੋਂ ਤਾਂ ਮੁਆਫ਼ੀ ਮੰਗੀ ਪਰ ਰੌਕ ਬਾਰੇ ਕੁੱਝ ਨਹੀਂ ਕਿਹਾ। ਲਾਸ ਏਂਜਲਸ ਪੁਲੀਸ ਡਿਪਾਰਟਮੈਂਟ (ਐੱਲਏਪੀਡੀ) ਨੇ ਦੱਸਿਆ ਕਿ ਰੌਕ ਨੇ ਇਸ ਬਾਰੇ ਕੇਸ ਦਰਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਸਟੇਜ ਤੋਂ ਕੁੱਝ ਕਲਾਕਾਰਾਂ ਨੇ ਯੂਕਰੇਨ ਸੰਕਟ ਬਾਰੇ ਗੱਲ ਕੀਤੀ।
Entertainment ਆਸਕਰਜ਼ ਐਵਾਰਡਜ਼: ਅਦਾਕਾਰ ਤੇ ਕਾਮੇਡੀਅਨ ਵਿੱਲ ਸਮਿੱਥ ਨੂੰ ‘ਸਰਬੋਤਮ ਅਦਾਕਾਰ’ ਦਾ ਐਵਾਰਡ