ਲਾਸ ਏਂਜਲਜ਼, 28 ਮਾਰਚ – ਆਸਕਰ ਪੁਰਸਕਾਰ ਸਮਾਗਮ ਵਿੱਚ ਪਿਛਲੇ ਸਮੇਂ ਦੌਰਾਨ ਵਿੱਛੜੇ ਕਲਾਕਾਰਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਮੌਕੇ ਕਰਵਾਏ ਗਏ ‘ਇਨ ਮੈਮੋਰੀਅਮ’ ਵਿੱਚ ਭਾਰਤ ਦੇ ਦੋ ਮਰਹੂਮ ਕਲਾਕਾਰਾਂ ਗਾਇਕਾ ਲਤਾ ਮੰਗੇਸ਼ਕਰ ਅਤੇ ਅਦਾਕਾਰ ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਨਾ ਦਿੱਤੇ ਜਾਣ ਦਾ ਭਾਰਤੀ ਪ੍ਰਸੰਸਕਾਂ ਨੇ ਬੁਰਾ ਮਨਾਇਆ ਹੈ। 2022 ਦੇ ਆਸਕਰ ਪੁਰਸਕਾਰ ਸਮਾਗਮ ਵਿੱਚ ਭਾਰਤੀ ਸਿਨੇਮਾ ਦੇ ਦੋ ਮਹਾਨ ਕਲਾਕਾਰਾਂ ਨੂੰ ਇੰਜ ਭੁਲਾਇਆ ਜਾਣਾ ਮੰਦਭਾਗਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਕ ਮਹੀਨਾ ਪਹਿਲਾਂ ਹੀ ਬ੍ਰਿਟਿਸ਼ ਅਕੈਡਮੀ ਫਿਲਮ ਐਂਡ ਟੈਲੀਵਿਜ਼ਨ ਐਵਾਰਡ (ਬਾਫਟਾ) ਵੱਲੋਂ ਮਰਹੂਮ ਲਤਾ ਮੰਗੇਸ਼ਕਰ ਅਤੇ ਦਿਲੀਪ ਕੁਮਾਰ ਨੂੰ ਯਾਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 2021 ‘ਚ ਹੋਏ ਆਸਕਰ ਪੁਰਸਕਾਰ ਸਮਾਗਮ ਵਿੱਚ ਸ਼ਰਧਾਂਜਲੀਆਂ ਦੇਣ ਮੌਕੇ ਭਾਰਤੀ ਅਦਾਕਾਰ ਇਰਫ਼ਾਨ ਖ਼ਾਨ ਤੇ ਆਸਕਰ ਐਵਾਰਡ ਜੇਤੂ ਡਿਜ਼ਾਈਨਰ ਭਾਨੂ ਅਥੱਈਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ। ਇਸ ਦੇ ਨਾਲ ਹੀ ਅਕੈਡਮੀ ਆਫ਼ ਮੋਸ਼ਨ ਪਿਕਚਰਜ਼ ਆਰਟ ਐਂਡ ਸਾਇੰਸਜ਼ (ਏਐੱਮਪੀਏਐੱਸ) ਦੀ ਵੈੱਬਸਾਈਟ ‘ਤੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ ਸੀ।
Entertainment ਆਸਕਰਜ਼: ਗਾਇਕਾ ਲਤਾ ਤੇ ਅਦਾਕਾਰ ਦਿਲੀਪ ਕੁਮਾਰ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ