ਮੈਲਬਰਨ, 30 ਜਨਵਰੀ – ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਦੁਨੀਆ ਦੇ ਸਾਬਕਾ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਾਡਾਲ (35) ਨੇ ਆਪਣੇ ਨਾਮ ਕੀਤਾ ਅਤੇ ਇਸ ਦੇ ਨਾਲ ਉਹ ਹੀ ਪੁਰਸ਼ਾਂ ਦੇ ਸਿੰਗਲ ਵਰਗ ‘ਚ 21ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਇੱਥੇ ਆਸਟਰੇਲੀਅਨ ਓਪਨ ਦੇ ਫਾਈਨਲ ਮੁਕਾਬਲੇ ਵਿੱਚ ਰਾਫੇਲ ਨਾਡਾਲ ਨੇ ਰੂਸ ਦੇ ਦਾਨਿਲ ਮੈਦਵੇਦੇਵ ਖ਼ਿਲਾਫ਼ ਪਹਿਲੇ ਦੋ ਸੈੱਟ ਗੁਆਉਣ ਦੇ ਬਾਵਜੂਦ ਜ਼ੋਰਦਾਰ ਵਾਪਸੀ ਕਰਦਿਆਂ ਰਿਕਾਰਡ 21ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ। 6ਵਾਂ ਦਰਜਾ ਹਾਸਲ ਨਾਡਾਲ ਨੇ 5 ਘੰਟੇ 24 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਮੈਦਵੇਦੇਵ ਨੂੰ 2-6, 6-7 (5), 6-4, 6-4, 7-5 ਨਾਲ ਹਰਾਇਆ। 5ਵੇਂ ਸੈੱਟ ਵਿੱਚ ਨਾਡਾਲ 5-4 ਦੇ ਸਕੋਰ ‘ਤੇ ਜਦੋਂ ਚੈਂਪੀਅਨਸ਼ਿਪ ਜਿੱਤਣ ਦੇ ਨੇੜੇ ਸੀ ਤਾਂ ਮੈਦਵੇਦੇਵ ਨੇ ਉਸ ਦੀ ਸਰਵਿਸ ਤੋੜ ਦਿੱਤੀ, ਹਾਲਾਂਕਿ ਬਾਅਦ ਵਿੱਚ ਉਸ ਨੇ ਬਿਨਾਂ ਕੋਈ ਗ਼ਲਤੀ ਕੀਤਿਆਂ ਖ਼ਿਤਾਬੀ ਜਿੱਤ ਹਾਸਲ ਕਰ ਲਈ। ਜ਼ਿਕਰਯੋਗ ਹੈ ਕਿ ਆਸਟਰੇਲਿਆਈ ਓਪਨ ਦਾ ਇਹ ਦੂਜਾ ਸਭ ਤੋਂ ਲੰਮੇ ਸਮੇਂ ਤੱਕ ਚੱਲਿਆ ਫਾਈਨਲ ਮੁਕਾਬਲਾ ਹੈ। ਇਸ ਤੋਂ ਪਹਿਲਾਂ 2012 ਵਿੱਚ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਨਾਡਾਲ ਵਿਚਾਲੇ ਫਾਈਨਲ ਮੈਚ 5 ਘੰਟੇ 53 ਮਿੰਟ ਤੱਕ ਚੱਲਿਆ ਸੀ, ਜਿਸ ਵਿੱਚ ਜੋਕੋਵਿਚ ਜੇਤੂ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਸ ਵਾਰ ਦੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਕੋਵਿਡ -19 ਨਿਯਮਾਂ ਦੀ ਉਲੰਘਣਾ ਕਰਨ ਦੇ ਕਰਕੇ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਟੂਰਨਾਮੈਂਟ ‘ਚ ਖੇਡਣ ਦੀ ਇਜਾਜ਼ਤ ਨਹੀਂ ਮਿਲੀ, ਕਿਉਂਕਿ ਉਹ ਅਦਾਲਤੀ ਲੜਾਈ ਹਾਰ ਗਿਆ ਸੀ। ਉਸ ਦਾ ਆਸਟਰੇਲੀਆ ਦਾ ਵੀਜ਼ਾ ਰੱਦ ਕੀਤਾ ਗਿਆ ਅਤੇ ਉਸ ਨੂੰ ਆਸਟਰੇਲੀਆ ਛੱਡਣ ਲਈ ਮਜਬੂਰ ਹੋਣਾ ਪਿਆ। ਜਿਸ ਦੇ ਕਰਕੇ ਉਹ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ 2022 ਨਹੀਂ ਖੇਡ ਸਕਿਆ।
Home Page ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ: ਨਾਡਾਲ ਨੇ ਮੈਦਵੇਦੇਵ ਨੂੰ ਹਰਾ ਕੇ ਰਿਕਾਰਡ 21ਵਾਂ...