ਸਿਡਨੀ, 18 ਅਗਸਤ – ਕੋਰੋਨਾਵਾਇਰਸ ਮਹਾਂਮਾਰੀ ਦਾ ਕਹਿਰ ਪੂਰੀ ਦੁਨੀਆ ਵਿੱਚ ਜਾਰੀ ਹੈ, ਜਿਸ ਦੀ ਮਾਰ ਆਸਟਰੇਲੀਆ ਉੱਪਰ ਵੀ ਪੈ ਰਹੀ ਹੈ ਤੇ ਆਸਟਰੇਲੀਆ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਮਹਾਂਮਾਰੀ ਦੌਰਾਨ ਆਸਟਰੇਲੀਆ ਇੰਟਰਨੈਸ਼ਨਲ ਸਿੱਖਿਆ ਖੇਤਰ ਵਿੱਚ ਅਰਬਾਂ ਡਾਲਰਾਂ ਦਾ ਮਾਰ ਝੱਲ ਰਿਹਾ ਹੈ। ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਆਸਟਰੇਲੀਆ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਆਪਣੇ ਇੱਥੇ ਬੁਲਾਉਣ ਲਈ ਤਿਆਰ ਹੈ। ਆਸਟਰੇਲੀਆ ਸਰਕਾਰ 300 ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਪਹਿਲੇ ਬੈਚ ‘ਚ ਦੱਖਣੀ ਆਸਟਰੇਲੀਆ ਆਉਣ ਦੀ ਇਜਾਜ਼ਤ ਦੇਣ ਲਈ ਤਿਆਰ ਹੈ। ਸੰਘੀ ਵਪਾਰ ਅਤੇ ਟੂਰਿਜ਼ਮ ਮੰਤਰੀ ਸਾਈਮਨ ਬਰਮਿੰਘਮ ਨੇ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਦੱਖਣੀ ਪੂਰਬੀ ਏਸ਼ੀਆ ਦੇ 300 ਵਿਦਿਆਰਥੀਆਂ ਨੂੰ ਅਗਲੇ ਮਹੀਨੇ ਐਡੀਲੇਡ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ। ਇੱਥੇ ਆਉਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ 2 ਹਫ਼ਤੇ ਕੁਆਰੰਟੀਨ ਵਿੱਚ ਰਹਿਣਾ ਪਵੇਗਾ, ਜਿਸ ਦਾ ਖ਼ਰਚਾ ਉਨ੍ਹਾਂ ਦੀ ਯੂਨੀਵਰਸਿਟੀ ਕਰੇਗੀ।
ਮੰਤਰੀ ਬਰਮਿੰਘਮ ਨੇ ਕਿਹਾ ਕਿ ਇੰਟਰਨੈਸ਼ਨਲ ਸਿੱਖਿਆ ਆਸਟਰੇਲੀਆ ਅਤੇ ਦੱਖਣੀ ਆਸਟਰੇਲੀਆ ਦੇ ਲਈ ਵੱਡਾ ਸੇਵਾ ਨਿਰਯਾਤ ਉਦਯੋਗ ਹੈ। ਇਹ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਜ਼ਿਕਰਯੋਗ ਹੈ ਕਿ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਚੀਨ ਦੇ ਬਾਅਦ ਆਸਟਰੇਲੀਆ ਦੇ ਲਈ ਭਾਰਤ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ ਅਤੇ ਆਸਟਰੇਲੀਆ ਵਿੱਚ ਪੜ੍ਹਨ ਵਾਲੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ ਭਾਰਤ ਦੇ ਵਿਦਿਆਰਥੀਆਂ ਦੀ ਹਿੱਸੇਦਾਰੀ 17% ਹੈ।
Business ਆਸਟਰੇਲੀਆ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਮੁੜ ਰਾਹ ਖੋਲ੍ਹੇਗਾ