ਆਸਟਰੇਲੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ

ਮੈਲਬਰਨ, 15 ਨਵੰਬਰ – ਇੱਥੇ ਭਾਰਤ ਸਰਕਾਰ ਵੱਲੋਂ ਤੋਹਫ਼ੇ ਵਿੱਚ ਦਿੱਤੇ ਗਏ ਮਹਾਤਮਾ ਗਾਂਧੀ ਦੇ ਆਦਮਕੱਦ ਕਾਂਸੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਸ ਕਾਰੇ ਨੂੰ ‘ਸ਼ਰਮਨਾਕ’ ਦੱਸਦਿਆਂ ਇਸ ਦੀ ਨਿਖੇਧੀ ਕੀਤੀ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ-ਆਸਟਰੇਲਿਆਈ ਭਾਈਚਾਰੇ ਵਿੱਚ ਨਿਰਾਸ਼ਾ ਦੀ ਲਹਿਰ ਹੈ। ਭਾਰਤੀ ਭਾਈਚਾਰੇ ਨੇ ਘਟਨਾ ‘ਤੇ ਦੁੱਖ ਜਤਾਉਂਦਿਆਂ ਇਸ ਨੂੰ ‘ਹੇਠਲੇ ਪੱਧਰ ਦੀ ਹਰਕਤ’ ਕਰਾਰ ਦਿੱਤਾ ਹੈ।
ਅਖ਼ਬਾਰ ‘ਦਿ ਏਜ਼’ ਦੀ ਖ਼ਬਰ ਮੁਤਾਬਿਕ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਇੱਕ ਸਮਾਗਮ ਮੌਕੇ ਭਾਰਤ ਦੇ ਕੌਂਸਲ ਜਨਰਲ ਰਾਜਕੁਮਾਰ ਅਤੇ ਆਸਟਰੇਲੀਆ ਦੇ ਕਈ ਨੇਤਾਵਾਂ ਨਾਲ ਰੌਵਿਲੇ ਅੰਦਰ ਆਸਟਰੇਲਿਆਈ-ਭਾਰਤੀ ਕਮਿਊਨਿਟੀ ਸੈਂਟਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ ਸੀ ਅਤੇ ਇਸ ਦੇ ਕੁੱਝ ਹੀ ਘੰਟਿਆਂ ਮਗਰੋਂ ਹੀ ਭੰਨਤੋੜ ਦੀ ਘਟਨਾ ਵਾਪਰੀ।
ਮੌਰੀਸਨ ਦੇ ਹਵਾਲੇ ਨਾਲ ਐਤਵਾਰ ਨੂੰ ਖ਼ਬਰ ਵਿੱਚ ਕਿਹਾ ਗਿਆ, ”ਇਸ ਪੱਧਰ ਦਾ ਨਿਰਾਦਰ ਦੇਖਣਾ ਸ਼ਰਮਨਾਕ ਅਤੇ ਬੇਹੱਦ ਨਿਰਾਸ਼ਾਜਨਕ ਹੈ।” ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਵਿਰਾਸਤੀ ਯਾਦਗਾਰਾਂ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ, ‘ਇਸ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੇ ਆਸਟਰੇਲਿਆਈ-ਭਾਰਤੀ ਭਾਈਚਾਰੇ ਦੀ ਬਹੁਤ ਬੇਇੱਜ਼ਤੀ ਕੀਤੀ ਹੈ ਅਤੇ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ।” ਇਹ ਬੁੱਤ ਭਾਰਤ ਸਰਕਾਰ ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਸੀ।
‘ਏਬੀਸੀ ਨਿਊਜ਼’ ਦੀ ਖ਼ਬਰ ਮੁਤਾਬਿਕ ਵਿਕਟੋਰੀਆ ਪੁਲੀਸ ਨੇ ਕਿਹਾ ਕਿ ਅਣਗਿਣਤ ਮੁਲਜ਼ਮਾਂ ਨੇ ਸ਼ੁੱਕਰਵਾਰ ਸ਼ਾਮ ਨੂੰ 5.30 ਵਜੇ ਤੋਂ ਸ਼ਨਿਚਰਵਾਰ ਸ਼ਾਮ 5.30 ਵਜੇ ਦਰਮਿਆਨ ਬੁੱਤ ਨੂੰ ਕੱਟਣ ਲਈ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਦੀ ਵਰਤੋਂ ਕੀਤੀ। ਪੁਲੀਸ ਨੇ ਦੱਸਿਆ ਕਿ ਅਪਰਾਧ ਜਾਂਚ ਇਕਾਈ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੇ ਗਵਾਹਾਂ ਨੂੰ ਸਾਹਮਣੇ ਆ ਕੇ ਗਵਾਹੀ ਦੇਣ ਦੀ ਅਪੀਲ ਕੀਤੀ ਹੈ।