ਸਿਡਨੀ, 4 ਮਾਰਚ – ਆਸਟਰੇਲੀਆ ਦੇ ਮਹਾਨ ਕ੍ਰਿਕਟਰ ਗੇਂਦਬਾਜ਼ ਲੈੱਗ ਸਪਿੰਨਰ ਸ਼ੇਨ ਵਾਰਨ ਦਾ ਦੇਹਾਂਤ ਹੋ ਗਿਆ। ਸ਼ੇਨ ਵਾਰਨ ਦੀ ਉਮਰ 52 ਸਾਲ ਸੀ॥ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਣ ਹੋਈ ਦੱਸੀ ਜਾ ਰਹੀ ਹੈ। ਉਹ ਥਾਈਲੈਂਡ ਦੇ ਇਕ ਵਿਲਾ ਵਿੱਚ ਬੇਸੁੱਧ ਪਏ ਮਿਲੇ ਸਨ ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਹਾਨ ਗੇਂਦਬਾਜ਼ ਦੀ ਜਾਨ ਬਚ ਨਹੀਂ ਸਕੀ। ਉਨ੍ਹਾਂ ਆਪਣੀ ਮੌਤ ਤੋਂ 12 ਘੰਟੇ ਪਹਿਲਾਂ ਰੋਡ ਮਾਰਸ਼ ਦੇ ਦੇਹਾਂਤ ‘ਤੇ ਦੁੱਖ ਵੀ ਪ੍ਰਗਟਾਇਆ ਸੀ। ਸਪਿੰਨ ਗੇਂਦਬਾਜ਼ ਵਾਰਨ ਟੈੱਸਟ ਕ੍ਰਿਕਟ ਵਿੱਚ ਆਸਟਰੇਲੀਆ ਵੱਲੋਂ ਸਭ ਤੋਂ ਵਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਉਨ੍ਹਾਂ 145 ਟੈੱਸਟ ਮੈਚਾਂ ਵਿੱਚ 708 ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਇੱਕ ਦਿਨਾ ਕ੍ਰਿਕਟ ਮੈਚਾਂ ਵਿੱਚ ਸ਼ੇਨ ਨੇ 293 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਭਾਰਤ ਖ਼ਿਲਾਫ਼ 1992 ਵਿੱਚ ਆਪਣੇ ਇੰਟਰਨੈਸ਼ਨਲ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਆਪਣਾ ਆਖ਼ਰੀ ਟੈੱਸਟ ਮੈਚ ਜਨਵਰੀ 2007 ਵਿੱਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ।
Cricket ਆਸਟਰੇਲੀਆ ਦੇ ਮਹਾਨ ਗੇਂਦਬਾਜ਼ ਲੈੱਗ ਸਪਿੰਨਰ ਸ਼ੇਨ ਵਾਰਨ ਦਾ ਦੇਹਾਂਤ