ਪਰਥ, 18 ਦਸੰਬਰ – 15 ਦਸੰਬਰ ਨੂੰ ਮੇਜ਼ਬਾਨ ਆਸਟਰੇਲੀਆ ਨੇ ਪਰਥ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੈੱਸਟ ਦੇ ਚੌਥੇ ਦਿਨ ਮਹਿਮਾਨ ਟੀਮ ਨਿਊਜ਼ੀਲੈਂਡ ਨੂੰ ਦੂਜੀ ਪਾਰੀ ਵਿੱਚ 171 ਦੌੜਾਂ ‘ਤੇ ਆਊਟ ਕਰਕੇ 296 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ, ਜੋ ਆਸਟਰੇਲੀਆ ਦੀ ਨਿਊਜ਼ੀਲੈਂਡ ਖ਼ਿਲਾਫ਼ ਦੂਜੀ ਵੱਡੀ ਜਿੱਤ ਹੈ। ਪਹਿਲੀ ਪਾਰੀ ਵਿੱਚ 250 ਦੌੜਾਂ ਨਾਲ ਪੱਛੜਣ ਵਾਲੀ ਨਿਊਜ਼ੀਲੈਂਡ ਟੀਮ ਨੂੰ ਦਿਨ-ਰਾਤ ਟੈੱਸਟ ਮੈਚ ਦੀ ਦੂਜੀ ਪਾਰੀ ਵਿੱਚ ਜਿੱਤ ਲਈ 468 ਦੌੜਾਂ ਦਾ ਟੀਚਾ ਮਿਲਿਆ ਸੀ। ਚੌਥੇ ਦਿਨ ਵਿੱਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਵੈੱਸਟ ਇੰਡੀਜ਼ ਦੇ ਨਾਮ ਹੈ, ਜਿਸ ਨੇ ਸਾਲ 2003 ਵਿੱਚ ਸੇਂਟ ਜੋਨਸ ਵਿੱਚ 7 ਵਿਕਟਾਂ ‘ਤੇ 418 ਦੌੜਾਂ ਬਣਾ ਕੇ ਆਸਟਰੇਲੀਆ ਨੂੰ ਹਰਾਇਆ ਸੀ।
ਆਸਟਰੇਲੀਆ ਨੇ ਲੰਚ ਤੋਂ ਪਹਿਲਾਂ ਹੀ ਸਲਾਮੀ ਬੱਲੇਬਾਜ਼ ਜੀਤ ਰਾਵਲ ਅਤੇ ਕਪਤਾਨ ਕੇਨ ਵਿਲੀਅਮਸਨ ਦੀਆਂ ਵਿਕਟਾਂ ਲੈ ਲਈਆਂ ਸਨ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਇਸ ਮਗਰੋਂ ਮੈਚ ਨੂੰ 5ਵੇਂ ਦਿਨ ਤੱਕ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਮਿਸ਼ੇਲ ਸਟਾਰਕ ਅਤੇ ਪੈਟ ਕਮਿਨਸ ਨੇ ਉਨ੍ਹਾਂ ਦੀ ਇੱਕ ਨਾ ਚੱਲਣ ਦਿੱਤੀ। ਨਿਊਜ਼ੀਲੈਂਡ ਨੇ ਆਖ਼ਰੀ 5 ਵਿਕਟਾਂ 17 ਦੌੜਾਂ ‘ਚ ਗੁਆ ਲਈਆਂ, ਜਿਸ ਨਾਲ ਟੀਮ 171 ਦੌੜਾਂ ‘ਤੇ ਆਊਟ ਹੋ ਗਈ।
ਆਸਟਰੇਲੀਆ ਨੇ ਇਸ ਮੁਕਾਬਲੇ ਨੂੰ 296 ਦੌੜਾਂ ਨਾਲ ਜਿੱਤਿਆ, ਜੋ ਦੌੜਾਂ ਦੇ ਹਿਸਾਬ ਨਾਲ ਨਿਊਜ਼ੀਲੈਂਡ ਖ਼ਿਲਾਫ਼ ਉਸ ਦੀ ਸਭ ਤੋਂ ਵੱਡੀ ਜਿੱਤ ਤੋਂ ਸਿਰਫ਼ 1 ਦੌੜ ਘੱਟ ਹੈ। ਆਸਟਰੇਲੀਆ ਨੇ ਆਕਲੈਂਡ ਵਿੱਚ ਸਾਲ 1974 ਦੌਰਾਨ ਨਿਊਜ਼ੀਲੈਂਡ ਨੂੰ 287 ਦੌੜਾਂ ਨਾਲ ਹਰਾਇਆ ਸੀ। ਪਹਿਲੀ ਪਾਰੀ ਵਿੱਚ ੫ ਵਿਕਟਾਂ ਲੈਣ ਵਾਲੇ ਸਟਾਰਕ ਨੇ ਦੂਜੀ ਪਾਰੀ ਵਿੱਚ 45 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਕਮਿਨਸ ਨੇ ਗੁਲਾਬੀ ਗੇਂਦ ਦੇ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 31 ਦੌੜਾਂ ਦੇ ਕੇ 2 ਵਿਕਟਾਂ, ਜਦੋਂ ਕਿ ਸਪਿੰਨਰ ਨਾਥਨ ਲਿਓਨ ਨੇ 63 ਦੌੜਾਂ ਦੇ ਕੇ 4 ਬੱਲੇਬਾਜ਼ਾਂ ਨੂੰ ਪੈਵਿਲੀਅਨ ਭੇਜਿਆ। ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉਤਰੇ ਨਿਊਜ਼ੀਲੈਂਡ ਨੇ ਇਸ ਮਗਰੋਂ ਸਲਾਮੀ ਬੱਲੇਬਾਜ਼ ਜੀਤ ਰਾਵਲ ਅਤੇ ਵਿਲੀਅਮਸਨ ਦੀਆਂ ਵਿਕਟਾਂ ਗੁਆਈਆਂ। ਰਾਵਲ 1 ਦੌੜ ਬਣਾ ਕੇ ਮੈਚ ਵਿੱਚ ਸਟਾਰਕ ਦਾ 6ਵਾਂ ਸ਼ਿਕਾਰ ਬਣਿਆ, ਜਦੋਂ ਕਿ ਲਿਓਨ ਨੇ ਪਾਰੀ ਦੀ ਆਪਣੀ ਪਹਿਲੀ ਗੇਂਦ ‘ਤੇ ਹੀ ਵਿਲੀਅਮਸਨ ਨੂੰ ਬਾਹਰ ਦਾ ਰਸਤਾ ਵਿਖਾਇਆ। ਨਿਊਜ਼ੀਲੈਂਡ ਦੇ ਕਪਤਾਨ ਨੇ 14 ਦੌੜਾਂ ਬਣਾਈਆਂ।
Cricket ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਪਹਿਲਾ ਟੈੱਸਟ 296 ਦੌੜਾਂ ਨਾਲ ਹਰਾਇਆ