ਟੈਰਿਫ਼ ਕਾਰਨ ਬਹੁਤ ਮਹਿੰਗਾਈ ਹੋਣ ਤੇ ਬੇਯਕੀਨੀ ਵਾਲੇ ਹਾਲਾਤ ਬਣਨ ਦੀ ਸੰਭਾਵਨਾ-ਫੈਡਰਲ ਰਿਜ਼ਰਵ ਚੇਅਰਮੈਨ ਦੀ ਚਿਤਾਵਨੀ

ਫੈਡਰਲ ਰਿਜ਼ਰਵ ਚੇਅਰਮੈਨ ਜੇਰੋਮ ਪਾਵਲ

ਸੈਕਰਾਮੈਂਟੋ,ਕੈਲੀਫੋਰਨੀਆ, 6 ਅਪ੍ਰੈਲ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਸਮੇਤ ਵਿਸ਼ਵ ਭਰ ਦੇ ਦੇਸ਼ਾਂ ਦੀਆਂ ਦਰਾਮਦਾਂ ਉਪਰ ਲਾਏ ਟੈਰਿਫ਼ ਕਾਰਨ ਅਮਰੀਕੀ ਲੋਕਾਂ ਦਾ ਜਨ ਜੀਵਨ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਫੈਡਰਲ ਰਿਜ਼ਰਵ ਚੇਅਰਮੈਨ ਜੇਰੋਮ ਪਾਵਲ ਨੇ ਇਸ ਬਾਰੇ ਕਿਹਾ ਹੈ ਕਿ ਜਿਸ ਢੰਗ ਨਾਲ ਸਮੁੱਚੇ ਦੇਸ਼ਾਂ ਉਪਰ ਟੈਰਿਫ਼ ਲਾਇਆ ਗਿਆ ਹੈ, ਉਸ ਨਾਲ ਬਹੁਤ ਜਿਆਦਾ ਮਹਿੰਗਾਈ ਹੋ ਸਕਦੀ ਹੈ। ਉਨਾਂ ਕਿਹਾ ਹੈ ਕਿ ” ਵੱਡੀ ਪੱਧਰ ‘ਤੇ ਬੇਯਕੀਨੀ ਦੇ ਹਾਲਾਤ ਕਾਰਨ ਬੇਰੁਜ਼ਗਾਰੀ ਤੇ ਮਹਿੰਗਾਈ ਦੋਨਾਂ ਦਾ ਬੋਲਬਾਲਾ ਰਹਿ ਸਕਦਾ ਹੈ। ਉਨਾਂ ਕਿਹਾ ਕਿ ਵਿਆਜ ਦਰਾਂ ਸਥਿੱਰ ਰਹਿਣਗੀਆਂ। ਉਨਾਂ ਨੇ ਵਿਕਾਸ ਦੀ ਰਫਤਾਰ ਮੱਧਮ ਹੋ ਜਾਣ ਦੀ ਚਿਤਾਵਨੀ ਵੀ ਦਿੱਤੀ। ਉਹ ਵਾਸ਼ਿੰਗਟਨ , ਡੀ ਸੀ ਤੋਂ ਬਾਹਰ ਸੋਸਾਇਟੀ ਫਾਰ ਐਡਵਾਂਸ ਬਿਜ਼ਨਸ ਐਡੀਟਿੰਗ ਐਂਡ ਰਾਈਟਿੰਗ ਕਾਨਫਰੰਸ ਵਿੱਚ ਬੋਲ ਰਹੇ ਸਨ। ਉਨਾਂ ਕਿਹਾ ਕਿ ਘੱਟੋ ਘੱਟ ਆਰਜੀ ਤੌਰ ‘ਤੇ ਮਹਿੰਗਾਈ ਤਾਂ ਵਧਣ ਦੀ ਸੰਭਾਵਨਾ ਹੈ ਹੀ ਪਰੰਤੂ ਇਹ ਵੀ ਸੰਭਾਵਨਾ ਹੈ ਕਿ ਇਹ ਲੰਬਾ ਸਮਾਂ ਰਹੇ। ਪਾਵਲ ਦੇ ਭਾਸ਼ਣ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੋਸਲ ਮੀਡੀਆ ਪਲੇਟਫਾਰਮ ਉਪਰ ਪਾਈ ਇਕ ਪੋਸਟ ਵਿਚ ਲਿਖਿਆ ਹੈ ਕਿ ਫੈਡਰਲ ਰਿਜ਼ਰਵ ਨੂੰ ਉਧਾਰ ਲਾਗਤਾਂ ਘਟਾਉਣੀਆਂ ਚਾਹੀਦੀਆਂ ਹਨ। ਟਰੰਪ ਨੇ ਕੇਂਦਰੀ ਬੈਂਕ ਦੇ ਆਗੂ ਉਪਰ ਰਾਜਨੀਤੀ ਖੇਡਣ ਦਾ ਦੋਸ਼ ਲਾਇਆ। ਉਨਾਂ ਕਿਹਾ ਕਿ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵਲ ਲਈ ਇਹ ਉਚਿੱਤ ਸਮਾਂ ਹੈ ਕਿ ਉਹ ਵਿਆਜ ਦਰਾਂ ਵਿਚ ਕਟੌਤੀ ਕਰਨ। ਇਥੇ ਜਿਕਰਯੋਗ ਹੈ ਕਿ ਟਰੰਪ ਦੁਆਰਾ ਅਮਰੀਕੀ ਦਰਾਮਦਾਂ ਉਪਰ ਐਲਾਨਿਆ 10% ਟੈਰਿਫ਼ ਤਾਂ ਅੱਜ ਤੋਂ ਹੀ ਲਾਗੂ ਹੋ ਗਿਆ ਹੈ ਜਦ ਕਿ ਵੱਖ ਵੱਖ ਦੇਸ਼ਾਂ ਉਪਰ ਲਾਏ ਟੈਰਿਫ਼ 9 ਅਪ੍ਰੈਲ ਤੋਂ ਲਾਗੂ ਹੋਣਗੇ। ਮਾਹਿਰਾਂ ਦਾ ਵਿਚਾਰ ਹੈ ਕਿ ਟਰੰਪ ਦੁਆਰਾ ਲਾਏ ਟੈਰਿਫ਼ ਅਨੁਮਾਨ ਨਾਲੋਂ ਕਿਤੇ ਵਧ ਖਤਰਨਾਕ ਹਨ। ਅਰਥਸ਼ਾਸ਼ਤਰੀ ਜੇ ਪੀ ਮੋਰਗਨ ਦਾ ਵਿਚਾਰ ਹੈ ਕਿ ਜੇਕਰ ਟੈਰਿਫ਼ ਲਾਗੂ ਰਹਿੰਦੇ ਹਨ ਤਾਂ ਕੌਮਾਂਤਰੀ ਮੰਦਾ ਆਵੇਗਾ। ਮੁੱਖ ਅਰਥਸ਼ਾਸ਼ਤਰੀ ਕੈਥੀ ਬੋਸਟਜੈਨਸਿਸ ਨੇ ਕਿਹਾ ਹੈ ਕਿ ਫੈਡਰਲ ਰਿਜ਼ਰਵ ਬਹੁਤ ਕਸੂਤੀ ਸਥਿੱਤੀ ਵਿਚ ਹੈ ਕਿਉਂਕਿ ਮਹਿੰਗਾਈ ਵਧਣੀ ਤੇ ਅਰਥ ਵਿਵਸਥਾ ਵਿੱਚ ਮੰਦਾ ਆਉਣਾ ਤੈਅ ਹੈ।