ਰੋਮ (ਇਟਲੀ) – 29 ਜੁਲਾਈ ਨੂੰ ਇਟਲੀ ਦੀ ਪ੍ਰਸਿੱਧ ਕੌਮੀ ਅਖ਼ਬਾਰ ‘ਲਾ-ਸੰਤਾਪਾ’ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਮੁਤਾਬਕ ਇਟਲੀ ਦੀ ਸਰਕਾਰ ਨੇ ਇਕ ਫ਼ੈਸਲੇ ਦੌਰਾਨ ਸਿੱਖਾਂ ਨੂੰ ਇਟਲੀ ਵਿੱਚ ਪਗੜੀ ਅਤੇ ਸਿੱਖੀ ਦੇ ਪੰਜ ਕਕਾਰਾਂ ਵਿੱਚ ਸ਼ਾਮਿਲ ਇਕ ਕਕਾਰ ਕਿਰਪਾਨ ਉੱਤੇ ਪਾਬੰਦੀ ਲਾਉਣ ਦੀ ਗੱਲ ਕਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ‘ਸਿੱਖਾਂ ਦਾ ਮੱਤ ਹੈ ਕਿ ਕਿਰਪਾਨ ਸਾਡਾ ਧਾਰਮਿਕ ਚਿੰਨ੍ਹ ਹੈ । ਪਰ ਸਾਡੇ ਇਟਾਲੀਅਨ ਕਾਨੂੰਨ ਮੁਤਾਬਿਕ ਇਹ ਕਿਸੇ ਲਈ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ ।’ ਉਪਰੋਕਤ ਟਿਪਣੀ ਦੇ ਆਧਾਰ ‘ਤੇ ਸਰਕਾਰ ਨੇ ਇਟਲੀ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਅਤੇ ਪਗੜੀ ‘ਤੇ ਕਾਨੂੰਨੀ ਤੌਰ ‘ਤੇ ਪਾਬੰਦੀ ਲਾਉਣ ਦਾ ਤੁਗਲਕੀ ਹੁਕਮ ਸੁਣਾਇਆ ਹੈ। ਇਟਲੀ ਦੀ ਵਿਰੋਧੀ ਧਿਰ ਦੀ ਪਾਰਟੀ ‘ਪਾਰਤੀਤੋਂ ਦਿਲ ਦੈਮੋਕਾਰਤੀਤੋ ਦੇ ਉੱਪ-ਮੁਖੀ ਸ੍ਰੀ ਆਂਦਰੇਅ ਸਾਰੂਬੀ ਨੇ ਇਸ ਕਾਨੂੰਨ ‘ਤੇ ਹੈਰਾਨੀ ਪ੍ਰਗਟ ਕਰਦਿਆਂ ਹੋਇਆਂ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ‘ਮੈਨੂੰ ਬਹੁਤ ਦੁੱਖ ਹੋਇਆ ਹੈ ਕਿ ਸਰਕਾਰ ਨੇ ਸਿੱਖਾਂ ਦੁਆਰਾ 2005 ਵਿੱਚ ਦਾਇਰ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹੋਇਆਂ ਇਸ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦਾ ਧਾਰਮਿਕ ਸਦਭਾਵਨਾ ਦਾ ਮਸਲਾ ਹੈ ਨਾ ਕਿ ਧਰਮਾਂ ਦੇ ਤਕਰਾਰ ਦਾ ਮਸਲਾ।’ ਇਸ ਦੇ ਸੰਬੰਧ ਵਿੱਚ ਇਟਲੀ ਦਾ ਸਿੱਖ ਭਾਈਚਾਰਾ 60 ਦਿਨਾਂ ਦੇ ਅੰਦਰ-ਅੰਦਰ ਰਾਸ਼ਟਰਪਤੀ ਨੂੰ ਇਸ ਕਾਨੂੰਨ ਦੇ ਖਿਲਾਫ਼ ਆਪਣੀ ਅਪੀਲ ਵੀ ਕਰ ਸਕਦਾ ਹੈ। ਸੰਨ 2002 ਵਿੱਚ ਕਮਿਊਨਿਸਟਾਂ ਦੀ ਸਰਕਾਰ ਵੇਲੇ ਅਗਾਂਹਵਧੂ ਅਤੇ ਪ੍ਰਗਤੀਵਾਦੀ ਵਿਚਾਰਾਂ ਦੇ ਧਾਰਨੀ ਕਰਕੇ ਜਾਣੇ ਜਾਂਦੇ ਪ੍ਰਧਾਨ ਮੰਤਰੀ ਸ੍ਰੀ ਰੋਮਾਨੋ ਪਰੋਦੀ ਨੇ ਸਿੱਖਾਂ ਨੂੰ ਚਾਰ ਇੰਚ ਦੀ ਕਿਰਪਾਨ ਪਹਿਨਣ ਦਾ ਕਾਨੂੰਨੀ ਤੌਰ ‘ਤੇ ਅਧਿਕਾਰ ਦੇ ਦਿੱਤਾ ਸੀ। ਪਰ ਕੁਝ ਅਖੌਤੀ ?ਸਿੱਖਾਂ ਨੇ ਆਪਣੀਆਂ ਨਿੱਜੀ ਰੰਜਿਸ਼ਾਂ ਅਤੇ ਰਾਜਸੀ ਭੁੱਖ ਕਰਕੇ ਇਸ ਮਸਲੇ ਨੂੰ ਵਿਗਾੜ ਲਿਆ ਜਿਸ ਕਰਕੇ ਇਹ ਕੇਸ ਨਤੀਜੇ ਵਜੋਂ ਹਾਰ ਦੇ ਰੂਪ ਵਿੱਚ ਸਾਹਮਣੇ ਆਇਆ। ਹੁਣ ਸਿੱਖਾਂ ਨੂੰ ਕਿਰਪਾਨ ਪਹਿਨਣ ਤੇ ਕਾਨੂੰਨੀ ਉਲਝਣਾਂ ਅਤੇ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
International News ਇਟਲੀ ਦੇ ਸਿੱਖ ਪਗੜੀ ਤੇ ਕਿਰਪਾਨ ਦਾ ਕੇਸ ਹਾਰੇ