ਇਨਕਲਾਬੀ ਰਹਿਬਰ: ਗੁਰੂ ਗੋਬਿੰਦ ਸਿੰਘ ਜੀ

18 ਜਨਵਰੀ : ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ‘ਤੇ ਵਿਸ਼ੇਸ਼
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜ਼ਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿੱਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿੱਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿੱਚੋਂ ਹਕੂਮਤੀ ਜ਼ਬਰ ਦੇ ਸਹਿਮ ਨੂੰ ਦੂਰ ਕਰਨ ਲਈ ਤਿਆਰ-ਬਰ-ਤਿਆਰ ਹਥਿਆਰਬੰਦ ਖਾਲਸਾ-ਪੰਥ ਦੀ ਸਿਰਜਨਾ ਕੀਤੀ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ, ਸਵੈਮਾਨ ਨਾਲ ਜ਼ਿੰਦਗੀ ਜੀਣ ਲਈ ਪ੍ਰੇਰਿਆ : ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮ ਜੇਤਾ ਕਿਛੁ ਖਾਇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੪੨)। ਗੁਰੂ ਜੀ ਨੂੰ ਇਕ ਪਾਸੇ ਕੱਟੜ ਮੁਗਲ ਹਕੂਮਤ ਅਤੇ ਦੂਜੇ ਪਾਸੇ ਲੋਭੀ, ਕਰਮ-ਕਾਂਡੀ, ਧਾਰਮਿਕ ਪ੍ਰੰਪਰਾਵਾਂ ਦੀ ਧਾਰਨੀ, ਜਾਤ-ਪਾਤ, ਵਰਣ-ਵੰਡ ਅਧਾਰਿਤ ਵੰਡੀ ਬ੍ਰਹਾਮਣੀ ਜਮਾਤ ਦੇ ਨਾਲ-ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ। ਇਨ੍ਹਾਂ ਸਮਾਜ-ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜੀਵਨ ਭਰ ਸੰਘਰਸ਼ ਕਰਨਾ ਪਿਆ।
ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਉਦੇਸ਼ ‘ਸੱਚ’ ਧਰਮ ਦੀ ਸਥਾਪਨਾ, ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗੁਲਾਮ ਮਾਨਸਿਕਤਾ ਹੈ। ਉਨ੍ਹਾਂ ਦੁਆਰਾ ਧਰਮ ਯੁੱਧ ਕਰਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ-ਜ਼ੁਲਮ ਤੇ ਧੱਕੇਸ਼ਾਹੀ ਨੂੰ ਰੋਕਣਾ ਸੀ। ਧਰਮ ਦੀ ਸਥਾਪਨਾ, ਨੇਕਾ-ਜਨਾਂ ਦੀ ਰੱਖਿਆ ਅਤੇ ਦੁਸ਼ਟਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ-ਉਦੇਸ਼ ਨੂੰ ਆਪ ‘ਬਚਿਤ੍ਰ ਨਾਟਕ’ ਵਿੱਚ ਭਲੀ-ਭਾਂਤ ਸਪੱਸ਼ਟ ਕਰਦੇ ਹਨ:
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥…
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥
ਦਸਮੇਸ਼ ਪਿਤਾ ਜੀ ਨੇ ਅਖੌਤੀ ਧਾਰਮਿਕ ਲੋਕਾਂ ਵਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਖੂਬ ਪਾਜ ਉਘੇੜਿਆ। ਆਪਣੀ ਬਾਣੀ ਵਿੱਚ ਉਨ੍ਹਾਂ ਨੇ ਇਨ੍ਹਾਂ ਪਾਖੰਡਾਂ ਅਤੇ ਕਰਮਕਾਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆ। ਆਪ ਜੀ ਆਪਣੀ ਬਾਣੀ ਵਿੱਚ ਦੱਸਦੇ ਹਨ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਬਗੁਲ ਸਮਾਧੀਆਂ ਨਾਲ ਅਕਾਲ-ਪੁਰਖ ਦੀ ਭਗਤੀ ਤੇ ਪ੍ਰਾਪਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਗੁਰੂ ਜੀ ਨੇ ਪ੍ਰਚਲਿਤ ਅਖੌਤੀ ਧਾਰਮਿਕ ਵਿਸ਼ਵਾਸਾਂ ਦਾ ਖੰਡਨ ਬੇਖੌਫ ਹੋ ਕੇ ਕੀਤਾ ਅਤੇ ਲੋਕਾਂ ਨੂੰ ‘ਸੱਚ’ ਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ:
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ
ਬੈਠਿ ਰਹਿਓ ਬਕ ਧਿਆਨ ਲਗਾਇਓ॥ 
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ 
ਲੋਕ ਗਯੋ ਪਰਲੋਕ ਗਵਾਇਓ॥
ਬਾਸ ਕੀਓ ਬਿਖਿਆਨ ਸੋ ਬੈਠ ਕੈ
ਐਸੇ ਹੀ ਐਸੇ ਸੁ ਬੈਸ ਬਿਤਾਇਓ॥
ਸਾਚੁ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥੯॥੨੯॥
ਅਜੋਕੀ ਦੁਨੀਆਂ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਸਤਿਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ। ਪਰ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਸਮੁੱਚੀ ਮਨੁੱਖਤਾ ਵਿੱਚ ਇਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ, ਸਾਰੇ ਇਕੋ ਮਿੱਟੀ ਦੇ ਬਣੇ ਹੋਏ ਹਨ, ਇਸ ਲਈ ਹਿੰਦੂ, ਮੁਸਲਮਾਨ, ਜੋਗੀ ਆਦਿ ਫਿਰਕੂ ਵੰਡੀਆਂ ਦੇ ਆਧਾਰ ‘ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂ। ਇਸ ਲਈ ਮਾਨਵਤਾ ਨੂੰ ਇਕ ਇਕਾਈ ਮੰਨਦਿਆਂ ਹੋਇਆਂ ਸਭ ਨੂੰ ਉਸੇ ਦਾ ਸਰੂਪ ਸਮਝਣਾ ਚਾਹੀਦਾ ਹੈ:
ਕੋਊ ਭਇਓ ਮੁੰਡੀਆਮe ਸੰਨਿਆਸੀ ਕੋਊ ਜੋਗੀ ਭਇਓ
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ 
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ
ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥੧੫॥੮੫॥
ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ ਨਾਲ ਲਾਇਆ। ਸਦੀਆਂ ਤੋਂ ਗੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿੱਚ ਅਣਖ ਅਤੇ ਸਵੈਮਾਨ ਦੀ ਭਾਵਨਾ ਨੂੰ ਜਗਾ ਦਿੱਤਾ। ਇਹੀ ਲੋਕ ਗੁਰੂ-ਕਿਰਪਾ ਦੇ ਪਾਤਰ ਬਣ ਕੇ ਖਾਲਸਾ ਸਜੇ ਅਤੇ ਗੁਰੂ-ਨਜ਼ਰਾਂ ਵਿੱਚ ਪ੍ਰਵਾਨ ਚੜ੍ਹੇ। ਗੁਰੂ ਜੀ ਇਨ੍ਹਾਂ ਦੇ ਕਿਰਦਾਰ, ਵਿਹਾਰ ਤੇ ਅਚਾਰ ‘ਤੇ ਤਸੱਲੀ ਪ੍ਰਗਟ ਕਰਦੇ ਰਹਿੰਦੇ ਹਨ:
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ
ਨਹੀ ਮੋ ਸੋ ਗਰੀਬ ਕਰੋਰ ਪਰੇ॥         (ਦਸਮ ਗ੍ਰੰਥ, ਪੰਨਾ ੭੧੬) 
ਦੁਨੀਆਂ ਦੇ ਇਤਿਹਾਸ ਵਿੱਚ ਇਹ ਇਕ ਵੱਡਾ ਇਨਕਲਾਬ ਮੰਨਿਆ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਆਪਣੇ ਬਰਾਬਰ ਗੁਰੂ ਦਾ ਦਰਜਾ ਦਿੱਤਾ। ਦੁਨੀਆਂ ਦੇ ਕਿਸੇ ਵੀ ਧਾਰਮਿਕ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਬਰਾਬਰੀ ਦਾ ਰੁਤਬਾ ਨਹੀਂ ਦਿੱਤਾ। ਪਰ ਦਸਮ-ਪਿਤਾ ਧੰਨ ਹਨ ਜਿਨ੍ਹਾਂ ‘ਖਾਲਸੇ’ ਨੂੰ ਆਪਣਾ ਰੂਪ ਦੱਸ ਕੇ ਬਰਾਬਰਤਾ ਹੀ ਨਹੀਂ ਦਿੱਤੀ ਬਲਕਿ ਆਪਣਾ ਗੁਰੂ ਵੀ ਸਵੀਕਾਰ ਕੀਤਾ। ਇਹ ਇਕ ਇਤਿਹਾਸਕ ਸੱਚਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕਰ ਕੇ ਗੁਰ ਦੀਖਿਆ ਦਾ ਅਧਿਕਾਰ ਵੀ ‘ਗੁਰੂ-ਪੰਥ’ ਨੂੰ ਸੌਂਪ ਦਿੱਤਾ। ਆਪ ਖਾਲਸੇ ਨੂੰ ਆਪਣਾ ਰੂਪ ਅਤੇ ‘ਗੁਰੂ’ ਸਵੀਕਾਰ ਕਰਦੇ ਹੋਏ ਫੁਰਮਾਉਂਦੇ ਹਨ:
ਖ਼ਾਲਸਾ ਮੇਰੋ ਰੂਪ ਹੈ ਖਾਸ।
ਖ਼ਾਲਸੇ ਮੈ ਹਉ ਕਰਉ ਨਿਵਾਸ।…..
ਖ਼ਾਲਸਾ ਮੇਰੋ ਸਤਿਗੁਰ ਪੂਰਾ।
ਖ਼ਾਲਸਾ ਮੇਰੋ ਸਜਣ ਸੂਰਾ।
ਦੁਨੀਆਂ ਦੇ ਹੋਰਨਾਂ ਧਾਰਮਿਕ ਰਹਿਬਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਵਾਇਆ, ਆਪਣਾ ਨਾਮ ਨਹੀਂ ਜਪਾਇਆ ਅਤੇ ਨਾ ਹੀ ਆਪਣੇ ਨਾਮ ਦਾ ਧਰਮ ਚਲਾਇਆ। ਆਪਣੇ ਆਪ ਨੂੰ ਅਕਾਲ ਪੁਰਖ, ਵਾਹਿਗੁਰੂ ਦਾ ਦਾਸ, ਸੇਵਕ ਦੱਸਦਿਆਂ, ਉਨ੍ਹਾਂ ਬੜੀ ਸਖ਼ਤ ਹਦਾਇਤ ਕੀਤੀ ਕਿ ਮੈਨੂੰ ਪਰਮਾਤਮਾ ਨਹੀਂ ਸਮਝਣਾ:
ਜੋ ਹਮ ਕੋ ਪਰਮੇਸਰ ਉਚਿਰਹੈਂ॥
ਤੇ ਸਭ ਨਰਕ ਕੁੰਡ ਮਹਿ ਪਰਿਹੈਂ॥
ਮੋ ਕੌ ਦਾਸ ਤਵਨ ਕਾ ਜਾਨੋ॥
ਯਾ ਮੈ ਭੇਦ ਨ ਰੰਚ ਪਛਾਨੋ॥੩੨॥
  (ਬਚ੍ਰਿਤ ਨਾਟਕ)
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿੱਚ ਇਕ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਇਨਕਲਾਬੀ ਤੇ ਇਤਿਹਾਸਕ ਤਬਦੀਲੀ ਲਿਆਂਦੀ। ਅਜੋਕੇ ਦੇਹਧਾਰੀ ਗੁਰੂਆਂ, ਅਖੌਤੀ ਸਾਧਾਂ-ਸੰਤਾਂ ਅਤੇ ਮਹਾਤਮਾਵਾਂ ਨੂੰ ਦਸਮੇਸ਼ ਪਿਤਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਭੇਖ ਤੇ ਅਡੰਬਰ, ਵਿਖਾਵੇ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਕਰਮਕਾਡਾਂ ਦੇ ਅੰਧਕਾਰ ਵਿੱਚ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗੁਰਦੇਵ ਪਿਤਾ ਵਲੋਂ ਦਿੱਤੇ ਨਾਹਰੇ, ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ’ ਦੇ ਧਾਰਨੀ ਬਣ, ਭਰਮ-ਭੇਖ ਤੋਂ ਸੁਤੰਤਰ ਹੋ, ਗੁਰੂ ਦੇ ਸਪੁੱਤਰ ਹੋਣ ਵਿੱਚ ਮਾਣ ਤੇ ਸਤਿਕਾਰ ਮਹਿਸੂਸ ਕਰਨਾ ਚਾਹੀਦਾ ਹੈ।
ਰੂਪ ਸਿੰਘ
ਈ-ਮੇਲ: roopsz@yahoo.com