ਆਕਲੈਂਡ, 11 ਸਤੰਬਰ (ਹਰਜਿੰਦਰ ਸਿੰਘ ਬਸਿਆਲਾ) –ਇਮੀਗ੍ਰੇਸ਼ਨ ਨਿਊਜ਼ੀਲੈਂਡ ਹੁਣ ਉਨ੍ਹਾਂ ਵਿਦੇਸ਼ੀ ਲੋਕਾਂ ਦੀ ਸਹਾਇਤਾ ਵਾਸਤੇ ਅੱਗੇ ਆ ਰਹੀ ਹੈ ਜਿਹੜੇ ਲੋਕ ਇੱਥੇ ਆਏ ਹੋਏ ਸਨ ਪਰ ਕੋਵਿਡ-19 ਕਰਕੇ ਇੱਥੇ ਹੀ ਅਟਕ ਕੇ ਰਹਿ ਗਏ ਅਤੇ ਵਾਪਸ ਜਾਣ ਤੋਂ ਅਸਮਰਥ ਹੋ ਗਏ। ਪੈਸਾ ਖ਼ਰਚਿਆ ਗਿਆ ਅਤੇ ਆਰਥਿਕ ਸੰਕਟ ਦੇ ਵਿੱਚ ਘਿਰ ਗਏ। ਸਰਕਾਰ ਹੁਣ ਉਹ ਪੈਸਾ ਇਨ੍ਹਾਂ ਲੋਕਾਂ ਦੀ ਵਤਨ ਵਾਪਸੀ ਵਾਸਤੇ ਵਰਤੇਗੀ ਜਿਹੜਾ ਪੈਸਾ ਦੇਸ਼ ਨਿਕਾਲੇ ਵਾਲੇ ਲੋਕਾਂ ਦਾ ਅਣਖਰਚਿਆ ਪਿਆ ਹੋਇਆ ਸੀ। ਵਿੱਤੀ ਸੰਕਟ ਨਾਲ ਜੂਝ ਰਹੇ ਲੋਕਾਂ ਲਈ ਇਹ ਸਹਾਇਤਾ ਸਹੀ ਸਮੇਂ ਕੀਤੀ ਗਈ ਯੋਗ ਵਰਤੋਂ ਹੋਵੇਗੀ। ਇਹ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਪਰਖਿਆ ਜਾਵੇਗਾ ਕਿ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰ ਰਿਹਾ ਚਾਹੇ ਉਸ ਦੇ ਦੇਸ਼ ਦੀ ਸਰਕਾਰ ਹੋਵੇ ਜਾਂ ਉਸ ਦੇ ਦੇਸ਼ ਦਾ ਹਾਈ ਕਮਿਸ਼ਨ ਹੋਵੇ। ਅੰਦਰੂਨੀ ਮਾਮਲਿਆਂ ਦਾ ਵਿਭਾਗ ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰੇਗਾ ਅਤੇ ਸਾਰੀ ਸੂਚਨਾ ਇਮੀਗ੍ਰੇਸ਼ਨ ਵਿਭਾਗ ਨੂੰ ਦੇਵੇਗਾ। ਜਿਹੜੇ ਲੋਕ ਇਸ ਸਹਾਇਤਾ ਦੇ ਨਾਲ ਆਪਣੇ ਵਤਨੀ ਮੁੜ ਜਾਣਗੇ ਉਨ੍ਹਾਂ ਨੂੰ ਇਹ ਪੈਸੇ ਉਦੋਂ ਦੁਬਾਰਾ ਦੇਣੇ ਹੋਣਗੇ ਜਦੋਂ ਉਹ ਦੁਬਾਰਾ ਵਾਪਸ ਲਈ ਨਿਊਜ਼ੀਲੈਂਡ ਦਾ ਵੀਜ਼ਾ ਪ੍ਰਾਪਤ ਕਰਨਗੇ। ਇਮੀਗ੍ਰੇਸ਼ਨ ਅਜਿਹੇ ਲੋਕਾਂ ਦੀ ਟਿਕਟ ਦਾ ਖਰਚਾ ਅਦਾ ਕਰੇਗੀ। ਸੋ ਸਰਕਾਰ ਇਕ ਤਰ੍ਹਾਂ ਨਾਲ ਪੈਸੇ ਉਧਾਰ ਦੇ ਕੇ ਲੋਕਾਂ ਨੂੰ ਵਤਨ ਭੇਜਣ ਦਾ ਪ੍ਰਬੰਧ ਕਰ ਰਹੀ ਹੈ। ਜਿਨ੍ਹਾਂ ਨੇ ਮੁੜ ਨਿਊਜ਼ੀਲੈਂਡ ਦੇ ਦਰਸ਼ਨ ਕਰਨੇ ਹੋਣਗੇ ਉਹ ਅਗਲਾ-ਪਿਛਲਾ ਹਿਸਾਬ ਚੁੱਕਦਾ ਕਰ ਦੇਣਗੇ ਅਤੇ ਵੀਜ਼ੇ ਵਾਲੀ ਈਮੇਲ ਪ੍ਰਾਪਤ ਕਰਨ ਦੇ ਯੋਗ ਹੋਣਗੇ। ਸੋ ਸਰਕਾਰਾਂ ਕਿਹੜੇ ਘੱਟ ਸਿਆਣੀਆਂ ਸਿੱਧਾ ਸੁਨੇਹਾ ਦੇ ਰਹੀਆਂ ਹਨ ਇਕ ਵਾਰ ਚਲੇ ਜਾਓ….ਦੁੱਗਣੇ ਪੈਸੇ ਹੋਏ ਤਾਂ ਦੁਬਾਰਾ ਇੱਧਰ ਦਾ ਖ਼ਿਆਲ ਕਰਿਓ ਨਹੀਂ ਤਾਂ ਤੁਸੀਂ ਆਪਣੇ ਦੇਸ਼ ਰਾਜ਼ੀ..ਅਸੀਂ ਆਪਣੇ ਦੇਸ਼ ਰਾਜ਼ੀ ਭਾਵੇਂ ਉਧਾਰ ਲਈ ਰੱਖਿਓ।
Home Page ਇਮੀਗ੍ਰੇਸ਼ਨ ਨਿਊਜ਼ੀਲੈਂਡ ਵਿੱਤੀ ਸੰਕਟ ਨਾਲ ਜੂਝ ਰਹੇ ਵਿਦੇਸ਼ੀ ਲੋਕਾਂ ਦੀ ਵਤਨ ਵਾਪਸੀ...