ਵੈਲਿੰਗਟਨ, 30 ਸਤੰਬਰ – ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਕੋਰੋਨਾ ਮਹਾਂਮਾਰੀ ਦੇ ਕਾਰਣ ਇੱਥੇ ਫਸੇ ਲਗਭਗ 1,65,000 ਮਾਈਗ੍ਰੈਂਟ ਵਰਕਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ‘ਵੰਨ ਆਫ਼ ਰੈਜ਼ੀਡੈਂਸੀ ਵੀਜ਼ਾ’ ਦੇਣ ਦਾ ਐਲਾਨ ਕੀਤਾ। ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਅੱਜ ਸਵੇਰੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸਕੀਮ ਐਲਾਨ ਕੀਤਾ, ਜਿਸ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਨਿਊਜ਼ੀਲੈਂਡ ਦੇ ਕਾਰੋਬਾਰਾਂ ਨੂੰ ਯਕੀਨ ਦਿਵਾਏਗਾ ਤਾਂ ਜੋ ਉਹ ਭਵਿੱਖ ਦੀ ਯੋਜਨਾ ਬਣਾ ਸਕਣ।
‘ਵੰਨ ਆਫ਼ ਰੈਜ਼ੀਡੈਂਸੀ ਵੀਜ਼ਾ’ ਲਈ ਲਗਭਗ 1,65,000 ਮਾਈਗ੍ਰੈਂਟ ਵਰਕਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਸਤੇ ਰਿਹਾਇਸ਼ ਦਾ ਰਸਤਾ ਬਣੇਗਾ, ਜਿਸ ਵਿੱਚ 5,000 ਤੋਂ ਵੱਧ ਸਿਹਤ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਕਾਮੇ (Health And Aged-Care Workers), ਲਗਭਗ 9,000 ਪ੍ਰਾਇਮਰੀ ਉਦਯੋਗ ਕਰਮਚਾਰੀ (Primary Industry Workers) ਅਤੇ 800 ਤੋਂ ਵੱਧ ਅਧਿਆਪਕ (Teachers) ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਲਗਭਗ 15,000 ਨਿਰਮਾਣ (Construction Workers) ਅਤੇ 12,000 ਉਦਯੋਗਿਕ ਕਰਮਚਾਰੀ (Manufacturing Workers) ਵੀ ਹਨ, ਜਿਨ੍ਹਾਂ ਵਿੱਚੋਂ ਕੁੱਝ ‘ਵੰਨ ਆਫ਼ ਰੈਜ਼ੀਡੈਂਸੀ ਵੀਜ਼ਾ’ ਦੇ ਯੋਗ ਹੋਣਗੇ।
ਸ੍ਰੀ ਫਾਫੋਈ ਨੇ ਕਿਹਾ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੀਜ਼ਾ ਧਾਰਕਾਂ ਨਾਲ ਸੰਪਰਕ ਕਰੇਗਾ ਜੋ ਅਪਲਾਈ ਕਰਨ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ‘2021 ਰੈਜ਼ੀਡੈਂਟ ਵੀਜ਼ੇ’ ਲਈ ਅਰਜ਼ੀਆਂ ਦੋ ਪੜਾਵਾਂ ਵਿੱਚ 1 ਦਸੰਬਰ, 2021 ਅਤੇ 1 ਮਾਰਚ, 2021 ਨੂੰ ਖੁੱਲ੍ਹਣਗੀਆਂ। ਅਰਜ਼ੀਆਂ 31 ਜੁਲਾਈ 2022 ਤੱਕ ਦਿੱਤੀਆਂ ਜਾ ਸਕਣੀਆਂ। ਇਸ ਵਿੱਚ ਇੱਕ ਸੁਚਾਰੂ ਅਰਜ਼ੀ ਪ੍ਰਕਿਰਿਆ ਸ਼ਾਮਲ ਹੋਵੇਗੀ ਜਿਸ ਵਿੱਚ ਐਪਲੀਕੇਂਟਸ ਨੂੰ ਹੈਲਥ ਸਰਟੀਫਿਕੇਟ, ਪੁਲਿਸ ਕਲੀਅਰੈਂਸ, ਸਕਿਉਰਿਟੀ ਚੈੱਕ, ਗੁੱਡ ਕਰੈਕਟਰ ਵਰਗੇ ਮਾਪਦੰਡ ਪੂਰੇ ਕਰਨੇ ਪੈਣਗੇ ਅਤੇ ਜ਼ਿਆਦਾਤਰ ਅਰਜ਼ੀਆਂ ਸ਼੍ਰੇਣੀ ਦੇ ਖੁੱਲ੍ਹਣ ਦੇ ਇੱਕ ਸਾਲ ਦੇ ਅੰਦਰ ਮਨਜ਼ੂਰ ਕੀਤੀਆਂ ਜਾਣਗੀਆਂ।
ਇਹ ਵੀਜ਼ਾ ਜ਼ਿਆਦਾਤਰ ਕੰਮ ਨਾਲ ਸਬੰਧਿਤ ਵੀਜ਼ਾ ਧਾਰਕਾਂ ਲਈ ਉਪਲਬਧ ਹੋਵੇਗਾ, ਜਿਨ੍ਹਾਂ ਵਿੱਚ ਜ਼ਰੂਰੀ ਹੁਨਰ, ਵਰਕ ਟੂ ਰੈਜ਼ੀਡੈਂਸੀ ਅਤੇ ਪੋਸਟ ਸਟੱਡੀ ਵਰਕ ਵੀਜ਼ਾ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਸ਼ਾਮਲ ਹਨ। ਇਸ ਸਕੀਮ ਦੇ ਯੋਗ ਹੋਣ ਦੇ ਲਈ 29 ਸਤੰਬਰ 2021 ਨੂੰ ਨਿਊਜ਼ੀਲੈਂਡ ਹੋਣਾ ਚਾਹੀਦਾ ਹੈ ਤੇ ਉਸ ਕੋਲ ਵਰਕ ਵੀਜ਼ਾ ਹੋਵੇ ਜਾਂ ਅਪਲਾਈ ਕੀਤਾ ਹੋਵੇ। ਉਨ੍ਹਾਂ ਨੂੰ ਹੇਠ ਲਿਖੇ ਮਾਪਦੰਡਾਂ ਵਿੱਚੋਂ ਇੱਕ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ, ਜਿਵੇਂ :-
- ਨਿਊਜ਼ੀਲੈਂਡ ਰਹਿੰਦੇ ਨੂੰ 3 ਸਾਲ ਜਾਂ ਜ਼ਿਆਦਾ ਸਮਾਂ ਹੋ ਗਿਆ ਹੋਵੇ, ਜਾਂ
- ਤਨਖ਼ਾਹ ਪ੍ਰਤੀ ਘੰਟਾ 27 ਡਾਲਰ ਜਾਂ ਇਸ ਤੋਂ ਵੱਧ ਕਮਾ ਰਿਹਾ ਹੋਵੇ, ਜਾਂ
- ਸਕਿੱਲ ਸ਼ਾਰਟੇਜ਼ ਲਿਸਟ (ਹੁਨਰਮੰਦਾਂ ਦੀ ਘਾਟ ਵਾਲੀ ਸ਼੍ਰੇਣੀ) ਦੇ ਵਿੱਚ ਕੰਮ ਕਰਦਾ ਹੋਵੇ, ਜਾਂ
- ਆਪਣੇ ਕਿੱਤੇ ਦੀ ਰਜਿਸਟ੍ਰੇਸ਼ਨ ਹੋਈ ਹੋਵੇ ਅਤੇ ਉਹ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਕੰਮ ਕਰਦਾ ਹੋਵੇ, ਜਾਂ
- ਨਿੱਜੀ ਦੇਖਭਾਲ ਖੇਤਰ ਜਾਂ ਨਾਜ਼ੁਕ ਸਿਹਤ ਵਾਲੇ ਵਿਅਕਤੀਆਂ ਲਈ ਸਿਹਤ ਕਰਮਚਾਰੀ ਦੀ ਭੂਮਿਕਾ ਵਿੱਚ ਹੋਵੇ ਜਾਂ
- ਪ੍ਰਾਇਮਰੀ ਉਦਯੋਗ (ਡੇਅਰੀ ਉਦਯੋਗ, ਗਾਵਾਂ ਤੇ ਭੇਡਾਂ ਦੇ ਫਾਰਮ, ਜੰਗਲਾਤ, ਜਾਨਵਰ ਦੇਖ-ਭਾਲ, ਸਾਇੰਸ ਤੇ ਖੋਜ਼, ਮੱਛੀ ਤੇ ਹਾਰਟੀਕਲਚਰ ਆਦਿ) ਦੇ ਵਿੱਚ ਖ਼ਾਸ ਰੋਲ ਅਦਾ ਕਰ ਰਿਹਾ ਹੋਵੇ।
ਵੀਜ਼ਾ ਉਨ੍ਹਾਂ ਲੋਕਾਂ ਲਈ ਵੀ ਉਪਲਬਧ ਹੋਵੇਗਾ ਜੋ ਨਿਊਜ਼ੀਲੈਂਡ ਵਿੱਚ ਨਾਜ਼ੁਕ ਕਾਮਿਆਂ (Critical Workers) ਦੇ ਰੂਪ ਵਿੱਚ 31 ਜੁਲਾਈ 2022 ਤੱਕ 6 ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਦਾਖਲ ਹੁੰਦੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਸਕੀਮ ਵਿੱਚ ਸ਼ਾਮਿਲ ਹੋਣਗੇ। ਵੀਜ਼ਾ ਧਾਰਕ ਆਪਣੇ ਪਾਰਟਨਰ ਅਤੇ ਨਿਰਭਰ ਲੋਕਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ.
ਸ੍ਰੀ ਫਾਫੋਈ ਨੇ ਕਿਹਾ ਕਿ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇਗਾ ਅਤੇ ਸ਼੍ਰੇਣੀ ਖੁੱਲ੍ਹਣ ਦੇ ਇੱਕ ਸਾਲ ਦੇ ਅੰਦਰ ਬਹੁਤੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ। “2021 ਰੈਜ਼ੀਡੈਂਟ ਵੀਜ਼ਾ ਉਨ੍ਹਾਂ ਹੁਨਰਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਵਿੱਚ ਸਾਡੀ ਸਹਾਇਤਾ ਕਰੇਗਾ ਜਿਨ੍ਹਾਂ ਦੀ ਸਾਡੇ ਕਾਰੋਬਾਰਾਂ ਨੂੰ ਕੋਵਿਡ -19 ਕਾਰਣ ਕਿਰਤ ਦੇ ਦਬਾਅ ਨੂੰ ਦੂਰ ਕਰਨ ਵਿੱਚ ਮਦਦ ਕਰਨ ਦੇ ਲਈ ਜ਼ਰੂਰਤ ਹੈ”। ਉਨ੍ਹਾਂ ਕਿਹਾ ਕਿ, “ਇਨ੍ਹਾਂ ਸਾਰਿਆਂ ਨੇ ਪਿਛਲੇ 18 ਮਹੀਨਿਆਂ ਤੋਂ ਸਾਡੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ”।
ਉਨ੍ਹਾਂ ਕਿਹਾ ਇਸ ਨਾਲ ਰੁਜ਼ਗਾਰਦਾਤਾਵਾਂ ਨੂੰ ਹੁਣ ਉਨ੍ਹਾਂ ਦੇ ਸਥਾਈ ਅਤੇ ਹੁਨਰਮੰਦ ਪ੍ਰਵਾਸੀ ਕਾਮਿਆਂ ਨੂੰ ਬਰਕਰਾਰ ਰੱਖਣ ਦਾ ਮੌਕਾ ਮਿਲੇਗਾ, ਜੋ ਸਾਡੀ ਅਰਥ ਵਿਵਸਥਾ, ਜ਼ਰੂਰੀ ਕਰਮਚਾਰੀਆਂ ਅਤੇ ਭਾਈਚਾਰਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਦਰਸਾਉਂਦੇ ਹਨ।
ਸ੍ਰੀ ਫਾਫੋਈ ਨੇ ਕਿਹਾ ਕਿ ਇਹ ਨਵਾਂ ਵੀਜ਼ਾ ਉਨ੍ਹਾਂ ਲੋਕਾਂ ਲਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮੁੜ ਸੰਤੁਲਿਤ ਕਰਨ ਦਾ ਹਿੱਸਾ ਹੈ ਜੋ ਸਾਡੀਆਂ ਸਰਹੱਦਾਂ ਦੁਬਾਰਾ ਖੁੱਲ੍ਹਣ ‘ਤੇ ਨਿਊਜ਼ੀਲੈਂਡ ਵਿੱਚ ਕੰਮ, ਪੜ੍ਹਾਈ ਅਤੇ ਰਹਿਣ ਲਈ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਸਕੀਮ ਦੇ ਵਿੱਚ ਵਿਜ਼ਟਰ ਵੀਜ਼ਾ, ਵਿਦਿਆਰਥੀ ਵੀਜ਼ਾ, ਛੁੱਟੀਆਂ ਦੌਰਾਨ ਕੰਮ, ਅਤੇ ਸੀਜ਼ਨਲ ਇੰਪਲਾਇਰ ਵਰਕਰਜ਼ ਸ਼ਾਮਿਲ ਨਹੀਂ ਹਨ।
ਸ੍ਰੀ ਫਾਫੋਈ ਨੇ ਕਿਹਾ ਕਿ ਇਮੀਗ੍ਰੇਸ਼ਨ ਵਿੱਚ ਤਬਦੀਲੀਆਂ ਪ੍ਰਵਾਸੀਆਂ ਨੂੰ ਇੱਥੇ ਉਨ੍ਹਾਂ ਦੇ ਭਵਿੱਖ ਬਾਰੇ ਯਕੀਨ ਦਿਵਾਉਂਦੀਆਂ ਹਨ, ਜਿਸ ਨਾਲ ਉਹ ਰਹਿ ਸਕਣ ਅਤੇ ਉਨ੍ਹਾਂ ਬਹੁਤ ਸਾਰੇ ਪਰਿਵਾਰਾਂ ਨੂੰ ਦੁਬਾਰਾ ਮਿਲਾਉਣ ਵਿੱਚ ਸਹਾਇਤਾ ਕਰੇਗੀ ਜੋ ਕੋਵਿਡ -19 ਕਰਕੇ ਸਰਹੱਦੀ ਪਾਬੰਦੀਆਂ ਦੁਆਰਾ ਵੱਖ ਹੋਏ ਸਨ। ਅਸੀਂ ਕੋਵਿਡ -19 ਦੀ ਅਨਿਸ਼ਚਿਤਤਾ ਅਤੇ ਮੁਸ਼ਕਲਾਂ ਨੂੰ ਮੰਨਦੇ ਹਾਂ ਅਤੇ ਸਾਡੀਆਂ ਬੰਦ ਸਰਹੱਦਾਂ ਸਾਡੇ ਪ੍ਰਵਾਸੀ ਭਾਈਚਾਰੇ ਦਾ ਕਾਰਣ ਬਣਿਆ ਹਨ।
ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਵਿੱਚ ਰੈਜ਼ੀਡੈਂਸੀ ਅਰਜ਼ੀਆਂ ‘ਤੇ ਪ੍ਰਕਿਰਿਆ ਬੰਦ ਕਰਨ ਅਤੇ ਫਿਰ ਇਸ ਸਾਲ ਦਿਲਚਸਪੀ ਦੇ ਪ੍ਰਗਟਾਵੇ (Expressions Of Interest) ‘ਤੇ ਰੋਕ ਲਗਾਉਣ ਤੋਂ ਬਾਅਦ ਫਾਫੋਈ ਮਹੀਨਿਆਂ ਤੋਂ ਦਬਾਅ ਵਿੱਚ ਸਨ। ਰੈਜ਼ੀਡੈਂਸੀ ਕਤਾਰ ਵਿੱਚ 30,000 ਤੋਂ ਵੱਧ ਅਰਜ਼ੀਆਂ ਹਨ, ਅਤੇ ਇਸ ਤੋਂ ਇਲਾਵਾ 11,400 ਹੋਰ ਦਿਲਚਸਪੀ ਦੇ ਪ੍ਰਗਟਾਵੇ (Expressions Of Interest) ਸ਼ਾਮਿਲ ਹਨ, ਜਿਨ੍ਹਾਂ ਵਿੱਚ ਲਗਭਗ 26,000 ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹਨ। ਬਹੁਤ ਸਾਰੇ ਜਿਹੜੇ ਇੱਥੇ ਕੰਮ ਦੇ ਵੀਜ਼ੇ ‘ਤੇ ਆਏ ਸਨ ਪਰ ਬੇਚੈਨੀ ਵਿੱਚ ਫਸੇ ਹੋਏ ਸਨ, ਉਹ ਦੇਸ਼ ਛੱਡ ਰਹੇ ਹਨ, ਜਿਨ੍ਹਾਂ ਵਿੱਚ ਨਾਜ਼ੁਕ ਦੇਖਭਾਲ ਨਰਸਾਂ (Critical Care Nurses) ਅਤੇ ਡਾਕਟਰ ਸ਼ਾਮਲ ਹਨ। ‘ਵੰਨ ਆਫ਼ ਰੈਜ਼ੀਡੈਂਸੀ ਵੀਜ਼ਾ’ ਪਾਥਵੇਅ ਗ਼ਲਤੀ ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੈੱਬਸਾਈਟ ‘ਤੇ ਬੁੱਧਵਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਨਾਲ ਕਿਆਸਅਰਾਈਆਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਸੀ ਕਿ ਕੋਈ ਐਲਾਨ ਨੇੜੇ ਆ ਰਿਹਾ ਹੈ।