ਤਹਿਰਾਨ, 7 ਜੂਨ – ਇਰਾਨ ਦੀ ਸੰਸਦ ਤੇ ਇਸਲਾਮੀ ਇਨਕਲਾਬ ਦੇ ਆਗੂ ਆਇਤੁੱਲਾ ਰੂਹੋਲਾ ਖੁਮੈਨੀ ਦੇ ਮਕਬਰੇ ਸਣੇ ਦੇਸ਼ ਵਿੱਚ ਤਿੰਨ ਸਥਾਨਾਂ ਉੱਪਰ ਅਤਿਵਾਦੀ ਹਮਲਾ ਹੋਇਆ, ਜਿਸ ਵਿੱਚ 12 ਵਿਅਕਤੀ ਮਾਰੇ ਗਏ ਤੇ 42 ਤੋਂ ਵਧ ਜ਼ਖ਼ਮੀ ਹੋ ਗਏ। ਅਤਿਵਾਦੀਆਂ ਨੇ ਲੋਕਾਂ ਨੂੰ ਵੀ ਬੰਦੀ ਬਣਾ ਰੱਖਿਆ ਸੀ। ਇਰਾਨ ਵਿੱਚ ਹੋਇਆ ਇਹ ਆਪਣੀ ਕਿਸਮ ਦਾ ਪਹਿਲਾ ਹਮਲਾ ਹੈ। ਖ਼ਬਰਾਂ ਦੇ ਮੁਤਾਬਿਕ ਇਸ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮੀ ਸਟੇਟ (ਆਈਐੱਸ) ਨੇ ਲਈ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਹਮਲੇ ਦੀ ਨਿੰਦਾ ਕੀਤੀ ਹੈ।
ਸਥਾਨਕ ਮੀਡੀਆ ਮੁਤਾਬਿਕ ਚਾਰ ਬੰਦੂਕਧਾਰੀ ਹਮਲਾਵਰਾਂ ਨੇ ਜਿਸ ਵੇਲੇ ਸੰਸਦ ਉੱਤੇ ਹਮਲਾ ਕੀਤਾ, ਉਸ ਵੇਲੇ ਸੰਸਦ ਦਾ ਇਜਲਾਸ ਚੱਲ ਰਿਹਾ ਸੀ। ਸੰਸਦ ਦੀ ਇਮਾਰਤ ਵਿੱਚ ਇਕ ਫਿਦਾਈਨ ਹਮਲਾਵਰ ਨੇ ਧਮਾਕਾ ਕਰ ਦਿੱਤਾ। ਹਮਲਾਵਰਾਂ ਦੇ ਸੰਸਦ ਦੀਆਂ ਦਫ਼ਤਰੀ ਇਮਾਰਤਾਂ ਵਿੱਚ ਵੜ ਜਾਣ ਕਾਰਨ ਸੁਰੱਖਿਆ ਦਸਤਿਆਂ ਨੂੰ ਉਨ੍ਹਾਂ ਦਾ ਸਫ਼ਾਇਆ ਕਰਨ ਵਿੱਚ ਕਈ ਘੰਟੇ ਲੱਗ ਗਏ। ਆਈਐੱਸ ਨੇ ਆਪਣੀ ਪ੍ਰਚਾਰ ਏਜੰਸੀ ਅਮਾਕ ਰਾਹੀਂ ਇਮਾਰਤ ਦੇ ਅੰਦਰੋਂ ਹਮਲੇ ਦੀ ਵੀਡੀਓ ਵੀ ਜਾਰੀ ਕਰਦਿਆਂ ਇਸ ਦੀ ਜ਼ਿੰਮੇਵਾਰੀ ਲਈ। ਇਰਾਨ ਵੱਲੋਂ ਦੋਵੇਂ ਇਰਾਕ ਤੇ ਸੀਰੀਆ ਵਿੱਚ ਆਈਐੱਸ ਖ਼ਿਲਾਫ਼ ਲੜਾਈ ਵੀ ਲੜੀ ਜਾ ਰਹੀ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਬੁਰਕੇ ਪਹਿਨ ਕੇ ਔਰਤਾਂ ਦੇ ਰੂਪ ਵਿੱਚ ਦਾਖ਼ਲ ਹੋਏ। ਇਰਾਨ ਦੀ ਖ਼ਬਰ ਏਜੰਸੀ ਮੁਤਾਬਿਕ ਹਮਲਾ ਸਵੇਰੇ ਕਰੀਬ ਦਸ ਵਜੇ ਸ਼ੁਰੂ ਹੋਇਆ ਜਦੋਂ ਹਮਲਾਵਰ ਤਹਿਰਾਨ ਦੇ ਕੇਂਦਰ ਵਿੱਚ ਸਥਿਤ ਸੰਸਦ ਵਿੱਚ ਆ ਵੜੇ। ਉਨ੍ਹਾਂ ਇਕ ਸੁਰੱਖਿਆ ਜਵਾਨ ਤੇ ਇਕ ਹੋਰ ਵਿਅਕਤੀ ਨੂੰ ਮਾਰ ਮੁਕਾਇਆ। ਕਰੀਬ ਉਸੇ ਸਮੇਂ ਤਿੰਨ-ਚਾਰ ਹਮਲਾਵਰ ਇਰਾਨ ਦੇ 1979 ਦੇ ਇਸਲਾਮੀ ਇਨਕਲਾਬੀ ਆਗੂ ਆਇਤੁੱਲਾ ਰੂਹੋਲਾ ਖੁਮੈਨੀ ਦੇ ਮਕਬਰੇ ਦੇ ਮੈਦਾਨ ਵਿੱਚ ਜਾ ਵੜੇ। ਉਨ੍ਹਾਂ ਇਕ ਮਾਲੀ ਨੂੰ ਹਲਾਕ ਤੇ ਕਈ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਮਕਬਰੇ ਵਿੱਚ ਵੜੇ ਦੋ ਫਿਦਾਈਨ ਹਮਲਾਵਰਾਂ ਨੇ ਆਪਣੇ ਆਪ ਨੂੰ ਉਡਾ ਦਿੱਤਾ, ਜਿਨ੍ਹਾਂ ਵਿੱਚ ਇਕ ਔਰਤ ਵੀ ਸੀ।
International News ਇਰਾਨੀ ਸੰਸਦ ‘ਤੇ ਅਤਿਵਾਦੀ ਹਮਲਾ, 12 ਦੀ ਮੌਤ