ਕੋਲਕਾਤਾ – ਇੱਥੇ 29 ਅਕਤੂਬਰ ਨੂੰ ਫੀਫਾ ਅੰਡਰ-17 ਵਰਲਡ ਕੱਪ ਦੇ ਫਾਈਨਲ ‘ਚ ਇੰਗਲੈਂਡ ਨੇ ਚੌਥੀ ਵਾਰ ਫਾਈਨਲ ਖੇਡੀ ਸਪੇਨ ਨੂੰ 5-2 ਨਾਲ ਹਰਾ ਦਿੱਤਾ ਅਤੇ ਪਹਿਲੀ ਵਾਰ ਵਰਲਡ ਚੈਂਪੀਅਨ ਬਣਿਆ, ਜਦੋਂ ਕਿ ਸਪੇਨ ਚੌਥੀ ਵਾਰ ਉਪ ਜੇਤੂ ਰਹੀ ਹੈ। ਇਸ ਜਿੱਤ ਨਾਲ ਇੰਗਲੈਂਡ ਫੀਫਾ ਅੰਡਰ-17 ਵਰਲਡ ਕੱਪ ਦਾ ਖ਼ਿਤਾਬੀ ਜਿੱਤਣ ਵਾਲਾ ੯ਵਾਂ ਦੇਸ਼ ਬਣ ਗਿਆ ਹੈ। ਇੰਗਲੈਂਡ ਨੇ ਇਸ ਜਿੱਤ ਨਾਲ ਇਸੇ ਸਾਲ ਮਈ ਮਹੀਨੇ ਯੂਰੋਪੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਸਪੇਨ ਹੱਥੋਂ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕੋਰੀਆ ਵਿੱਚ ਅੰਡਰ-20 ਵਰਲਡ ਕੱਪ ਜਿੱਤਿਆ ਸੀ।
ਕੋਚ ਸਟੀਵ ਕੂਪਰ ਦੀ ਕੋਚਿੰਗ ਵਾਲੀ ਇੰਗਲੈਂਡ ਦੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜਿੱਤ ਰਹੀ। ਇੰਗਲੈਂਡ ਨੇ ਫਾਈਨਲ ਤੋਂ ਪਹਿਲਾਂ ਮਜ਼ਬੂਤ ਟੀਮਾਂ ਜਿਵੇਂ ਮੈਕਸੀਕੋ, ਅਮਰੀਕਾ ਤੇ ਬ੍ਰਾਜ਼ੀਲ ਨੂੰ ਹਰਾਇਆ ਸੀ। ਸਪੇਨ ਦੀ ਟੀਮ 1991, 2003 ਤੇ 2007 ਮਗਰੋਂ ਚੌਥੀ ਵਾਰ ਉਪ ਜੇਤੂ ਰਹੀ ਹੈ। ਕੋਚ ਸਾਂਟਿਆਗੋ ਡੇਨੀਆ ਦੀ ਕੋਚਿੰਗ ਵਾਲੀ ਸਪੇਨ ਦੀ ਟੀਮ ਤਕਨੀਕੀ ਰੂਪ ਤੋਂ ਸਰਵੋਤਮ ਖਿਡਾਰੀਆਂ ਨਾਲ ਭਰੀ ਸੀ। ਪਰ ਤਿੰਨ ਵਾਰ ਦੀ ਚੈਂਪੀਅਨ ਰਹੀ ਬ੍ਰਾਜ਼ੀਲ ਦੀ ਟੀਮ ਦੇ ਹੱਥ ਟੂਰਨਾਮੈਂਟ ਦੇ ਆਖ਼ਿਰ ‘ਚ ਨਿਰਾਸ਼ਾ ਲੱਗੀ। ਟੀਮ ਨੂੰ ਸੈਮੀ ਫਾਈਨਲ ਵਿੱਚ ਇੰਗਲੈਂਡ ਹੱਥੋਂ ਹਾਰ ਮਿਲੀ। ਹਾਲਾਂਕਿ ਟੂਰਨਾਮੈਂਟ ਤੋਂ ਪਹਿਲਾਂ ਬ੍ਰਾਜ਼ੀਲ ਦੀ ਟੀਮ ਖ਼ਿਤਾਬ ਦੇ ਪ੍ਰਬਲ ਦਾਅਵੇਦਾਰਾਂ ‘ਚ ਸ਼ੁਮਾਰ ਸੀ।
ਅੰਡਰ-17 ਵਰਲਡ ਕੱਪ ਦਾ ਫਾਈਨਲ ਦਰਸ਼ਕਾਂ ਦੀ ਗਿਣਤੀ ਅਤੇ ਸਭ ਤੋਂ ਵੱਧ ਗੋਲਾਂ ਦੇ ਮਾਮਲੇ ਵਿੱਚ ਵੀ ਰਿਕਾਰਡ ਬਣਾਉਣ ਵਿੱਚ ਸਫਲ ਰਿਹਾ। ਦਰਸ਼ਕਾਂ ਦੀ ਗਿਣਤੀ ਪੱਖੋਂ ਇਸ ਨੇ ਫੀਫਾ ਅੰਡਰ-20 ਵਿਸ਼ਵ ਕੱਪ ਦੇ ਰਿਕਾਰਡ ਨੂੰ ਤੋੜਿਆ ਹੈ। ਖ਼ਿਤਾਬੀ ਮੁਕਾਬਲੇ ਲਈ 66,684 ਦਰਸ਼ਕ ਪੁੱਜੇ ਜਿਸ ਨਾਲ 6 ਮੇਜ਼ਬਾਨ ਸਟੇਡੀਅਮਾਂ ‘ਚ ਦਰਸ਼ਕਾਂ ਦੀ ਕੁੱਲ ਗਿਣਤੀ 13,47,143 ਰਹੀ, ਜੋ ਇਕ ਰਿਕਾਰਡ ਹੈ। ਭਾਰਤ ਵਿੱਚ ਹੋਇਆ ਫੁੱਟਬਾਲ ਵਰਲਡ ਕੱਪ ਸਰਵੋਤਮ ਗੋਲਾਂ ਦੇ ਮਾਮਲੇ ‘ਚ ਵੀ ਰਿਕਾਰਡ ਰਿਹਾ। 52 ਮੈਚਾਂ ਦੌਰਾਨ 177 ਗੋਲ ਹੋਏ ਜਦੋਂ ਕਿ ਇਸ ਤੋਂ ਪਹਿਲਾਂ 2013 ਯੂਏਈ ਵਿੱਚ 172 ਗੋਲ ਹੋਏ ਸੀ।
Football ਇੰਗਲੈਂਡ ਫੁੱਟਬਾਲ ਅੰਡਰ-17 ਵਰਲਡ ਕੱਪ ਦਾ ਪਹਿਲੀ ਵਾਰ ਚੈਂਪੀਅਨ ਬਣਿਆ