‘ਇੰਡੀਆ’ ਗੱਠਜੋੜ ਵੱਲੋਂ 14 ਟੀਵੀ ਐਂਕਰਾਂ ਦੇ ਸ਼ੋਅਜ਼ ਦਾ ਬਾਈਕਾਟ ਕਰਨ ਦਾ ਫ਼ੈਸਲਾ

Pic-From-Congress X (Twitter)

ਨਵੀਂ ਦਿੱਲੀ, 14 ਸਤੰਬਰ – ਵਿਰੋਧੀ ਧਿਰਾਂ ਦੇ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਗੱਠਜੋੜ ਨੇ ਐਲਾਨ ਕੀਤਾ ਹੈ ਕਿ ਉਹ ਵੱਖ ਵੱਖ ਟੀਵੀ ਚੈਨਲਾਂ ਦੇ 14 ਐਂਕਰਾਂ ਦੇ ਸ਼ੋਅਜ਼ ਦਾ ਬਾਈਕਾਟ ਕਰੇਗਾ। ਸੱਤਾਧਾਰੀ ਭਾਜਪਾ ਨੇ ਇਸ ਫ਼ੈਸਲੇ ਦੀ ਐਮਰਜੈਂਸੀ ਨਾਲ ਤੁਲਨਾ ਕੀਤੀ ਹੈ।
‘ਇੰਡੀਆ’ ਦੀ ਮੀਡੀਆ ਕਮੇਟੀ ਨੇ 14 ਪੱਤਰਕਾਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਆਪਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਬਹਿਸ ਵਾਲੇ ਪ੍ਰੋਗਰਾਮਾਂ ’ਚ ਨਹੀ ਭੇਜਿਆ ਜਾਵੇਗਾ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਇਸ ਐਕਸ਼ਨ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕੁਝ ਚੈਨਲਾਂ ਨੇ ਪਿਛਲੇ 9 ਸਾਲਾਂ ਤੋਂ ‘ਨਫ਼ਰਤ ਦਾ ਬਾਜ਼ਾਰ’ ਫੈਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਨੇ ‘ਨਫ਼ਰਤ ਨਾਲ ਭਰੇ ਬਿਰਤਾਂਤ’ ਨੂੰ ਜਾਇਜ਼ ਨਾ ਠਹਿਰਾਉਣ ਦਾ ਫ਼ੈਸਲਾ ਲਿਆ ਹੈ ਜੋ ਸਮਾਜ ਨੂੰ ਖੋਰਾ ਲਾ ਰਿਹਾ ਹੈ।