‘ਇੰਡੀਆ’ ਬਨਾਮ ‘ਭਾਰਤ’ ਨੂੰ ਲੈ ਕੇ ਬਹਿਸ

ਨਵੀਂ ਦਿੱਲੀ, 5 ਸਤੰਬਰ – ‘ਇੰਡੀਆ’ ਬਨਾਮ ‘ਭਾਰਤ’ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਜੀ-20 ਸਿਖਰ ਸੰਮੇਲਨ ਦੇ ਰਾਤ ਦੇ ਖਾਣੇ ਲਈ ਰਾਸ਼ਟਰਪਤੀ ਭਵਨ ਤੋਂ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ‘ਪ੍ਰੇਸੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੇਸੀਡੈਂਟ ਆਫ਼ ਭਾਰਤ’ ਲਿਖਿਆ ਗਿਆ ਹੈ। ਉਦੋਂ ਤੋਂ ਹੀ ਲੋਕ ਅੰਦਾਜ਼ੇ ਲਗਾ ਰਹੇ ਹਨ। ਦੇਸ਼ ਦੇ ਸਾਰੇ ਖੋਜ ਅਤੇ ਵਿਦਿਅਕ ਅਦਾਰਿਆਂ ਨਾਲ ‘ਇੰਡੀਆ’ ਨਾਂ ਜੁੜਿਆ ਹੋਇਆ ਹੈ। ਇਨ੍ਹਾਂ ਵਿੱਚ ਇਸਰੋ, ਆਈਆਈਟੀ, ਆਈਆਈਐਮ ਸ਼ਾਮਲ ਹਨ। ਭੰਬਲਭੂਸਾ ਇਹ ਹੈ ਕਿ ਜੇਕਰ ਇੰਡੀਆ ਦੀ ਬਜਾਏ ਭਾਰਤ ਨੂੰ ਪ੍ਰਚਲਿਤ ਕੀਤਾ ਗਿਆ ਤਾਂ ਉਨ੍ਹਾਂ ਦੇ ਨਾਵਾਂ ਦਾ ਕੀ ਬਣੇਗਾ? ਇਹ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਤਰਫੋਂ ਜੀ-20 ਡਿਨਰ ਦੇ ਸੱਦੇ ‘ਚ ਉਨ੍ਹਾਂ ਨੂੰ ‘ਪ੍ਰੇਸੀਡੈਂਟ ਆਫ਼ ਭਾਰਤ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਇਸ ਬਾਰੇ ਚਰਚਾ ਜਾਰੀ ਰਹੀ। ਲੋਕ ਇਹ ਗੱਲਾਂ ਕਰਦੇ ਰਹੇ ਕਿ ਕੀ ਦੇਸ਼ ਦਾ ਨਾਂ ਬਦਲ ਕੇ ਸਿਰਫ਼ ਭਾਰਤ ਹੀ ਰਹਿ ਜਾਵੇਗਾ। ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਕੀ ‘ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ’ (ਇਸਰੋ), ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵਰਗੀਆਂ ਸੰਸਥਾਵਾਂ ਦੇ ਨਾਂ ਵੀ ਬਦਲੇ ਜਾਣਗੇ?
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੇ ਰਾਸ਼ਟਰਪਤੀ ਦੇ ਸੱਦਾ ਪੱਤਰ ‘ਚ ‘ਇੰਡੀਆ’ ਨੂੰ ‘ਭਾਰਤ’ ਨਾਲ ਬਦਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਉਲਟ ਇਸ ਕਦਮ ਨੂੰ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਪਸੰਦ ਨਹੀਂ ਕੀਤਾ। ਕਾਂਗਰਸ ਨੇ ਕਿਹਾ ਹੈ ਕਿ ਸਰਕਾਰ I.N.D.I.A ਦੇ ਡਰ ਅਤੇ ਨਫਰਤ ਕਾਰਨ ਦੇਸ਼ ਦਾ ਨਾਮ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਯਾਨੀ I.N.D.I.A. ਦਾ ਹਿੱਸਾ ਹੈ।
ਕਾਂਗਰਸ ਨੇ ਜੀ-20 ਡਿਨਰ ਦੇ ਸੱਦੇ ‘ਚ ਰਾਸ਼ਟਰਪਤੀ ਨੂੰ ‘ਪ੍ਰੇਸੀਡੈਂਟ ਆਫ਼ ਭਾਰਤ’ ਵਜੋਂ ਸੰਬੋਧਨ ਕਰਨ ਲਈ ਕੇਂਦਰ ਸਰਕਾਰ ‘ਤੇ ਦੇਸ਼ ਦੇ ਸੰਘੀ ਢਾਂਚੇ ‘ਤੇ ਹਮਲਾ ਕਰਨ ਦਾ ਦੋਸ਼ ਲਾਇਆ। ਕਾਂਗਰਸ ਨੇ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ I.N.D.I.A ਦੇ ਡਰ ਅਤੇ ਨਫਰਤ ਕਾਰਨ ਸਰਕਾਰ ਨੇ ਦੇਸ਼ ਦਾ ਨਾਮ ਬਦਲਣਾ ਸ਼ੁਰੂ ਕਰ ਦਿੱਤਾ ਹੈ।