ਪ੍ਰਸਿੱਧ ਲੇਖਕ ਤੇ ਕਾਮਿਲ ਉਲੱਥਾਕਾਰ ਪੇ੍ਮ ਅਵਤਾਰ ਰੈਣਾ ਅੰਮ੍ਰਿਤਸਰ ਛੱਡ ਕੇ ਇੱਕ ਦਹਾਕੇ ਤੋਂ PAU ਲੁਧਿਆਣਾ ਵਿਖੇ ਆਪਣੇ ਸਪੁੱਤਰ ਡਾ. ਨਵਪ੍ਰੇਮ ਰੈਣਾ ਕੋਲ ਰਹਿੰਦੇ ਸਨ। ਉਹ 87 ਸਾਲ ਦੇ ਸਨ। ਸਾਲ ਕੁ ਹੋਇਆ, ਮੈਂ ਉਨ੍ਹਾਂ ਨੂੰ ਮਿਲਣ ਵੀ ਗਿਆ ਸੀ। ਸ਼ਾਇਦ ਉਹ ਸੁੱਤੇ ਪਏ ਸਨ। ਡਾ.ਨਵਪੇ੍ਮ ਨੇ ਆਵਾਜ਼ ਦੇ ਕੇ ਜਗਾਇਆ ਤੇ ਆਖਿਆ, “ਪਾਪਾ ਜੀ ਵੇਖੋ! ਕੌਣ ਆਇਆ ਏ ?” ਉਨ੍ਹਾਂ ਅੱਖਾਂ ਖੋਲ੍ਹੀਆਂ ਪਰ ਮੈਨੂੰ ਪਛਾਣਿਆ ਨਹੀਂ। ਨਵਪ੍ਰੇਮ ਨੇ ਮੇਰਾ ਨਾਂ ਵੀ ਦੱਸਿਆ, ਅੱਧ-ਪਚੱਧੀ ਹਾਂ ਕਹਿਕੇ,ਸਾਡੇ ਵੱਲ ਪਿੱਠ ਫੇਰਕੇ ਫਿਰ ਅੱਖਾਂ ਮੀਚ ਲਈਆਂ। ਭਰੇ ਮਨ ਨਾਲ ਦਰਸ਼ਨ ਕਰਕੇ ਇਸ ਸਕੂਨ ਨਾਲ ਮੁੜ ਆਇਆ ਕਿ ਬੇਟਾ ਤੇ ਪਰਿਵਾਰ ਸਭ ਸਹੂਲਤਾਂ ਸਮੇਤ ਉਨ੍ਹਾਂ ਦੀ ਟਹਿਲ -ਸੇਵਾ ਵਿਚ ਦਿਨ ਰਾਤ ਹਾਜ਼ਰ ਹਨ।
ਅੰਮ੍ਰਿਤਸਰ ਯੂਨੀਵਰਸਿਟੀ ‘ਚ ਐੱਮ.ਫਿੱਲ.ਕਰਨ ਸਮੇਂ ਉਹ ਅਕਸਰ ਹੋਸਟਲ ਮੇਰੇ ਕਮਰੇ ਵਿੱਚ ਜ਼ਰੂਰ ਗੇੜੀ ਲਾਉਂਦੇ। ਸਾਹਿਤ ਤੇ ਸਿਆਸਤ ਬਾਰੇ ਖ਼ੂਬ ਗੱਲਾਂ ਮਾਰਦੇ। ਬੜੀ ਕਾਹਲੀ ਕਾਹਲੀ ਬੋਲਦੇ । ਮੈਂ ਕਹਿਣਾ ਕਿ ਅਨੁਵਾਦ ਦੇ ਨਾਲ ਤੁਸੀਂ ਖ਼ੁਦ ਕਵਿਤਾ, ਕਹਾਣੀ, ਨਾਵਲ ਕਿਉਂ ਨਹੀਂ ਲਿਖਦੇ, ਤੁਹਾਡੀ ਸਾਹਿਤ ਸਬੰਧੀ ਇੰਨੀ ਸਮਝ ਹੈ। ਉਹ ਹੱਸਕੇ ਕਹਿੰਦੇ, “ਦੋ ਹੀ ਵੈਲ ਬਹੁਤ ਨੇ, ਇੱਕ ਅਨੁਵਾਦ ਤੇ ਦੂਜਾ ਆਵਾਰਗੀ।” ਮੈਂ ਕਹਿਣਾ, “ਤੁਸੀਂ ਇੰਨੀਆਂ ਰੂਸੀ ਕਿਤਾਬਾਂ ਅਨੁਵਾਦ ਕੀਤੀਆਂ ਨੇ, ਸੀ.ਪੀ.ਆਈ. ਲੀਡਰਾਂ ਨਾਲ ਚੰਗਾ ਬਹਿਣ-ਉੱਠਣ ਹੈ। ਤੁਸੀਂ ਸੋਵੀਅਤ ਸਫਾ਼ਰਤਖਾਨੇ ਦਿੱਲੀ ਨੌਕਰੀ ਕਰ ਸਕਦੇ ਸੀ। ਤੁਸੀਂ ਕਦੇ ਸੋਵੀਅਤ ਯੂਨੀਅਨ ਕਿਸੇ ਡੈਲੀਗੇਸ਼ਨ ‘ਚ ਨਹੀ ਗਏ ?” ਉਹ ਹੱਸ ਕੇ ਚੁੱਪ ਹੋ ਗਏ। ਮੈਂ ਸਮਝ ਗਿਆ ਕਿ ਕੋਈ ਗੜਬੜ ਹੈ।
ਉਹ ਸਾਡੇ ਗਰੁੱਪ ਦੇ ਹਰ ਮੁੰਡੇ ਕੁੜੀ ਨੂੰ ਬੇਟਾ ਕਹਿਕੇ ਬੁਲਾਉਂਦੇ। ਉਹ ਸਾਡੇ ਸਾਰਿਆਂ ਦੇ ਚਾਚਾ ਜੀ ਸਨ। ਵਿਦਿਆਰਥੀ ਹੁੰਦਿਆਂ ਪੈਸੇ- ਧੇਲੇ ਪੱਖੋਂ ਜੇਬ ਅਕਸਰ ਖਾਲੀ ਹੀ ਹੁੰਦੀ ਹੈ। ਵਿਭਾਗ ਦੀ ਕੋਈ ਫੀਸ ਭਰਨੀ ਹੈ, ਮੈੱਸ ਦਾ ਬਕਾਇਆ ਖੜ੍ਹਾ ਹੈ ਜਾਂ ਜੁੰਡਲੀ ਨੇ ਕੋਈ ਆਰਟ ਮੂਵੀ ਵੇਖਣੀ ਹੈ। ਚਾਚਾ ਜੀ ਨੂੰ ਘੇਰ ਲੈਣਾ। ਉਨ੍ਹਾਂ ਇਸ ਸ਼ਰਤ ‘ਤੇ ਪੈਸੇ ਦੇਣੇ ਕਿ ਇਨ੍ਹਾਂ ਪੈਸਿਆਂ ਦੀ ਦਾਰੂ ਨਹੀਂ ਪੀਣੀ। ਅਸੀਂ ਵੀ ਇਸ ਸ਼ਰਤ ‘ਤੇ ਪੂਰਾ ਉੱਤਰਨਾ। ਹਲਕਾ ਬੈਗ, ਲੰਮੀਆਂ ਲੱਤਾਂ ਉੱਤੇ ਹਲਕੀ ਧੜ, ਸਾਧਾਰਨ ਪਹਿਰਾਵਾ,ਸਾਊ ਬੰਦੇ ਵਾਂਗ ਬਿਨ- ਉਚੇਚ ਬੰਨ੍ਹੀ ਪੱਗ, ਮੋਟੇ ਸ਼ੀਸ਼ਿਆਂ ਵਾਲੀ ਐਨਕ, ਕਿਸੇ ਅਕਾਲੀ ਜਥੇਦਾਰ ਵਰਗੀ ਲੰਮੀ ਖੁੱਲ੍ਹੀ ਚਿੱਟੀ ਦਾੜ੍ਹੀ, ਲੰਮੇ ਤੇ ਤੇਜ਼ ਕਦਮੀਂ ਤੁਰਦਿਆਂ ਸਾਡੇ ਚਾਚਾ ਜੀ ਯੂਨੀਵਰਸਿਟੀ ਦੇ ਵਿਸ਼ਾਲ ਕੈਂਪਸ ਵਿੱਚ ਕਾਰਤਿਕ ਵਾਂਗ ਸਾਰੇ ਘੁੰਮ ਆਉਂਦੇ। ਸਭ ਪ੍ਰੋਫੈਸਰ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੇ। ਕਿਸੇ ਵਿਦਿਆਰਥੀ ਜਾਂ ਖੋਜਾਰਥੀ ਨੂੰ ਕਿਸੇ ਵਿਭਾਗ ‘ਚ ਸਮਸਿਆ ਆ ਗਈ, ਸਿਫ਼ਾਰਸ਼ ਲਾਉਣੀ ਹੈ, ਝੱਟ ਚਾਚਾ ਜੀ ਕੋਲ ਆ ਫਰਿਆਦ ਕਰਦੇ, ਜਿਵੇਂ ਚਾਚਾ ਜੀ ਉਨ੍ਹਾਂ ਦੀ ਬੀਮਾਰੀ ਦੇ ਮਸੀਹਾ ਹੋਣ । ਮਸੀਹਾ ਹਨ ਵੀ ਸਨ। ਸਿਰਫ਼ ਵਾਜਿਬ ਸਮਸਿਆ ਦੀ ਸਿਫਾਰਸ਼ ਕਰਦੇ। ਟੀਚਿੰਗ ਹੋਵੇ ਜਾਂ ਨਾਨ-ਟੀਚਿੰਗ ਦਾ ਸਟਾਫ਼। ਸਭ ਚਾਚਾ ਜੀ ਦੀ ਸਾਫ਼ਗੋਈ ਦੀ ਕਦਰ ਕਰਦੇ ਸਨ। ਆਖਿਰ ਉਨ੍ਹਾਂ ਦੇ ਵੀ ਉੱਚ-ਅਧਿਕਾਰੀਆਂ ਤੱਕ ਕੰਮ ਅੜੇ ਪਏ ਹੁੰਦੇ ਸਨ। ਕਿਉਂਕਿ ਵੀ.ਸੀ./ ਰਜਿਸਟਰਾਰ ਦੇ ਦਫ਼ਤਰ ਉਨ੍ਹਾਂ ਚਾਚਾ ਜੀ ਨੂੰ ਚਾਹ ਪੀਂਦਿਆਂ ਵੇਖਿਆ ਹੁੰਦਾ ਸੀ। ਡਾ. ਅਮਰ ਸਿੰਘ ਧਾਲੀਵਾਲ, ਕੰਟਰੋਲਰ (ਪ੍ਰੀਖਿਆਵਾਂ) ਦਾ ਦਫ਼ਤਰ ਉਨ੍ਹਾਂ ਦਾ ਪੱਕਾ ਅੱਡਾ ਹੁੰਦਾ ਸੀ।
ਕੋਈ ਸਕੂਟਰ ਵਾਲਾ ਆਪ ਰੋਕ ਕੇ ਚਾਚਾ ਜੀ ਨੂੰ ਲਿਫ਼ਟ ਦੇ ਦਿੰਦਾ ਤਾਂ ਠੀਕ ਹੈ। ਉਂਝ ਉਹ ਪੈਦਲ ਚੱਲਣ ਦੇ ਪੱਕੇ ਆਦੀ ਸਨ। ਸਵੇਰੇ ਝੋਲੇ ‘ਚ ਅੰਗਰੇਜ਼ੀ ਅਖ਼ਬਾਰ ਤੇ ਇੱਕ ਅੱਧੀ ਕਿਤਾਬ ਪਾ ਘਰੋਂ ਨਿਕਲ ਜਾਂਦੇ, ਸਾਰਾ ਦਿਨ ਨਾ ਉਨ੍ਹਾਂ ਨੂੰ ਘਰ ਮੁੜਨ ਦੀ ਕਾਹਲੀ ਹੁੰਦੀ ਤੇ ਨਾ ਘਰਦਿਆਂ ਨੂੰ ਉਨ੍ਹਾਂ ਦੀ ਉਡੀਕ- ਪੜ੍ਹਿਆ -ਲਿਖਿਆ ਨਿਰਾ ਰਮਤਾ -ਜੋਗੀ । ਪੁਤਲੀ ਘਰ ਵਾਲੀ ਮੁੱਖ ਸੜਕ ‘ਤੇ ਪੁਰਾਣੀ ਬਣੀ ਪੇ੍ਮ ਬਿਲਡਿੰਗ ‘ਚ ਛੁੱਟੀ ਵਾਲੇ ਦਿਨ ਲਾਅ ਵਿਭਾਗ ਦੇ ਲਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਅਸੀਂ ਉਨ੍ਹਾਂ ਦੇ ਘਰ ਚਲੇ ਜਾਣਾ। ਉਪਰਲੀ ਮੰਜ਼ਿਲ ‘ਤੇ ਚਾਚਾ ਜੀ ਬੈੱਡ ‘ਤੇ ਸਿਰਹਾਣੇ ਦਾ ਢੋਅ ਲਾਈ ਅਖ਼ਬਾਰ ਪੜ੍ਹ ਰਹੇ ਹੁੰਦੇ। ਸਾਡੇ ਆਉਣ ‘ਤੇ ਅਖ਼ਬਾਰਾਂ ਪਰੇ ਕਰ ਕੌਮੀ ਤੇ ਕੌਮਾਂਤਰੀ ਰਾਜਨੀਤਕ ਮਸਲਿਆਂ ਉੱਤੇ ਪ੍ਰਵਚਨ ਕਰਨੇ ਸ਼ੁਰੂ ਕਰ ਦਿੰਦੇ ਤੇ ਇੱਕ ਸਕੂਲ ‘ਚ ਬਤੌਰ ਪ੍ਰਿੰਸੀਪਲ ਸੇਵਾ ਕਰਦੇ ਚਾਚੀ ਜੀ ਚਾਹ ਨਾਲ ਗੋਭੀ ਦੇ ਤਲੇ ਹੋਏ ਪਕੌੜੇ ਖਵਾ ਕੇ ਸਾਨੂੰ ਹੋਸਟਲਰਾਂ ਨੂੰ ਆਪਣੇ ਘਰਾਂ ਦੀ feeling ਕਰਵਾਉਂਦੇ। ਸਥਾਨਕ day scholars ਲਖਵਿੰਦਰ ਰੰਧਾਵਾ, ਹਰਚੰਦ ਬਾਠ, ਬਲਦੇਵ ਬੱਲੀ ਸਮੇਤ ਅਸੀਂ ਹੋਸਟਲਰ ਕੁਲਵੰਤ ਸੰਧੂ, ਮਰਹੂਮ ਕੁਲਦੀਪ ਖਿਆਲਾ, ਪ੍ਰਦੀਪ ਰਤਨ ‘ਗੁਰੀਲਾ’ ਆਦਿ ਖ਼ੂਬ ਯੂਨੀਵਰਸਿਟੀ ਤੇ ਵਿਦਿਆਰਥੀ ਗਰੁਪਾਂ ਦੀ ਰਾਜਨੀਤੀ ‘ਤੇ ਵਿਚਾਰ -ਚਰਚਾ ਕਰਦੇ।
ਰੈਣਾ ਜੀ ਕੁੱਝ ਅਰਸਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕਰਦੇ ਰਹੇ ਪ੍ਰੰਤੂ ਆਜ਼ਾਦ ਤਬੀਅਤ ਤੇ ਖੱਬੀ ਸੋਚ ਨੂੰ ਕਾਲਜ ਦਾ ਮਾਹੌਲ ਰਾਸ ਨਾ ਆਇਆ ਤੇ ਸਦਾ ਲਈ ਨੌਕਰੀ-ਮੁਕਤ ਹੋ ਗਏ। ਉਹ free Lancer ਤੇ ਘੁਮੱਕੜ ਲੇਖਕ ਸਨ। ਉਨ੍ਹਾਂ ਢੇਰ ਕਿਤਾਬਾਂ ਦਾ ਉਲੱਥਾ ਕੀਤਾ। ‘ਅੱਧੀ ਰਾਤ ਵੇਲੇ’ (ਪਰਲ ਬੱਕ), ‘ਆਧੁਨਿਕ ਸੌਂਦਰਯ-ਬੋਧ ਦੀਆਂ ਸਮਸਿਆਵਾਂ’, (ਅਨਾਤੋਲੀ ਦਰੇਮੋਵ), ‘ਚੜ੍ਹਦੇ ਸੂਰਜ ਨੂੰ ਸਲਾਮ’, (ਐਤਨ ਚੈਖੋ਼ਵ) , ‘ਹਵੇਲੀ ਵਾਲੀ ਰਾਣੀ ਸਾਹਿਬਾ’, (ਐਤਨ ਚੈਖੋ਼ਵ), ‘ਬਾਬਰ’ (ਪਿਰਿਮਕੁਲ ਕਾਦਿਰੋਵ) ‘ਮੇਰੀ ਕਹਾਣੀ’ (ਫਲੇਵੀਆ) ‘ਮੰਟੋ ਦੇ ਖ਼ਤ: ਅੰਕਲ ਸੈਮ ਦੇ ਨਾਂ’, (ਸਆਦਤ ਹਸਨ ਮੰਟੋ) , ‘ਮਹਾਰਾਜਾ ਰਣਜੀਤ ਸਿੰਘ: ਰਾਜ ਵਿਵਸਥਾ, ਅਰਥਚਾਰਾ ਅਤੇ ਸਮਾਜ’, (ਡਾ. ਜੇ. ਐਸ.ਗਰੇਵਾਲ), ਆਦਿ ਕਿਤਾਬਾਂ ਅਨੁਵਾਦ ਕੀਤੀਆਂ। ਉਨ੍ਹਾਂ ਰੂਸੀ ਲੋਕ ਕਹਾਣੀਆਂ ਤੇ ਹੋਰ ਅੱਧੀ ਦਰਜਨ ਬਾਲ-ਪੁਸਤਕਾਂ ਨੂੰ ਪੰਜਾਬੀ ‘ਚ ਉਲੱਥਾਇਆ । ਰੈਣਾ ਜੀ ਨੇ ਪਰਵੀਨ ਸ਼ਾਕਿਰ ਦੀ ਚੋਣਵੀਂ ਕਵਿਤਾ ਨੂੰ ਵੀ ਬਾਕਮਾਲ ਲਿੱਪੀਅੰਤਰ ਕੀਤਾ ਹੈ।’ਆਧੁਨਿਕ ਸੌਂਦਰਯ-ਬੋਧ ਦੀਆਂ ਸਮਸਿਆਵਾਂ’ ਕਿਤਾਬ ਤਾਂ ਤਤਕਾਲੀ ਖੋਜਾਰਥੀਆਂ ਨੇ ਪੜ੍ਹ ਪੜ੍ਹ ਕੇ ਘਸਾ ਦਿੱਤੀ ਸੀ। ‘ਬਾਬਰ’ ਨਾਵਲ ਅਕਾਦਮਿਕ ਹਲਕਿਆਂ ਵਿੱਚ ਬਹੁਤ ਮਕਬੂਲ ਰਿਹਾ ਹੈ। ਰੂਸੀ ਲਿਖਤਾਂ ਨੂੰ ਰੈਣਾ ਜੀ ਨੇ ਰੀਝ ਨਾਲ ਉਲੱਥਾਇਆ ।
ਰੈਣਾ ਜੀ ਵਰਗੇ ਸਾਫ਼ ਦਿਲ ਤੇ ਰੌਸ਼ਨ ਦਿਮਾਗ਼ ਸ਼ਖ਼ਸਾਂ ਦੀ ਸੰਗਤ ਕਦੇ ਨਹੀਂ ਭੁੱਲਣੀ, ਭਾਵੇਂ ਸ਼ਰਧਾਂਜਲੀਆਂ ਦੇ ਕੇ ਸੌ ਵਾਰੀਂ ਆਪਣੀਆਂ ਸਿਮਿ੍ਤੀਆਂ ‘ਚੋਂ ਧੱਕੀਏ ।
Columns “ਇੱਕ ਸਨ ਚਾਚਾ ਜੀ- ਪੇ੍ਮ ਅਵਤਾਰ ਰੈਣਾ” – 22 ਨਵੰਬਰ,2023 ਨੂੰ ਸਦੀਵੀ...