ਕੋਲਕਾਤਾ, 28 ਜੁਲਾਈ – ਐਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ਨੇ ਅਪਰਿਤਾ ਮੁਖਰਜੀ ਨਾਲ ਸਬੰਧਤ ਇੱਕ ਅਪਾਰਟਮੈਂਟ ’ਚੋਂ ਵੱਡੀ ਮਾਤਰਾ ’ਚ ਸੋਨੇ ਦੇ ਗਹਿਣੇ ਤੇ 27.9 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੁਖਰਜੀ ਨੂੰ ਪੱਛਮੀ ਬੰਗਾਲ ਦੇ ਗ੍ਰਿਫ਼ਤਾਰ ਕੀਤੇ ਗਏ ਮੰਤਰੀ ਪਾਰਥ ਚੈਟਰਜੀ ਦੀ ਨੇੜਲੀ ਸਹਿਯੋਗੀ ਮੰਨਿਆ ਜਾਂਦਾ ਹੈ।
ਈਡੀ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬੀਤੇ ਦਿਨ ਬੇਲਘਰੀਆ ’ਚ ਇੱਕ ਅਪਾਰਟਮੈਂਟ ਤੋਂ ਨਕਦੀ ਬਰਾਮਦ ਕੀਤੀ ਗਈ ਹੈ ਅਤੇ ਰਾਤ ਭਰ ਗਿਣਤੀ ਕਰਨ ਤੋਂ ਬਾਅਦ ਇਹ ਰਾਸ਼ੀ 27.90 ਕਰੋੜ ਰੁਪਏ ਬਣੀ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਸੋਨੇ ਦੇ ਗਹਿਣਿਆਂ ਦੀ ਕੀਮਤ ਪਤਾ ਲਾ ਰਹੀ ਹੈ। ਜਾਂਚ ਏਜੰਸੀ ਨੇ ਪੰਜ ਦਿਨ ਪਹਿਲਾਂ ਦੱਖਣੀ ਕੋਲਕਾਤਾ ਦੇ ਟੌਲੀਗੰਜ ਇਲਾਕੇ ’ਚ ਮੁਖਰਜੀ ਦੇ ਇੱਕ ਹੋਰ ਫਲੈਟ ਤੋਂ ਗਹਿਣੇ ਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ 21 ਕਰੋੜ ਰੁਪੲੇ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਮਿਲਾ ਕੇ ਹੁਣ ਤੱਕ 50 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਈਡੀ ਦੇ ਅਧਿਕਾਰੀਆਂ ਨੇ ਬੀਤੇ ਦਿਨ ਦੱਖਣੀ ਕੋਲਕਾਤਾ ਦੇ ਰਾਜਦੰਗਾ ਤੇ ਉੱਤਰੀ ਕੋਲਕਾਤਾ ਦੇ ਬੇਲਘਰੀਆ ਇਲਾਕੇ ’ਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਮੁਖਰਜੀ ਨੇ ਈਡੀ ਨੂੰ ਇਨ੍ਹਾਂ ਜਾਇਦਾਦਾਂ ਦੀ ਜਾਣਕਾਰੀ ਦਿੱਤੀ ਹੈ। ਈਡੀ ਅਧਿਕਾਰੀਆਂ ਨੂੰ ਬੇਲਘਰੀਆ ਦੇ ਰਥਤਾਲਾ ਇਲਾਕੇ ’ਚ ਦੋ ਫਲੈਟਾਂ ਅੰਦਰ ਦਾਖਲ ਹੋਣ ਲਈ ਦਰਵਾਜ਼ੇ ਵੀ ਤੋੜਨੇ ਪਏ ਕਿਉਂਕਿ ਉਨ੍ਹਾਂ ਦੀਆਂ ਚਾਬੀਆਂ ਨਹੀਂ ਮਿਲੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਫਲੈਟਾਂ ’ਚੋਂ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।
Home Page ਈਡੀ ਨੇ ਅਰਪਿਤਾ ਦੇ ਨਾਲ ਸਬੰਧਤ ਇੱਕ ਫਲੈਟ ’ਚੋਂ ਸੋਨੇ ਦੇ ਗਹਿਣੇ...