ਨਵੀਂ ਦਿੱਲੀ, 22 ਅਗਸਤ (ਏਜੰਸੀ) – ਇਸ ਸਾਲ ਉਤਰ ਭਾਰਤ ਵਿੱਚ ਮਾਨਸੂਨ ਦੀ ਬੇਰੁਖੀ ਦਾ ਖਮਿਆਜ਼ਾ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਭੁਗਤਣਾ ਪਿਆ। ਇਕ ਅਨੁਮਾਨ ਅਨੁਸਾਰ ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਇਸ ਸਾਲ 60 ਤੋਂ 65 ਫੀਸਦੀ ਘੱਟ ਬਾਰਸ਼ ਦਰਜ ਕੀਤੀ ਗਈ। ਪੰਜਾਬ ਵਿੱਚ ਕਿਸਾਨਾਂ ਨੇ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਸੀ, ਪਰ ਬਾਰਸ਼ ਦੀ ਉਡੀਕ…….. ਇੰਨੀ ਲੰਬੀ ਚਲੇ ਗਈ ਕਿ ਉਨ੍ਹਾਂ ਨੂੰ ਆਪਣੀ ਇਹ ਫ਼ਸਲ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪਿਆ। ਹੁਣ ਜਦੋਂ ਕਿ ਅਗਸਤ ਦਾ ਮਹੀਨਾ ਲਗਭਗ ਬੀਤ ਚੁੱਕਾ ਹੈ ਤਾਂ ਉਤਰ ਭਾਰਤ ਵਿੱਚ ਬਾਰਸ਼ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਬੀਤੇ ਕੁਝ ਦਿਨਾਂ ਤੋਂ ਪੰਜਾਬ, ਦਿੱਲੀ, ਹਰਿਆਣਾ, ਯੂ.ਪੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਰੀ ਬਾਰਸ਼ ਹੋਈ ਅਤੇ ਜੈਪੁਰ ਵਿੱਚ ਤਾਂ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਚੁੱਕੀ ਹੈ, ਉਥੇ ਸੜਕਾਂ ਪਾਣੀ ਨਾਲ ਜਲ ਥਲ ਹੋ ਚੁੱਕੀਆਂ ਹਨ। ਹਾਲਾਂਕਿ ਦੂਸਰੇ ਪਾਸੇ ਇਹ ਬਾਰਸ਼ ਕਿਸਾਨਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ। ਬਾਰਸ਼ ਨਾਲ ਝੋਨੇ ਦੀਆਂ ਫ਼ਸਲਾਂ ਹਰੀਆਂ-ਭਰੀਆਂ ਨਜ਼ਰ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਇਸ ਬਾਰਸ਼ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ।
Indian News ਉਤਰ ਭਾਰਤ ਵਿੱਚ ਬਾਰਿਸ਼, ਕਿਸਾਨ ਬਾਗੋ-ਬਾਗ