ਨਵੀਂ ਦਿੱਲੀ, 21 ਜੁਲਾਈ (ਏਜੰਸੀ) – ਉਪ ਰਾਸ਼ਟਰਪਤੀ ਅਹੁਦੇ ਲਈ 7 ਅਗਸਤ ਨੂੰ ਹੋਣ ਵਾਲੀ ਚੋਣ ਵਿੱਚ ਸਿੱਧਾ ਮੁਕਾਬਲਾ ਹਾਮਿਦ ਅੰਸਾਰੀ ਅਤੇ ਜਸਵੰਤ ਸਿੰਘ ਵਿਚਕਾਰ ਹੋਵੇਗਾ। ਮੌਜੂਦਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਯੂ. ਪੀ. ਏ. ਦੇ ਉਮੀਦਵਾਰ ਹਨ, ਜਦੋਂ ਕਿ ਐਨ. ਡੀ. ਏ. ਨੇ ਜਸਵੰਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ
ਅੱਜ ਇਨ੍ਹਾਂ ਦੋਨਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਸਵੀਕਾਰ ਕਰ ਲਿਆ ਗਿਆ। ਚੋਣ ਅਧਿਕਾਰੀ ਟੀਕੇ ਵਿਸ਼ਵਨਾਥਨ ਨੇ ਦੱਸਿਆ ਕਿ 31 ਲੋਕਾਂ ਵਲੋਂ 42 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ, ਅੰਸਾਰੀ ਅਤੇ ਜਸਵੰਤ ਸਿੰਘ ਦੇ ਨਾਮਜ਼ਦਗੀ ਪੱਤਰਾਂ ਨੂੰ ਸਵੀਕਾਰ ਕਰ ਲਿਆ ਗਿਆ, ਜਦੋਂ ਕਿ ਬਾਕੀ 29 ਲੋਕਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ।
ਉਪ ਰਾਸ਼ਟਰਪਤੀ ਚੋਣ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਵਲੋਂ ਕੀਤੀ ਜਾਂਦੀ ਹੈ। ਇਸ ਚੋਣ ਵਿੱਚ ਸੰਸਦ ਦੇ ਦੋਨਾਂ ਸਦਨਾਂ ਦੇ 790 ਮੈਂਬਰ ਵੋਟਾਂ ਪਾਉਣ ਦੇ ਹੱਕਦਾਰ ਹਨ। ਉਪ ਰਾਸ਼ਟਰਪਤੀ ਦੀ ਚੋਣ ਲਈ 7 ਅਗਸਤ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ ਉਪਰੰਤ ਉਸੇ ਦਿਨ ਸ਼ਾਮ ਨੂੰ ਨਤੀਜਾ ਐਲਾਨ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਮੌਜੂਦਾ ਉਪ ਰਾਸ਼ਟਰਪਤੀ ਡਾ. ਹਾਮਿਦ ਅੰਸਾਰੀ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ।
Indian News ਉਪ ਰਾਸ਼ਟਰਪਤੀ ਚੋਣ ਮੁਕਾਬਲਾ ਹਾਮਿਦ ਅੰਸਾਰੀ ਤੇ ਜਸਵੰਤ ਸਿੰਘ ਵਿਚਾਲੇ