ਉਰਦੂ ਦੀ ਪ੍ਰਫੁੱਲਤਾ ‘ਚ ਮਾਂ ਬੋਲੀ ਪੰਜਾਬੀ ਦਾ ਯੋਗਦਾਨ

ਨਵੀਂ ਦਿੱਲੀ, (ਡਾ. ਵਿਨਾਕਸ਼ੀ ਸ਼ਰਮਾ) – “ਪੰਜਾਬੀ ਉਰਦੂ ਦੀ ਮਾਂ ਹੈ ਤੇ ਮੈਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਮੈਂ ਹਮੇਸ਼ਾ ਪੰਜਾਬੀ ‘ਚ ਸੋਚਦਾ ਤੇ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਹੀ ਲਿਖਦਾ ਹਾਂ, ਹੋਰ ਕਿਸੇ ਬਾਰੇ ਸੋਚ ਹੀ ਨਹੀਂ ਸਕਦਾ। ਪੰਜਾਬੀ ਤੇ ਉਰਦੂ ਦੇ ਇਸ ਨੇੜਲੇ ਮੋਹ ਵਾਲੇ ਰਿਸ਼ਤੇ ਦਾ ਹੀ ਕਮਾਲ ਸਮਝੋ ਕਿ ਮੈਂ ਪੰਜਾਬੀ ਤੋਂ ਬਾਅਦ ਉਰਦੂ ਜਾਂ ਹੋਰਨਾ ਜ਼ੁਬਾਨਾਂ ਵਿੱਚ ਵੀ ਲਿਖਦਾ ਜਾਂ ਛਪਦਾ ਹਾਂ”।
ਦਿੱਲੀ ਯੂਨੀਵਰਸਿਟੀ ਦੇ ਮਾਤਾ ਸੁੰਦਰੀ ਕਾਲਜ ਫ਼ਾਰ ਵੁਮੈਨ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਕਨਵੀਨਰ ਡਾ. ਵਿਨਾਕਸ਼ੀ ਸ਼ਰਮਾ ਦੁਆਰਾ 27 ਅਕਤੂਬਰ ਨੂੰ ਕਰਵਾਏ ਵੈੱਬ ਭਾਸ਼ਣ ‘ਚ ਉਪਰੋਕਤ ਵਿਚਾਰ ਪ੍ਰਗਟਾਉਂਦੇ ਪੰਜਾਬੀ-ਉਰਦੂ ਨਿੱਕੀ ਕਹਾਣੀ ਦੇ ਪ੍ਰਸਿੱਧ ਸਾਹਿਤਕਾਰ ਜਨਾਬ ਖ਼ਾਲਿਦ ਹੁਸੈਨ ਨੇ ਗੰਗਾ-ਜਮਨੀ ਤਹਿਜ਼ੀਬ ਦੇ ਹਵਾਲੇ ਨਾਲ ਪੰਜਾਬੀ ਤੇ ਉਰਦੂ ਦੇ ਆਪਸੀ ਸਬੰਧ ਨੂੰ ਵਡਿਆਇਆ।
ਖ਼ਾਲਿਦ ਹੁਸੈਨ ਨੇ ਕਿਹਾ ਕਿ ਮਹਿਮੂਦ ਸ਼ੇਰਾਨੀ ਨੇ ਆਪਣੀ ਕਿਤਾਬ ਪੰਜਾਬ ਐਂਡ ਉਰਦੂ ਤੇ ਹੋਰਨਾਂ ਕਈ ਖੋਜਕਾਰਾਂ ਦਾ ਵੀ ਮੰਨਣਾ ਹੈ ਕਿ ਉਰਦੂ ਪੰਜਾਬੀ ਤੋਂ ਨਿਕਲੀ ਹੈ ਕਿਉਂਕਿ ਮਹਿਮੂਦ ਗ਼ਜ਼ਨਵੀ, ਮੁਹੰਮਦ ਗ਼ੌਰੀ, ਲੋਧੀ ਤੇ ਖਿਲਜੀਆਂ ਦੇ ਲਸ਼ਕਰਾਂ ਦੇ ਲਸ਼ਕਰਾਂ ਦਾ ਪੰਜਾਬ ਦੇ ਮੁਕਾਮੀ (ਸਥਾਨਕ) ਲੋਕਾਂ ਤੇ ਮੇਲ ਮਿਲਾਪ ਕਾਰਣ ਲਸ਼ਕਰੀ ਜ਼ੁਬਾਨ (ਤੁਰਕੀ ਵਿੱਚ ਉਰਦੂ ਨੂੰ ਤੰਬੂ ਜਾਂ ਲਸ਼ਕਰੀ ਕਿਹਾ ਜਾਂਦਾ ਹੈ) ਦਾ ਰਲੇਵਾਂ ਵਧਿਆ।
ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਉਰਦੂ ਜ਼ੁਬਾਨ ਦੀ ਤਰੱਕੀ ਵਿੱਚ ਪੰਜਾਬੀ ਦਾ ਬਹੁਤ ਵੱਡਾ ਯੋਗਦਾਨ ਹੈ। ਹਿੰਦੂਕੁਸ਼ ਪਹਾੜ ਤੇ ਦੱਰਾ ਖ਼ੈਬਰ ਟੱਖ ਜਦ ਵਿਦੇਸ਼ ਹਮਲਾਵਰਾਂ ਨੇ ਹਿੰਦੁਸਤਾਨ ‘ਤੇ ਚੜ੍ਹਾਈ ਕੀਤੀ ਤਾਂ ਉਨ੍ਹਾਂ ਦਾ ਪਹਿਲਾ ਪੜਾਅ ਪੰਜਾਬ ਹੁੰਦਾ ਸੀ, ਵਿੱਚ ਇਹ ਧਾੜਵੀ ਜਿਨ੍ਹਾਂ ਵਿੱਚ ਤੁਰਕੀ, ਮੰਗੋਲ, ਤਾਤਾਰੀ, ਅਰਬੀ, ਪਰਾਨ ਸਨ, ਕਈ-ਕਈ ਮਹੀਨੇ ਰੁਕਦੇ ਤੇ ਕਈਆਂ ਦਾ ਤਾਂ ਲੰਮੇ ਸਮੇਂ ਤੱਕ ਪੰਜਾਬ ‘ਤੇ ਕਬਜ਼ਾ ਰਿਹਾ ਜਿਸ ਕਾਰਨ ਪੰਜਾਬੀ ਦੇ ਕਈ ਸ਼ਬਦਾਂ ਦਾ ਇਨ੍ਹਾਂ ਹਮਲਾਵਰੀ ਜ਼ੁਬਾਨਾਂ ਨਾਲ ਰਲਾਅ ਮਿਲਦਾ ਹੈ।
ਖ਼ਾਲਿਦ ਹੁਸੈਨ ਨੇ ਕਿਹਾ ਕਿ ਪੰਜਾਬ ਵਿੱਚ ਉਰਦੂ ਸਭ ਤੋਂ ਜ਼ਿਆਦਾ ਮਜ਼ਾਰਾਂ, ਬਾਜ਼ਾਰਾਂ, ਮਸੀਤਾਂ, ਦਰਗਾਹਾਂ, ਮੱਠਾਂ ਮੰਦਰਾਂ ਵਿੱਚ ਪਲੀ ਤੇ ਪ੍ਰਫੁੱਲਤ ਹੋਈ ਕਿਉਂਕਿ ਲੋਕਾਂ ਉੱਥੇ ਕਾਫ਼ੀ ਆਉਣ-ਜਾਣ ਰਹਿੰਦਾ ਸੀ ਜਾਂ ਉਹ ਸੂਫ਼ੀਆਂ ਕੋਲ ਉੱਠਦੇ ਬੈਠਦੇ ਸਨ ਜੋ ਇਰਾਕ, ਇਰਾਨ ਅਰਬ ਜਾਂ ਸੈਂਟਰਲ ਏਸ਼ੀਆ ਤੋਂ ਆਏ ਤੇ ਉਨ੍ਹਾਂ ਆਪਣੀ ਸ਼ਾਇਰੀ ਪੰਜਾਬੀ ਵਿੱਚ ਕੀਤੀ। ਉਨ੍ਹਾਂ ਦੀ ਭਾਸ਼ਾ ਵਿੱਚ ਅਰਬੀ-ਫ਼ਾਰਸੀ ਦਾ ਕਾਫ਼ੀ ਅਸਰ ਸੀ ਤੇ ਉਹੀ ਸ਼ਬਦ ਬਾਅਦ ਵਿੱਚ ਪੰਜਾਬੀ-ਉਰਦੂ ਜ਼ੁਬਾਨ ਵਿੱਚ ਆਉਣੇ ਸ਼ੁਰੂ ਹੋਏ।
ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਨੇ 12ਵੀਂ ਸਦੀ ਵਿੱਚ ਆਪਣੀ ਪੰਜਾਬੀ ਸ਼ਾਇਰੀ ਵਿੱਚ ਅਰਬੀ, ਫ਼ਾਰਸੀ, ਤੁਰਕੀ ਤੋਂ ਇਲਾਵਾ ਪੰਜਾਬੀ ਦੇ ਸ਼ਬਦ ਵੀ ਵਰਤੇ। ਉਨ੍ਹਾਂ ਬਾਬਾ ਫ਼ਰੀਦ, ਅਮੀਰ ਖੁਸਰੋ, ਮੁਨਸ਼ੀ ਵਲੀ ਰਾਮ ਜੋ ਦਾਰਾ ਸ਼ਿਕੋਹ ਦਾ ਸਲਾਹਕਾਰ ਸੀ, ਗ਼ੁਲਾਮ ਕਾਦਰ ਸ਼ਾਹ, ਬੁੱਧ ਸ਼ਾਹ, ਵਾਰਸ ਸ਼ਾਹ ਦੇ ਕਲਾਮ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਬੁੱਲੇ ਸ਼ਾਹ ਦੀਆਂ ਕਾਫ਼ੀਆਂ ਜਾਂ ਮੁਹੰਮਦ ਬਖ਼ਸ਼ ਦਾ ਕਲਾਮ ਪੜ੍ਹੋ, ਉਸ ਵਿੱਚ ਕਈ ਸ਼ਬਦ ਉਰਦੂ ਭਾਸ਼ਾ ਵਿੱਚ ਹਨ। ਇੱਥੋਂ ਤੱਕ ਕਿ ਹਿੰਦਕੀ ਵੀ ਉਰਦੂ ਦੀ ਕਦੀਮੀ ਸ਼ਕਲ ਹੈ।
ਜਨਾਬ ਖ਼ਾਲਿਦ ਨੇ ਦੱਸਿਆ ਕਿ ਔਰੰਗਜ਼ੇਬ ਆਲਮਗੀਰ ਦੇ ਜ਼ਮਾਨੇ ਤੱਕ ਉਰਦੂ ਇਕ ਮੁਕੰਮਲ ਭਾਸ਼ਾ ਦਾ ਰੂਪ ਅਖ਼ਤਿਆਰ ਕਰ ਚੁੱਕੀ ਸੀ। ਇਸ ਲਈ ਉਰਦੂ ਭਾਰਤ ਵਿੱਚ ਹੀ ਜਨਮੀ, ਪ੍ਰਵਾਨ ਚੜ੍ਹੀ ਤੇ ਉਰਦੂ ਦੀ ਤਰੱਕੀ ਵਿੱਚ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਧ ਯੋਗਦਾਨ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚੋਂ 60 ਫੀਸਦੀ ਸ਼ਬਦ ਉਰਦੂ ਵਿੱਚ ਹਨ। ਫ਼ੈਜ਼, ਇਕਬਾਲ, ਹਫੀਜ਼ ਜਲੰਧਰੀ, ਮੁਨੀਜ਼ ਨਿਆਜ਼ੀ ਦਾ ਪਿਛੋਕੜ ਪੰਜਾਬ ਨਾਲ ਹੋਣ ਕਾਰਣ ਇਨ੍ਹਾਂ ਸਭ ਨੇ ਪੰਜਾਬੀ-ਉਰਦੂ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਤੇ ਅਮੀਰ ਕੀਤਾ। ਪੰਜਾਬੀ ਮੂਲ ਦੇ ਹੋਣ ਕਾਰਣ ਇਨ੍ਹਾਂ ਦਾ ਉਰਦੂ ਨੂੰ ਪ੍ਰਫੁੱਲਤ ਕਰਨ ਵਿੱਚ ਵੱਡਾ ਯੋਗਦਾਨ ਹੈ। ਇਨ੍ਹਾਂ ਵੱਲੋਂ ਵਰਤੇ ਗਏ ਪੰਜਾਬੀ ਲਹਿਜ਼ੇ ਵਾਲੇ ਸ਼ਬਦ ਉਰਦੂ ਜ਼ੁਬਾਨ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਦੇ ਹਨ।
ਪ੍ਰੋਗਰਾਮ ਕਨਵੀਨਰ ਡਾ. ਵਿਨਾਕਸ਼ੀ ਸ਼ਰਮਾ ਨੇ ਹਿੰਦ ਪਾਕਿ ਦੋਨਾਂ ਮੁਲਕਾਂ ਵਿੱਚ ਪੰਜਾਬੀ ਦੀਆਂ ਦੋਨੋਂ ਲਿੱਪੀਆਂ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਲਿਖੇ ਜਾ ਰਹੇ ਸਾਹਿਤ ‘ਤੇ ਤਸੱਲੀ ਪ੍ਰਗਟਾਉਂਦਿਆਂ ਇਸ ਨੂੰ ਅਜੇ ਹੋਰ ਵੀ ਵੱਡੇ ਪੱਧਰ ‘ਤੇ ਯਤਨਸ਼ੀਲ ਹੋਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਮੁੱਖ ਬੁਲਾਰੇ ਖ਼ਾਲਿਦ ਹੁਸੈਨ ਦੇ ਮਾਂ ਬੋਲੀ ਲਈ ਪਿਆਰ ਤੇ ਸਮਰਪਿਤ ਹੋਣ ਨੂੰ ਵਡਿਆਇਆ ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਪਣੀ ਮਾਂ ਬੋਲੀ ਨੂੰ ਨਾ ਵਿਸਾਰੋ ਭਾਵੇਂ ਹੋਰ ਕਿੰਨੀਆਂ ਵੀ ਭਾਸ਼ਾਵਾਂ ਕਿਉਂ ਨਾ ਜਾਣਦੇ ਹੋਵੋ।
ਵਿਸ਼ੇਸ਼ ਮਹਿਮਾਨ ਵਜੋਂ ਪਾਕਿਸਤਾਨ ਦੀ ਲੰਡਨ ਤੋਂ ਪ੍ਰਤੀਨਿਧਤਾ ਕਰਦਿਆਂ ਗਿੰਮੀ ਟੀ.ਵੀ. ਚੈਨਲ ਦੀ ਰੂਹੇ-ਰਵਾਂ (ਸੀ.ਈ.ਓ.) ਮੋਹਤਰਮਾ ਸ਼ਗੁਫਤਾ ਗਿੰਮੀ ਨੇ ਉਰਦੂ ਤੇ ਪੰਜਾਬੀ ਦੇ ਆਪਸੀ ਗੁੜ੍ਹੇ ਰਿਸ਼ਤੇ ਤੇ ਮਾਣ ਮਹਿਸੂਸ ਕਰਦਿਆਂ ਇਸ ਨੂੰ ਹੋਰ ਪਕੇਰਾ ਤੇ ਅੱਗੇ ਤੱਕ ਲੈ ਜਾਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਉਰਦੂ ਵਿਭਾਗ ਦੇ ਮੁਖੀ ਤੇ ਪ੍ਰਸਿੱਧ ਸ਼ਾਇਰਾ ਇਫਤ ਜ਼ਰੀਨ ਨੇ ਵੀ ਉਰਦੂ ਤੇ ਪੰਜਾਬੀ ਦੇ ਨੇੜਲੇ ਰਿਸ਼ਤੇ ਨੂੰ ਨਹੁੰ ਮਾਸ ਦੇ ਰਿਸ਼ਤੇ ਦੇ ਪਿਆਰ ਨਾਲ ਨਿਵਾਜਿਆ। ਅਖੀਰ ‘ਚ ਪੰਜਾਬੀ ਵਿਭਾਗ ਮੁਖੀ ਡਾ. ਇਕਬਾਲ ਨੇ ਸਭਨਾਂ ਦਾ ਧੰਨਵਾਦ ਕੀਤਾ।