ਨਵੀਂ ਦਿੱਲੀ, 22 ਦਸੰਬਰ – ਉਲੰਪਿਕ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਦੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੇ ਪ੍ਰਧਾਨ ਬਣਨ ਦੇ ਵਿਰੋਧ ਵਿੱਚ ਅੱਜ ਆਪਣਾ ਪਦਮਸ੍ਰੀ ਮੋੜ ਦਿੱਤਾ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਕਰਤੱਵਿਆ ਪੱਥ ’ਤੇ ਦਿੱਲੀ ਪੁਲੀਸ ਨੇ ਉਸ ਨੂੰ ਰੋਕ ਲਿਆ। ਉਹ ਆਪਣਾ ਪਦਮਸ੍ਰੀ ਮੋਦੀ ਨੂੰ ਲਿਖੀ ਚਿੱਠੀ ਵਿੱਚ ਲਪੇਟ ਕੇ ਪੱਟੜੀ ਉੱਤੇ ਰੱਖ ਕੇ ਵਾਪਸ ਆ ਗਿਆ ਹੈ। ਪੂਨੀਆ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਸਰਕਾਰ ਤੋਂ ਇਹ ਸਨਮਾਨ ਮਿਲਿਆ ਸੀ ਪਰ ਮੈਨੂੰ ਜਾਪਦਾ ਹੈ ਕਿ ਇਸ ਸਨਮਾਨ ਦੇ ਬਾਵਜੂਦ ਮੈਂ ਦੇਸ਼ ਦੀਆਂ ਧੀਆਂ ਦੇ ਸਨਮਾਨ ਦੀ ਰੱਖਿਆ ਨਹੀਂ ਕਰ ਸਕਿਆ ਹਾਂ। ਇਸ ਲਈ ਮੈਂ ਇਸ ਦਾ ਹੱਕਦਾਰ ਨਹੀਂ ਹਾਂ।’’ ਪੂਨੀਆ ਨੇ ਕਿਹਾ ਕਿ ਉਹ ਪਦਮਸ੍ਰੀ ਘਰ ਵਾਪਸ ਲੈ ਕੇ ਨਹੀਂ ਜਾਣਗੇ। ਉਨ੍ਹਾਂ ਕਿਹਾ, ‘‘ਪ੍ਰਸ਼ਾਸਨ ਦਾ ਕਹਿਣਾ ਸਹੀ ਹੈ ਕਿ ਮੈਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਲਈ ਸੀ, ਇਸ ਕਰ ਕੇ ਮੈਂ ਉਨ੍ਹਾਂ ਨੂੰ ਨਹੀਂ ਮਿਲ ਸਕਿਆ। ਮੈਂ ਪਦਮਸ੍ਰੀ ਨੂੰ ਇੱਥੇ ਚਿੱਠੀ ’ਤੇ ਰੱਖਿਆ ਕਿਉਂਕਿ ਮੈਂ ਇਸ ਨੂੰ ਜ਼ਮੀਨ ’ਤੇ ਨਹੀਂ ਸੁੱਟ ਸਕਦਾ।’’ ਇਹ ਪੁੱਛਣ ’ਤੇ ਕਿ ਪ੍ਰਧਾਨ ਮੰਤਰੀ ਲਈ ਉਨ੍ਹਾਂ ਦਾ ਕੀ ਸੁਨੇਹਾ ਹੈ ਤਾਂ ਉਨ੍ਹਾਂ ਕਿਹਾ, ‘‘ਜੇਕਰ ਮਹਿਲਾ ਪਹਿਲਵਾਨਾਂ ਦੀ ਆਵਾਜ਼ ਅਜੇ ਤੱਕ ਤੁਹਾਡੇ (ਮੋਦੀ) ਤੱਕ ਨਹੀਂ ਪੁੱਜੀ ਹੈ ਅਤੇ ਜੇਕਰ ਭਵਿੱਖ ਵਿੱਚ ਇਹ ਤੁਹਾਡੇ ਤੱਕ ਪਹੁੰਚ ਜਾਵੇ ਤਾਂ ਕ੍ਰਿਪਾ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰੋ।’’
ਉਧਰ, ਖੇਡ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਪਦਮਸ੍ਰੀ ਵਾਪਸ ਕਰਨਾ ਬਜਰੰਗ ਪੂਨੀਆ ਦਾ ਨਿੱਜੀ ਫ਼ੈਸਲਾ ਹੈ। ਉਹ ਪੂਨੀਆ ਨੂੰ ਆਪਣੇ ਇਸ ਫ਼ੈਸਲੇ ਬਾਰੇ ਮੁੜ ਵਿਚਾਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਮੰਤਰਾਲੇ ਨੇ ਨਾਲ ਹੀ ਦਾਅਵਾ ਕੀਤਾ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਨਿਰਪੱਖ ਅਤੇ ਲੋਕਤੰਤਰੀ ਢੰਗ ਨਾਲ ਕਰਵਾਈਆਂ ਗਈਆਂ ਹਨ।
Home Page ਉਲੰਪਿਕ ਤਗਮਾ ਜੇਤੂ ਪਹਿਲਵਾਨ ਬਜਰੰਗ ਬਜਰੰਗ ਨੇ ਵਿਰੋਧ ‘ਚ ਆਪਣਾ ਪਦਮਸ੍ਰੀ ਮੋੜਿਆ