ਲੇਖਕ: ਐਂਡਰੀਆ ਸੂ ਅਤੇ ਅਲੀਨਾ ਸੇਲੂਖ
ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ (ਕੈਨੇਡਾ)
“ਉਹ ਬਹੁਤਾ ਹੁਸ਼ਿਆਰ ਜਾਂ ਚੰਗਾ ਬੁਲਾਰਾ ਨਹੀਂ ਹੈ”
ਐਮਾਜ਼ੌਨ ਕੰਪਨੀ ਦੇ ਇਕ ਚੋਟੀ ਦੇ ਵਕੀਲ ਨੇ ਉਪਰੋਕਤ ਸ਼ਬਦ ਐਮਾਜ਼ੌਨ ਕੰਪਨੀ ਨਾਲ ਇਕ ਵੇਅਰਹਾਊਸ ਵਰਕਰ ਦੇ ਤੌਰ ‘ਤੇ ਕੰਮ ਕਰਦੇ ਰਹੇ ਕ੍ਰਿਸ ਸਮਾਲਜ਼ ਬਾਰੇ ਕਹੇ ਸਨ।
2020 ਵਿੱਚ ਮਹਾਂਮਾਰੀ ਦੇ ਸ਼ੁਰੂ ਵਿੱਚ ਕ੍ਰਿਸ ਸਮਾਲਜ਼ ਨਿਊ ਯੌਰਕ ਦੇ ਸਟੇਟਨ ਆਈਲੈਂਡ ਵਿਖੇ ਐਮਾਜ਼ੌਨ ਕੰਪਨੀ ਦੇ ਵੇਅਰਹਾਊਸ ਵਿੱਚ ਕੰਮ ਕਰਦਾ ਸੀ। ਉਸ ਸਮੇਂ ਉਸ ਨੇ ਵੇਅਰਹਾਊਸ ਵਿੱਚ ਕੰਮ ਦੀਆਂ ਮਾੜੀਆਂ ਹਾਲਤਾਂ ਦਾ ਵਿਰੋਧ ਕਰਨ ਲਈ ਕੰਮ ਛੱਡ ਕੇ ਇਕ ਪ੍ਰਦਰਸ਼ਨ ਨੂੰ ਜਥੇਬੰਦ ਕੀਤਾ ਸੀ। ਨਤੀਜੇ ਵਜੋਂ ਉਸ ਨੂੰ ਉਸ ਹੀ ਦਿਨ ਕੰਮ ਤੋਂ ਕੱਢ ਦਿੱਤਾ ਗਿਆ ਸੀ।
ਜਿਸ ਮੀਮੋ ਵਿੱਚ ਉਪਰੋਕਤ ਸ਼ਬਦ ਲਿਖੇ ਹੋਏ ਸਨ, ਉਹ ਕੁੱਝ ਦਿਨਾਂ ਬਾਅਦ ਲੀਕ ਹੋ ਗਿਆ। ਇਹ ਸ਼ਬਦ ਕ੍ਰਿਸ ਸਮਾਲਜ਼ ਦੇ ਮਨ ‘ਤੇ ਉੱਕਰੇ ਗਏ ਅਤੇ ਉਸ ਵੱਲੋਂ ਇਕ ਗਰਾਸ ਰੂਟ ਪੱਧਰ ‘ਤੇ ਯੂਨੀਅਨ ਬਣਾਉਣ ਲਈ ਚਲਾਈ ਗਈ ਇਕ ਕਾਮਯਾਬ ਮੁਹਿੰਮ ਦੀ ਅਗਵਾਈ ਕਰਨ ਦਾ ਪ੍ਰੇਰਨਾ ਸਰੋਤ ਬਣ ਗਏ।
1 ਅਪ੍ਰੈਲ 2022 ਨੂੰ ਸ਼ੁੱਕਰਵਾਰ ਵਾਲੇ ਦਿਨ ਐਮਾਜ਼ੌਨ ਲੇਬਰ ਯੂਨੀਅਨ ਵੱਲੋਂ ਉਸ ਵੇਅਰਹਾਊਸ ਵਿੱਚ ਯੂਨੀਅਨ ਬਣਨ ਦੀ ਇਤਿਹਾਸਕ ਜਿੱਤ ਦਾ ਜਸ਼ਨ ਮਨਾਉਂਦਿਆਂ ਕ੍ਰਿਸ ਸਮਾਲਜ਼ ਨੇ ਦੱਸਿਆ, “ਜਦੋਂ ਮੈਂ ਉਹ ਮੀਮੋ ਪੜ੍ਹਿਆ, ਤਾਂ ਉਸ ਨੇ ਮੈਨੂੰ ਯੂਨੀਅਨ ਜਥੇਬੰਦ ਕਰਨ ਲਈ ਮੁਹਿੰਮ ਚਲਾਉਣ ਲਈ ਉਤਸ਼ਾਹਿਤ ਕੀਤਾ”। ਇਸ ਵੇਅਰਹਾਊਸ ਵਿੱਚ ਯੂਨੀਅਨ ਬਣਨ ਨਾਲ ਇਹ ਵੇਅਰਹਾਊਸ ਅਮਰੀਕਾ ਵਿੱਚ ਐਮਾਜ਼ੌਨ ਦੀ ਯੂਨੀਅਨ ਵਾਲੀ ਪਹਿਲੀ ਥਾਂ ਬਣ ਗਿਆ ਹੈ।
ਸ਼ੁੱਕਰਵਾਰ ਦੀ ਜਿੱਤ ਉਸ ਨੂੰ ਕੰਮ ਤੋਂ ਕੱਢੇ ਜਾਣ ਦੇ ਤਕਰੀਬਨ ਦੋ ਸਾਲਾਂ ਬਾਅਦ ਵਾਪਰੀ ਹੈ।
ਉਸ ਸਮੇਂ ਐਮਾਜ਼ੌਨ ਨੇ ਕਿਹਾ ਸੀ ਕਿ ਸਮਾਲਜ਼ ਨੇ ਕੁਰਾਟੀਨ ਅਤੇ ਸੁਰੱਖਿਆ ਦੇ ਉਪਾਵਾਂ ਦੀ ਉਲੰਘਣਾ ਕੀਤੀ ਹੈ। ਪਰ ਸਮਾਲਜ਼ ਦਾ ਕਹਿਣਾ ਸੀ ਕਿ ਉਸ ਨੂੰ ਉਸ ਵੱਲੋਂ ਆਪਣੇ ਹੱਕਾਂ ਲਈ ਜਥੇਬੰਦ ਹੋਣ ਦੇ ਯਤਨਾਂ ਕਰਕੇ ਕੰਮ ਤੋਂ ਕੱਢਿਆ ਗਿਆ ਸੀ। ਨਿਊ ਯੌਰਕ ਦੇ ਅਟਾਰਨੀ ਜਨਰਲ ਨੇ ਇਸ ਘਟਨਾ ਦੀ ਜਾਂਚ ਕੀਤੀ ਅਤੇ ਐਮਾਜ਼ੌਨ ‘ਤੇ ਮੁਕੱਦਮਾ ਚਲਾਇਆ ਅਤੇ ਸਮਾਲਜ਼ ਨੂੰ ਉਸ ਦਾ ਕੰਮ ਵਾਪਸ ਦਿਵਾਉਣ ਲਈ ਯਤਨ ਕੀਤਾ।
ਕੰਮ ਤੋਂ ਕੱਢੇ ਜਾਣ ਬਾਅਦ ਸਮਾਲਜ਼ ਚੁੱਪਚਾਪ ਨਹੀਂ ਬੈਠਿਆ ਅਤੇ ਕੰਮ ਤੋਂ ਕੱਢੇ ਜਾਣ ਤੋਂ ਛੇਤੀ ਬਾਅਦ ਉਸ ਨੇ ਐਮਾਜ਼ੌਨ ਲੇਬਰ ਯੂਨੀਅਨ ਦਾ ਗਠਨ ਕੀਤਾ।
ਯੂਨੀਅਨ ਬਾਰੇ ਸਮਾਲਜ਼ ਦਾ ਕੋਈ ਤਜਰਬਾ ਨਹੀਂ ਸੀ ਅਤੇ ਨਾ ਹੀ ਉਸ ਨੇ ਯੂਨੀਅਨ ਨੂੰ ਜਥੇਬੰਦ ਕਰਨ ਦੇ ਕੰਮ ਅਤੇ ਮਾਇਕ ਸਹਾਇਤਾ ਲਈ ਸਥਾਪਤ ਮਜ਼ਦੂਰ ਯੂਨੀਅਨਾਂ ‘ਤੇ ਟੇਕ ਰੱਖੀ।
ਇਸ ਦੇ ਉਲਟ ਉਸ ਨੇ ਇਸ ਮੁਹਿੰਮ ਲਈ ਗੋਫੰਡ ਮੀ ਰਾਹੀਂ ਪੈਸੇ ਇਕੱਤਰ ਕੀਤੇ। ਸਮਾਲਜ਼ ਅਤੇ ਉਸ ਦੇ ਸਹਿ-ਬਾਨੀ ਡੈਰਿਕ ਪਾਲਮਰ – ਜਿਹੜਾ ਅਜੇ ਵੀ ਵੇਅਰਹਾਊਸ ਵਿੱਚ ਕੰਮ ਕਰ ਰਿਹਾ ਹੈ- ਨੇ ਆਪਣੇ ਸਾਥੀ ਕਾਮਿਆਂ ਤੱਕ ਪਹੁੰਚ ਕੀਤੀ।
ਕਾਮਿਆਂ ਵੱਲੋਂ ਵਰਤਿਆ ਜਾਂਦਾ ਬੱਸ-ਸਟਾਪ ਉਨ੍ਹਾਂ ਦੇ ਮਿਲਣ ਦਾ ਅੱਡਾ ਬਣ ਗਿਆ। ਕੰਮ ਖ਼ਤਮ ਕਰਕੇ ਵਾਪਸ ਘਰ ਜਾਣ ਵਾਲੇ ਕਾਮਿਆਂ ਨਾਲ ਗੱਲ ਕਰਨ ਲਈ ਸਮਾਲਜ਼ ਅਤੇ ਉਸ ਦਾ ਸਾਥੀ ਬੱਸ-ਸਟਾਪ ‘ਤੇ ਕਾਮਿਆਂ ਦੀ ਉਡੀਕ ਕਰਦੇ। ਉਹ ਉੱਥੇ ਅੱਗ ਬਾਲ ਰੱਖਦੇ ਅਤੇ ਅੱਗ ਸੇਕਦੇ ਲੋਕਾਂ ਨਾਲ ਗੱਲਾਂ ਕਰਦੇ। ਉਹ ਕਾਮਿਆਂ ਨੂੰ ਉੱਥੇ ਖਾਣਾ ਬਣਾ ਕੇ ਰਲ-ਮਿਲ ਕੇ ਖਾਣ ਦਾ ਸੱਦਾ ਦਿੰਦੇ।
ਸਮਾਲਜ਼ ਦੱਸਦਾ ਹੈ, “ਸਾਡੇ ਕੋਲ ਉੱਥੇ 20 ਤੋਂ ਜ਼ਿਆਦਾ ਬਾਰਬੀਕਿਊ ਸਨ। ਅਸੀਂ ਹਰ ਹਫ਼ਤੇ, ਹਰ ਦਿਨ ਉਨ੍ਹਾਂ ਨੂੰ ਖਾਣਾ ਦਿੰਦੇ ਜਿਸ ਵਿੱਚ ਪੀਜ਼ਾ, ਚਿਕਨ, ਪੈਸਤਾ ਆਦਿ ਸ਼ਾਮਲ ਹੁੰਦਾ”। ਇੱਥੋਂ ਤੱਕ ਇਨ੍ਹਾਂ ਵਿੱਚੋਂ ਕੁੱਝ ਇਕੱਠਾਂ ਸਮੇਂ ਉਹ ਆਪਣੀ ਅੰਟੀ ਵੱਲੋਂ ਘਰ ਦਾ ਬਣਾਇਆ ਖਾਣਾ ਵੀ ਲੈ ਕੇ ਆਇਆ ਸੀ।
ਉਹ ਕਾਮਿਆਂ ਨਾਲ ਆਪਣੇ ਹੱਕਾਂ ਬਾਰੇ ਲੜਨ ਦੀ, ਕੰਮ ‘ਤੇ ਸਖ਼ਤ ਮਸ਼ੱਕਤ ਦੀਆਂ ਗੱਲ ਕਰਦੇ। ਉਹ ਗੱਲਾਂ ਕਰਦੇ ਸਾਰਾ ਦਿਨ ਖੜ੍ਹੇ ਹੋਣ ਕਾਰਨ ਪੈਰਾਂ ਦੀ ਹੋਣ ਵਾਲੀ ਬਦਤਰ ਹਾਲਤ ਦੀ, ਘੰਟਿਆਂ ਬੱਧੀ ਵਾਰ ਵਾਰ ਇਕ ਹੀ ਤਰ੍ਹਾਂ ਦੇ ਸਰੀਰਕ ਤੌਰ ‘ਤੇ ਸਖ਼ਤ ਕੰਮ ਕਰਨ ਨਾਲ ਹੁੰਦੇ ਬੁਰੇ ਹਾਲ ਦੀ। ਉਹ ਉਨ੍ਹਾਂ ਨੂੰ ਮਿਲਣ ਵਾਲੀਆਂ ਬਹੁਤ ਹੀ ਥੋੜ੍ਹੀਆਂ ਛੋਟੀਆਂ ਬ੍ਰੇਕਾਂ ਦੀ ਬਾਤ ਪਾਉਂਦੇ।
ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਇਹ ਉਘੜ-ਦੁਘੜੀ ਛੋਟੀ ਜਿਹੀ ਗ੍ਰਾਸ-ਰੂਟ ਪੱਧਰ ਦੀ ਮੁਹਿੰਮ ਏਡੀ ਵੱਡੀ ਕੰਪਨੀ ਵਿਰੁੱਧ ਜਿੱਤ ਪ੍ਰਾਪਤ ਕਰ ਸਕੇਗੀ। ਪਰ ਸਮਾਲਜ਼ ਡਟਿਆ ਰਿਹਾ ਅਤੇ ਅਖੀਰ ਵਿੱਚ ਯੂਨੀਅਨ ਬਾਰੇ ਵੋਟਾਂ ਪਵਾਉਣ ਲਈ ਲੋੜੀਂਦੀ 30% ਕਾਮਿਆਂ ਵੱਲੋਂ ਦਸਖ਼ਤ ਕਰਨ ਦੀ ਸ਼ਰਤ ਪੂਰੀ ਕਰਨ ਵਿੱਚ ਕਾਮਯਾਬ ਹੋ ਗਿਆ।
ਇਸ ਦੌਰਾਨ ਐਮਾਜ਼ੌਨ ਨੇ ਕਾਮਿਆਂ ਵੱਲੋਂ ਯੂਨੀਅਨ ਬਣਾਉਣ ਦੀ ਮੁਹਿੰਮ ਵਿਰੁੱਧ ਲੜਨ ਲਈ ਲੇਬਰ ਕਨਸਲਟੈਂਟਾਂ ‘ਤੇ ਲੱਖਾਂ ਡਾਲਰ ਖ਼ਰਚ ਕੀਤੇ। ਕੰਪਨੀ ਨੇ ਵੇਅਰਹਾਊਸ ਵਿੱਚ ਕਾਮਿਆਂ ਨੂੰ ਉਨ੍ਹਾਂ ਮੀਟਿੰਗਾਂ ਵਿੱਚ ਆਉਣ ਲਈ ਮਜਬੂਰ ਕੀਤਾ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਯੂਨੀਅਨ ਦੇ ਵਿਰੁੱਧ ਵੋਟ ਪਾਉਣ ਲਈ ਕਿਹਾ ਜਾਂਦਾ ਸੀ।
ਇੱਥੋਂ ਤੱਕ ਕਿ ਇਸ ਸਾਲ ਦੇ ਸ਼ੁਰੂ ਵਿੱਚ ਕੰਪਨੀ ਨੇ ਸਮਾਲਜ਼ ਅਤੇ ਉਸ ਦੇ ਸਾਥੀ ਯੂਨੀਅਨ ਆਰਗੇਨਾਈਜਰਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕਰਵਾ ਦਿੱਤਾ ਜਦੋਂ ਉਹ ਵੇਅਰਹਾਊਸ ਦੀ ਪਾਰਕਿੰਗ ਲਾਟ ਵਿੱਚ ਦੂਜੇ ਕਾਮਿਆਂ ਨੂੰ ਖਾਣਾ ਅਤੇ ਯੂਨੀਅਨ ਦੀ ਸਮੱਗਰੀ ਦੇਣ ਗਏ ਸਨ।
ਐਮਾਜ਼ੌਨ ਵਾਲੇ ਕਾਮਿਆਂ ਨੂੰ ਕਹਿੰਦੇ ਹਨ ਕਿ ਯੂਨੀਅਨ ਤੋਂ ਬਿਨਾਂ ਹੀ ਇਹ ਥਾਂ ਕੰਮ ਕਰਨ ਲਈ ਬਹੁਤ ਵਧੀਆ ਥਾਂ ਹੈ। ਇੱਥੇ ਉਨ੍ਹਾਂ ਨੂੰ ਚੰਗੀ ਤਨਖ਼ਾਹ ਅਤੇ ਫੁੱਲ ਟਾਈਮ ਕਾਮਿਆਂ ਲਈ ਸਿਹਤ ਸੰਭਾਲ ਦੀ ਕਵਰੇਜ ਵਰਗੇ ਚੰਗੇ ਬੈਨੀਫਿਟ ਮਿਲਦੇ ਹਨ ਅਤੇ ਕਾਲਜ ਵਿੱਚ ਪੜ੍ਹਨ ਲਈ ਕਾਮਿਆਂ ਨੂੰ ਪੂਰੀ ਟਿਊਸ਼ਨ ਫ਼ੀਸ ਦਿੱਤੀ ਜਾਂਦੀ ਹੈ।
ਪਰ ਸਮਾਲਜ਼ ਦੀਆਂ ਕੋਸ਼ਿਸ਼ਾਂ ਕਾਮਯਾਬ ਰਹੀਆਂ।
5000 ਦੇ ਕਰੀਬ ਕਾਮਿਆਂ ਨੇ ਵੋਟਾਂ ਪਾਈਆਂ ਅਤੇ ਯੂਨੀਅਨ ਬਣਾਉਣ ਵਾਲਿਆਂ ਦੀ ਵੋਟਾਂ ਵਿੱਚ ਵੱਡੇ ਫ਼ਰਕ ਨਾਲ ਜਿੱਤ ਹੋਈ – ਉਹ 500 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਦੋ ਸਾਲ ਪਹਿਲਾਂ ਐਮਾਜ਼ੌਨ ਕੰਪਨੀ ਯੂਨੀਅਨ ਬਣਾਉਣ ਦੀ ਇਸ ਮੁਹਿੰਮ ਦਾ ਮਖ਼ੌਲ ਉਡਾਉਣਾ ਚਾਹੁੰਦੀ ਸੀ, ਜਦੋਂ ਇਸ ਨੇ ਆਪਣੀ ਪੀ ਆਰ (ਪਬਲਿਕ ਰਿਲੇਸ਼ਨ) ਦੀ ਰਣਨੀਤੀ ਵਿੱਚ ਕਿਹਾ ਸੀ ਕਿ ਉਹ ਸਮਾਲਜ਼ ਨੂੰ “ਯੂਨੀਅਨ/ਜਥੇਬੰਦੀ ਦੀ ਲਹਿਰ ਦਾ ਚਿਹਰਾ ਬਣਾ ਦੇਵੇਗੀ”।
ਬਿਲਕੁਲ ਇਸ ਤਰ੍ਹਾਂ ਹੀ ਹੋਇਆ। ਸਮਾਲਜ਼ ਹੁਣ ਦੇ ਸਮਿਆਂ ਵਿੱਚ ਯੂਨੀਅਨ ਬਣਾਉਣ ਦੀ ਸਭ ਤੋਂ ਵੱਧ ਕਾਮਯਾਬ ਮੁਹਿੰਮ ਦਾ ਚਿਹਰਾ ਬਣ ਗਿਆ ਹੈ।
ਐਮਾਜ਼ੌਨ ਨੂੰ ਬਹੁਤ ਹੀ ਜਿੱਚ ਕਰਨ ਵਾਲੀ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਸਮਾਲਜ਼ ਦਾ ਕਹਿਣਾ ਹੈ, “ਐਮਾਜ਼ੌਨ ਲੋਕਾਂ ਤੋਂ ਬਿਨਾਂ ਐਮਾਜ਼ੌਨ ਨਹੀਂ ਬਣੀ ਅਤੇ ਜੋ ਐਮਾਜ਼ੌਨ ਅੱਜ ਹੈ, ਉਹ ਅਸੀਂ ਹੀ ਇਸ ਨੂੰ ਬਣਾਇਆ ਹੈ”।