ਨਵੀਂ ਦਿੱਲੀ – ਇੱਥੇ 20 ਮਾਰਚ ਨੂੰ ਉੱਘੇ ਲੇਖਕ, ਪੱਤਰਕਾਰ, ਕਾਲਮਨਵੀਸ ਖੁਸ਼ਵੰਤ ਸਿੰਘ ਦਾ ਦੁਪਹਿਰ 12:15 ਵਜੇ ਦਿਹਾਂਤ ਹੋ ਗਿਆ, ਉਹ 99 ਸਾਲਾਂ ਦੇ ਸਨ। ਉਨ੍ਹਾਂ ਆਪਣੀ ਸੁਜਾਨ ਸਿੰਘ ਪਾਰਕ ਸਥਿਤ ਰਿਹਾਇਸ਼ ‘ਤੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਸ. ਖੁਸ਼ਵੰਤ ਸਿੰਘ ਜੀ ਦੇ ਦਿਹਾਂਤ ਦੀ ਖ਼ਬਰ ਮਿਲਣ ‘ਤੇ ਸਿਆਸੀ ਆਗੂਆਂ, ਬੁੱਧੀਜੀਵੀ, ਬਾਲੀਵੁੱਡ ਹਸਤੀਆਂ ਅਤੇ ਹੋਰਨਾਂ ਵਿੱਚ ਸੋਗ ਦੀ ਲਹਿਰ ਦੌੜ ਗਈ, ਉਨ੍ਹਾਂ ਦੇ ਘਰ ਵੱਡੀ ਗਿਣਤੀ ਵਿੱਚ ਸੋਗ ਮਨਾਉਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਖੁਸ਼ਵੰਤ ਸਿੰਘ ਦੇ ਦਿਹਾਂਤ ਉੱਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਕੇਂਦਰੀ ਮੰਤਰੀ ਫਾਰੂਕ ਅਬਦੁੱਲਾ, ਸਾਬਕਾ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ, ਵਿਨੋਦ ਖੰਨਾ ਤੇ ਹੋਰਨਾ ਸਿਆਸੀ ਸ਼ਖ਼ਸੀਅਤਾਂ ਸੀਨੀਅਰ ਪੱਤਰਕਾਰਾਂ, ਲੇਖਕਾਂ ਤੇ ਬਾਲੀਵੁੱਡ ਦੀਆਂ ਅਹਿਮ ਹਸਤੀਆਂ ਅਤੇ ਹੋਰਨਾਂ ਨੇ ਦੁੱਖ ਪ੍ਰਗਟਾਇਆ।
ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਹਦਾਲੀ (ਪਾਕਿਸਤਾਨ) ਵਿਖੇ ਠੇਕੇਦਾਰ ਅਤੇ ਮਸ਼ਹੂਰ ਬਿਲਡਰ ਸਰ ਸੋਭਾ ਸਿੰਘ ਦੇ ਘਰ ਹੋਇਆ ਸੀ। ਪੇਸ਼ੇ ਤੋਂ ਵਕੀਲ ਰਹੇ ਖੁਸ਼ਵੰਤ ਸਿੰਘ ਨੇ ਪੱਤਰਕਾਰਤਾ ‘ਚ ਆਉਣ ਤੋਂ ਬਾਅਦ ਕਾਫੀ ਪ੍ਰਸਿੱਧੀ ਹਾਸਲ ਕੀਤੀ। ਖੁਸ਼ਵੰਤ ਸਿੰਘ ਨੇ ‘ਟਰੇਨ ਟੂ ਪਾਕਿਸਤਾਨ’ ਅਤੇ ‘ਸਿੱਖਾਂ ਦਾ ਇਤਿਹਾਸ’ ਵਰਗੀਆਂ 80 ਤੋਂ ਵੱਧ ਕਿਤਾਬਾਂ ਲਿਖੀਆਂ। ਪਿਛਲੇ ਵਰ੍ਹੇ ਉਨ੍ਹਾਂ ਦੀ ਆਖ਼ਰੀ ਕਿਤਾਬ ‘ਖੁਸ਼ਵੰਤਨਾਮਾ’ ਪ੍ਰਕਾਸ਼ਿਤ ਹੋਈ ਸੀ
ਪਾਕਿਸਤਾਨ ‘ਚ ਹੋਇਆ ਜਨਮ
ਖੁਸ਼ਵੰਤ ਸਿੰਘ 1980 ਤੋਂ 1986 ਤੱਕ ਰਾਜ ਸਭਾ ਦੇ ਮੈਂਬਰ ਰਹੇ। ਉਨ੍ਹਾਂ ਨੂੰ 1974 ਵਿੱਚ ਪਦਮ ਭੂਸ਼ਨ ਪੁਰਸਕਾਰ ਦਿੱਤਾ ਗਿਆ ਪਰ 1984 ਵਿਚ ਫ਼ੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤੀ ਕਾਰਵਾਈ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਉਨ੍ਹਾਂ ਇਹ ਪੁਰਸਕਾਰ ਵਾਪਸ ਕਰ ਦਿੱਤਾ। 2007 ਵਿੱਚ ਉਨ੍ਹਾਂ ਨੂੰ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਸ. ਖੁਸ਼ਵੰਤ ਸਿੰਘ ਜੀ ਦੇ ਦਿਹਾਂਤ ‘ਤੇ ਕੂਕ ਪੰਜਾਬੀ ਸਮਾਚਾਰ ਦੇ ਅਦਾਰੇ ਵੱਲੋਂ ਖ਼ਾਸ ਤੌਰ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਕਿਉਂਕਿ ਕਾਫੀ ਲੰਮੇ ਸਮੇਂ ਤੋਂ ਉਹ ਸਾਡੇ ਚਾਨਣ ਮੁਨਾਰੇ ਵਾਂਗ ਰਹੇ। ਕੂਕ ਦੇ ਐਡੀਟਰ ਸ. ਅਮਰਜੀਤ ਸਿੰਘ ਨੇ ਕਿਹਾ ਕਿ, ‘ਖੁਸ਼ਵੰਤ ਸਿੰਘ ਦੀ ਪੱਤਰਕਾਰੀ ਅਤੇ ਲੇਖਣੀ ਸਾਨੂੰ ਹਮੇਸ਼ਾ ਸੇਧ ਦਿੰਦੀ ਰਹੀ ਹੈ। ਦਿੱਲੀ ਰਹਿੰਦਿਆਂ ਉਨ੍ਹਾਂ ਨੂੰ ਕਈ ਪ੍ਰੋਗਰਾਮਾਂ ਵਿੱਚ ਸੁਣਨ ਅਤੇ ਮਿਲਣ ਦੇ ਮੌਕੇ ਮਿਲਦੇ ਰਹੇ’। ਖੁਸ਼ਵੰਤ ਸਿੰਘ ਜੀ ਨਿਧੜਕ ਅਤੇ ਬੇਬਾਕ ਕਿਸਮ ਦੇ ਪੱਤਰਕਾਰ ਸਨ ਜੋ ਆਪਣੀ ਗੱਲ ਕਹਿਣ ਤੋਂ ਝਿਜਕਦੇ ਨਹੀਂ ਸਨ। ਉਨ੍ਹਾਂ ਦੇ ਦਿਹਾਂਤ ਨਾਲ ਪੱਤਰਕਾਰੀ ਅਤੇ ਲੇਖਣੀ ਜਗਤ ਨੂੰ ਵੱਡਾ ਘਾਟਾ ਪਿਆ ਹੈ।
Indian News ਉੱਘੇ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਨਹੀਂ ਰਹੇ