ਏਅਰ ਨਿਊਜ਼ੀਲੈਂਡ ਦੇ ਵਿਚ ਚਮਕੇਗਾ 19 ਸਾਲਾ ਸੂਰਜ ਸਿੰਘ, ਬਣਿਆ ‘ਕਸਟਮਰ ਸਰਵਿਸ ਏਜੰਟ’

ਸ. ਮਹਾਰਾਜ ਸਿੰਘ ਦਾ ਹੈ ਪੋਤਾ ਅਤੇ ਸ. ਸ਼ੇਰ ਸਿੰਘ ਮਾਣਕਢੇਰੀ ਦਾ ਹੈ ਬੇਟਾ
ਆਕਲੈਂਡ, 27 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) – ਪੰਜਾਬ ਦੇ ਜਾਏ ਜਿੱਥੇ ਮਿਹਨਤ, ਮਸ਼ੱਕਤ, ਪੜ੍ਹਾਈ-ਲਿਖਾਈ, ਸਿਆਣਪ-ਲਿਆਕਤ, ਪੁਰਖਿਆਂ ਦੇ ਪਾਏ ਪੂਰਨਿਆਂ, ਧਰਮ ਤੇ ਵਿਰਸੇ ਦੇ ਜਜ਼ਬੇ ਨਾਲ ਦੇਸ਼-ਵਿਦੇਸ਼ ਅੱਗੇ ਵਧਦੇ ਰਹਿੰਦੇ ਹਨ ਉੱਥੇ ਸਾਡੀ ਵਿਦੇਸ਼ੀ ਜਨਮੀ ਨਵੀਂ ਪੀੜ੍ਹੀ ਵੀ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਪੂਰੀ ਕਰਕੇ ਉੱਚ ਕੰਪਨੀਆਂ ਅਤੇ ਉੱਚ ਨੌਕਰੀਆਂ ਦੀ ਕਤਾਰ ਵਿਚ ਸ਼ਾਮਿਲ ਹੋ ਰਹੀ ਹੈ।। ਮੈਨੁਰੇਵਾ ਨਿਵਾਸੀ ਸ. ਮਹਾਰਾਜ ਸਿੰਘ ਦਾ ਪੋਤਰਾ ਅਤੇ ਸ. ਸ਼ੇਰ ਸਿੰਘ ਮਾਣਕਢੇਰੀ ਦਾ 19 ਸਾਲਾ ਬੇਟਾ ਸੂਰਜ ਸਿੰਘ ਜਿੱਥੇ ਅਜੇ ਆਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ ਤੋਂ ਬੈਚਲਰ ਆਫ਼ ਬਿਜ਼ਨਸ ( ਹਿਊਮਨ ਰੀਸੋਰਸਜ਼ ਅਤੇ ਇੰਪਲਾਇਮੈਂਟ ਰਿਲੇਸ਼ਨ) ਦੀ ਪੜ੍ਹਾਈ ਕਰ ਰਿਹਾ ਹੈ ਉੱਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਆਪਣੀ ਨੌਕਰੀ ਸ਼ੁਰੂ ਕਰਕੇ ਆਪਣੀ ਪਹੁੰਚ ਨਿਊਜ਼ੀਲੈਂਡ ਦੀ ਵਕਾਰੀ ਏਅਰ ਲਾਈਨ ‘ਏਅਰ ਨਿਊਜ਼ੀਲੈਂਡ’ ਦੇ ਵਿਚ ‘ਕਸਟਮਰ ਸਰਵਿਸ ਏਜੰਟ’ ਤੱਕ ਬਣਾ ਲਈ ਹੈ।
ਇੱਥੇ ਦੇ ਪੜਿਆਂ ਲਈ ਨੌਕਰੀ ਮਿਲਣਾ ਭਾਵੇਂ ਸਾਧਾਰਨ ਗੱਲ ਹੋ ਸਕਦੀ ਹੈ, ਪਰ ਜਦੋਂ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਭਾਰਤੀਆਂ ਨੂੰ ਭਾਰਤੀ ਚਿਹਰੇ ਅਤੇ ਆਈ.ਡੀ. ਕਾਰਡ ਉੱਤੇ ‘ਸਿੰਘ’ ਲਿਖਿਆ ਵੇਖਣ ਨੂੰ ਮਿਲਦਾ ਹੈ, ਤਾਂ ਇਕ ਵੱਖਰਾ ਜਿਹਾ ਸਕੂਨ ਜ਼ਰੂਰ ਮਿਲਦਾ ਹੈ। ਹੁਣ ਨੌਜਵਾਨ ਸੂਰਜ ਸਿੰਘ ‘ਡਿਲੇਅਡ ਬੈਗੇਜ਼ ਕਲੇਮ ਪ੍ਰੋਸੈੱਸ’ (ਲੇਟ ਅੱਪੜਨ ਵਾਲੇ ਅਟੈਚੀ) ਖੇਤਰ ਦੇ ਵਿਚ ‘ਬੈਗੇਜ ਟ੍ਰੇਸਿੰਗ ਯੂਨਿਟ’ ਵਿਖੇ ਯਾਤਰੀਆਂ ਦੀ ਸਹਾਇਤਾ ਕਰਦਾ ਮਿਲਿਆ ਕਰੇਗਾ। ਵਰਨਣਯੋਗ ਹੈ ਕਿ ਜਦੋਂ ਕਿਸੇ ਦੇ ਬੈਗੇਜ ਆਦਿ ਨਹੀਂ ਮਿਲਦੇ ਤਾਂ ਉਸ ਦੀ ਰਿਪੋਰਟ ਲਿਖਣੀ ਹੁੰਦੀ ਹੈ, ਯਾਤਰੀਆਂ ਨੂੰ ਬੈਗਾਂ ਬਾਰੇ ਪਤਾ ਕਰਕੇ ਦੱਸਣਾ ਹੁੰਦਾ ਹੈ ਅਤੇ ਜੋ ਟੈਗ ਲੱਗੇ ਹੁੰਦੇ ਹਨ, ਉਹ ਗਵਾਚ ਜਾਣ ਤਾਂ ਵੀ ਕਈ ਵਾਰ ਲਿਖਾ-ਪੜ੍ਹੀ ਦੀ ਲੋੜ ਪੈਂਦੀ ਹੈ ਅਤੇ ਯਾਤਰੀਆਂ ਦੀ ਸਹਾਇਤਾ ਕੀਤੀ ਜਾਂਦੀ ਹੈ। ਇਹ ਨੌਜਵਾਨ ਅਜਿਹੇ ਸਾਰੇ ਕੰਮ ਉੱਥੇ ਕਰਦਾ ਹੋਇਆ ਨਜ਼ਰ ਆਇਆ ਕਰੇਗਾ। ਛੋਟੀ ਉਮਰੇ ਵੱਡੀਆਂ ਕੰਪਨੀਆਂ ਦੇ ਵਿਚ ਦਾਖਲ ਹੋਣਾ ਉਸ ਦੇ ਉਜਲੇ ਭਵਿੱਖ ਦੀ ਭਵਿੱਖਬਾਣੀ ਹੈ। ਉਸ ਦੇ ਸਮੂਹ ਪਰਿਵਾਰ ਨੂੰ ਉਸ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ। ਕਮਿਊਨਿਟੀ ਵੱਲੋਂ ਨੌਜਵਾਨ ਸੂਰਜ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ!