ਮੁਰਗ਼ੇ ਦੀ ਕੁੱਕੜ ਘੂੰ ਦਾ,
ਅਲਾਰਮ ਵੱਜਦਾ ਜਦ ਤੜਕੇ।
ਸੁਣ ਬਾਂਗ ਮੁਰਗ਼ੇ ਦੀ,
ਉੱਠ ਜਾਂਦਾ ਸਾਰਾ ਲਾਣਾ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਚਾਟੀ ‘ਚ ਪਾਈ ਮਧਾਣੀ,
ਕਾਂ ਪਿਆ ਬਨੇਰੇ ਬੋਲੇ।
ਖੇਤਾਂ ‘ਚ ਹੱਲ ਵਾਹੁੰਦੇ ਗੱਭਰੂ,
ਤ੍ਰਿੰਜਣਾਂ ‘ਚ ਕੱਤਣ,
ਚਰਖਾਂ ਮੁਟਿਆਰਾਂ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਸੱਥਾਂ ‘ਚ ਬੈਠੇ ਬਾਬੇ,
ਕਰ ਲੈਂਦੇ ਸੀ ਸੁੱਖਾਂ ਸਾਰਾਂ।
ਧੀਆਂ ਤੁਰ ਜਾਣ ਸਹੁਰੇ ਘਰ,
ਸਾਕ ਬਿਨ ਦਿੰਦੇ ਸੀ ਆਪੇ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਮਿੱਟੀ ਦੇ ਘਰ ਹੁੰਦੇ ਸੀ,
ਜਿੱਥੇ ਸੀ ਪਿਆਰ ਬਥੇਰਾ।
ਚੁੱਲ੍ਹੇ ਤੇ ਬਣਦੀ ਰੋਟੀ,
ਇਕੱਠਿਆਂ ਖਾਂਦਾ ਟੱਬਰ ਸਾਰਾ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਸੰਝਾਂ ਨੂੰ ਮੁੜ ਆਉਂਦੇ ਸੀ,
ਪੱਠੇ ਲੈ ਜਦ ਬਾਬੇ।
ਤੁਰ ਪਈਆਂ ਘਰਾਂ ਨੂੰ,
ਟੋਭਿਆਂ ‘ਚ ਬੈਠੀਆਂ
ਮੱਝਾਂ ਤੇ ਗਾਵਾਂ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਬੱਚਿਆਂ ਦੇ ਸੀ ਖ਼ੂਬ ਨਜ਼ਾਰੇ,
ਟੈਰਾਂ ਸੰਗ ਨੱਸੇ ਫਿਰਦੇ।
ਗੁੱਲੀ ਡੰਡਾ ਖੇਡ ਪਿਆਰੀ,
ਬੰਟਿਆਂ (ਕੰਚਿਆਂ) ਨਾਲ ਸੀ ਯਾਰੀ।
ਏਦਾਂ ਦਾ ਸੀ ਰੰਗਲਾ ਪੰਜਾਬ ਬੇਲੀਓ।
ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ
ਮੋਬਾਈਲ: 0091 98785 19278