ਹਾਂਗਜ਼ੂ, 6 ਅਕਤੂਬਰ – ਇੱਥੇ ਏਸ਼ਿਆਈ ਖੇਡਾਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ‘ਚ ਪਿਛਲੇ ਚੈਂਪੀਅਨ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਪੁਰਸ਼ ਟੀਮ ਨੇ ਨੌਂ ਸਾਲਾਂ ਮਗਰੋਂ ਚੌਥੀ ਖਿਤਾਬੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਪੁਰਸ਼ ਟੀਮ ਨੇ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਉਲੰਪਿਕ ਖੇਡਾਂ ਲਈ ਵੀ ਥਾਂ ਪੱਕੀ ਕਰ ਲਈ ਹੈ। ਜਕਾਰਤਾ ਵਿੱਚ ਹੋਈਆਂ ਪਿਛਲੀਆਂ ਏਸ਼ਿਆਈ ਖੇਡਾਂ ’ਚ ਭਾਰਤੀ ਟੀਮ ਨੂੰ ਕਾਂਸੇ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ। ਭਾਰਤ ਦਾ ਏਸ਼ਿਆਈ ਖੇਡਾਂ ਵਿੱਚ ਹਾਕੀ ’ਚ ਇਹ ਚੌਥਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 1966 ਤੇ 1998 (ਦੋਵੇਂ ਵਾਰ ਬੈਂਕਾਕ) ਤੇ 2014 ਇੰਚਿਓਨ ਵਿੱਚ ਸੁਨਹਿਰੀ ਤਗਮਾ ਜਿੱਤਿਆ ਸੀ।
ਕਾਂਸੇ ਦੇ ਤਗਮੇ ਦੇ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਟੀਮ ਨੇ ਮੇਜ਼ਬਾਨ ਚੀਨ ਨੂੰ 2-1 ਨਾਲ ਹਰਾ ਕੇ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ।
ਭਾਰਤੀ ਟੀਮ ਲਈ ਹਰਮਨਪ੍ਰੀਤ ਸਿੰਘ (32ਵੇਂ ਤੇ 59ਵੇਂ ਮਿੰਟ) ਨੇ ਪੈਨਲਟੀ ਕਾਰਨਰਾਂ ਨੂੰ ਗੋਲ ‘ਚ ਤਬਦੀਲ ਕੀਤਾ। ਅਮਿਤ ਰੋਹੀਦਾਸ ਨੇ 36ਵੇਂ ਮਿੰਟ ਵਿੱਚ ਵਿਰੋਧੀ ਟੀਮ ਦਾ ਫੱਟਾ ਖੜਕਾਇਆ ਜਦੋਂਕਿ ਮਨਪ੍ਰੀਤ ਸਿੰਘ ਨੇ 25ਵੇਂ ਤੇ ਅਭਿਸ਼ੇਕ ਨੇ 48ਵੇਂ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕੀਤੇ। ਜਾਪਾਨ ਲਈ ਇਕੋ-ਇਕ ਗੋਲ ਸੇਰੇਨ ਤਨਾਕਾ ਨੇ 51ਵੇਂ ਮਿੰਟ ਵਿਚ ਪੈਨਲਟੀ ਕਾਰਨਰ ’ਤੇ ਕੀਤਾ।
ਹਰਮਨਪ੍ਰੀਤ ਸਿੰਘ 13 ਗੋਲਾਂ ਨਾਲ ਟੂਰਨਾਮੈਂਟ ‘ਚ ਭਾਰਤ ਦਾ ਟੌਪ ਸਕੋਰਰ ਰਿਹਾ। ਸਟਰਾਈਕਰ ਮਨਦੀਪ ਸਿੰਘ 12 ਗੋਲਾਂ ਨਾਲ ਦੂਜੇ ਨੰਬਰ ’ਤੇ ਰਿਹਾ। ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਇਕ ਵੀ ਮੈਚ ਨਹੀਂ ਹਾਰੀ।
Hockey ਏਸ਼ਿਆਈ ਖੇਡਾਂ 2023: ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ...