ਸੈਕਰਾਮੈਂਟੋ 16 ਮਾਰਚ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕੋਰੋਨਾਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਏਸ਼ੀਅਨ ਮੂਲ ਦੇ ਅਮਰੀਕੀ ਨਾਗਰਿਕਾਂ ਉੱਪਰ ਵਧੇ ਹਮਲਿਆਂ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਹਮਲੇ ਹਰ ਹਾਲਤ ਵਿਚ ਬੰਦ ਹੋਣੇ ਚਾਹੀਦੇ ਹਨ। ਰਾਸ਼ਟਰਪਤੀ ਕੋਵਿਡ-19 ਕੌਮਾਂਤਰੀ ਮਹਾਂਮਾਰੀ ਐਲਾਨੇ ਜਾਣ ਦਾ ਇਕ ਸਾਲ ਪੂਰਾ ਹੋਣ ‘ਤੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ”ਇਹ ਗ਼ਲਤ ਹੈ, ਇਹ ਅਮਰੀਕੀ ਕਦਰਾਂ ਕੀਮਤਾਂ ਦਾ ਘਾਣ ਹੈ, ਏਸ਼ੀਅਨਾਂ ਵਿਰੁੱਧ ਹਿੰਸਾ ਖ਼ਤਮ ਹੋਣੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ” ਅਕਸਰ ਅਸੀਂ ਇਕ ਦੂਸਰੇ ਵਿਰੁੱਧ ਹੋ ਜਾਂਦੇ ਹਾਂ, ਇਕ ਮਾਸਕ ਜ਼ਿੰਦਗੀਆਂ ਬਚਾਉਣ ਲਈ ਅਸਾਨ ਸਾਧਨ ਹੈ,ਕਈ ਵਾਰ ਇਸ ਮੁੱਦੇ ਉੱਪਰ ਅਸੀਂ ਵੱਖੋ ਵੱਖਰਾ ਸੋਚਦੇ ਹਾਂ। ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਬਹੁਤ ਭਿਆਨਕ ਨਫ਼ਰਤ ਭਰੇ ਅਪਰਾਧ ਹੋਏ ਹਨ, ਉਨ੍ਹਾਂ ਉੱਪਰ ਹਮਲੇ ਕੀਤੇ ਗਏ ਹਨ, ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।” ਰਾਸ਼ਟਰ ਨੂੰ ਸੰਬੋਧਨ ਕਰਦਿਆਂ ਬਾਇਡੇਨ ਨੇ ਕਿਹਾ ਕਿ ‘ ਇਸ ਅਹਿਮ ਪੜਾਅ ਉੱਪਰ ਏਸ਼ੀਅਨ ਸਿਹਤ ਕਾਮੇ ਮੋਹਰੇ ਹੋ ਕੇ ਮਹਾਂਮਾਰੀ ਤੋਂ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਲੱਗੇ ਹੋਏ ਹਨ ਪਰ ਅਜੇ ਵੀ ਉਨ੍ਹਾਂ ਨੂੰ ਡਰ ਦੇ ਮਹੌਲ ਵਿਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹ ਸੜਕਾਂ ਉੱਪਰ ਤੁਰਨ ਤੋਂ ਖ਼ੌਫ਼ ਖਾਂਦੇ ਹਨ।” ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਰ ਵਾਰ ਵਾਇਰਸ ਦੇ ਫੈਲਾਅ ਲਈ ਚੀਨ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ ਤੇ ਉਹ ਕਹਿੰਦੇ ਰਹੇ ਹਨ ਕਿ ਚੀਨ ਇਸ ਦਾ ਜਨਮ ਦਾਤਾ ਹੈ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਵੱਲੋਂ ਵਰਤੀ ਗਈ ਭਾਸ਼ਾ ਨੇ ਲੋਕਾਂ ਨੂੰ ਏਸ਼ੀਅਨ ਮੂਲ ਦੇ ਲੋਕਾਂ ਵਿਰੁੱਧ ਹਿੰਸਾ ਲਈ ਉਕਸਾਇਆ ਹੈ।
Home Page ਏਸ਼ੀਅਨ ਅਮਰੀਕਨਾਂ ਉੱਪਰ ਹਮਲੇ ਹਰ ਹਾਲਤ ‘ਚ ਬੰਦ ਹੋਣ – ਬਾਇਡੇਨ