ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ: ਪੂਜਾ ਰਾਣੀ ਨੇ ਸੋਨ ਤਗਮਾ ਜਿੱਤਿਆ

ਪੰਘਾਲ, ਮੇਰੀਕੌਮ ਅਤੇ ਲਾਲਬੁਤਸਾਹੀ ਨੇ ਚਾਂਦੀ ਦੇ ਤਗਮੇ ਜਿੱਤੇ
ਦੁਬਈ, 3 ਜੂਨ –
ਇੱਥੇ ਭਾਰਤੀ ਮਹਿਲਾ ਮੁੱਕੇਬਾਜ਼ ਪੂਜਾ ਰਾਣੀ ਨੇ 3੦ ਮਈ ਦਿਨ ਐਤਵਾਰ ਨੂੰ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 75 ਕਿੱਲੋ ਭਾਰ ਵਰਗ ਦੇ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਮੁੱਕੇਬਾਜ਼ ਨੂੰ ਚਿੱਤ ਕਰਕੇ ਸੋਨ ਤਗਮੇ ਉੱਤੇ ਕਬਜ਼ਾ ਕੀਤਾ। ਜਦੋਂ ਛੇ ਵਾਰ ਦੀ ਵਰਲਡ ਚੈਂਪੀਅਨ ਐੱਮਸੀ ਮੇਰੀਕੌਮ (51 ਕਿੱਲੋ) ਅਤੇ ਲਾਲਬੁਤਸਾਹੀ (64 ਕਿੱਲੋ) ਨੂੰ ਫਾਈਨਲ ਵਿੱਚ ਹਾਰਨ ਝੱਲਣੀ ਪਈ। ਦੋਵਾਂ ਖਿਡਾਰਨਾਂ ਨੂੰ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। ਮੇਰੀਕੌਮ ਅਤੇ ਲਾਲਬੁਤਸਾਹੀ ਕਜ਼ਾਖ਼ਸਤਾਨ ਦੀਆਂ ਮੁੱਕੇਬਾਜ਼ਾਂ ਤੋਂ ਕ੍ਰਮਵਾਰ 2-3 ਦੇ ਫ਼ਰਕ ਨਾਲ ਹਾਰ ਗਈਆਂ। ਦੋਵਾਂ ਮੁੱਕੇਬਾਜ਼ਾਂ ਨੂੰ ਇਨਾਮੀ ਰਾਸ਼ੀ ਦੇ 5000 ਡਾਲਰ (ਲਗਭਗ 3.6 ਲੱਖ ਰੁਪਏ) ਮਿਲੇ। 8 ਭਾਰਤੀ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿੱਲੋ), ਵਿਕਾਸ ਕ੍ਰਿਸ਼ਨ (69 ਕਿੱਲੋ), ਲਵਲੀਨਾ ਬੋਰਗੋਹੇਨ (69 ਕਿੱਲੋ), ਜੈਸਮੀਨ (57 ਕਿੱਲੋ), ਸਾਕਸ਼ੀ ਚੌਧਰੀ (64 ਕਿੱਲੋ), ਮੋਨਿਕਾ (48 ਕਿੱਲੋ), ਸਵੀਟੀ (81 ਕਿੱਲੋ) ਅਤੇ ਵਰਿੰਦਰ ਸਿੰਘ (60 ਕਿੱਲੋ) ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਇਹ ਸਾਰੇ ਸੈਮੀਫਾਈਨਲ ਵਿੱਚ ਹਾਰ ਗਏ ਸਨ।
ਉਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ 52 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਹਰਿਆਣਾ ਦੇ ਇਸ 25 ਸਾਲਾ ਮੁੱਕੇਬਾਜ਼ ਨੂੰ ਫਾਈਨਲ ‘ਚ ਉਜ਼ਬੇਕਿਸਤਾਨ ਦੇ ਮੌਜੂਦਾ ਵਰਲਡ ਅਤੇ ਉਲੰਪਿਕ ਚੈਂਪੀਅਨ ਸ਼ਾਖੋਬੀਦੀਨ ਜ਼ੋਇਰੋਵ ਤੋਂ 3-2 ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੇ ਇਸ ਨਤੀਜੇ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਅਤੇ ਦੂਸਰੇ ਗੇੜ ਦਾ ਰਿਵਿਊ ਮੰਗਿਆ, ਜਿਸ ਨੂੰ ਜਿਊਰੀ ਨੇ ਖ਼ਾਰਜ ਕਰ ਦਿੱਤਾ।