ਏਸ਼ੀਆ ਕ੍ਰਿਕਟ ਕੱਪ 2023: ਭਾਰਤ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ

ਕੋਲੰਬੋ, 17 ਸਤੰਬਰ – ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ ਦਾ 8ਵਾਂ ਖ਼ਿਤਾਬ ਆਪਣੇ ਨਾਂ ਕੀਤਾ। ਮੁਹੰਮਦ ਸਿਰਾਜ ਦੀ ਘਾਤਕ ਗੇਂਦਬਾਜ਼ੀ ਨਾਲ ਟੀਮ ਇੰਡੀਆ ਨੇ ਏਸ਼ੀਆ ਕੱਪ ਦੇ ਫਾਈਨਲ ‘ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਟੀਮ ਦੇ ਖਿਡਾਰੀ ਈਸ਼ਾਨ ਕਿਸ਼ਨ ਨੇ 23 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਸ਼ੁਭਮਨ ਗਿੱਲ 27 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਟੀਮ ਨੂੰ ਇਕ ਵਾਧੂ ਦੌੜ ਮਿਲੀ ਤੇ ਟੀਮ ਨੇ 6.1 ਓਵਰਾਂ ਵਿੱਚ ਕੁੱਲ 51 ਦੌੜਾਂ ਜੋੜ ਲਈਆਂ ਤੇ ਬਿਨਾਂ ਕੋਈ ਵਿਕਟ ਗਵਾਏ ਮੈਚ ਜਿੱਤ ਲਿਆ।
100 ਓਵਰਾਂ ਦੇ ਮੈਚ ਦਾ ਨਤੀਜਾ ਸਿਰਫ਼ 22 ਓਵਰਾਂ ਵਿੱਚ ਹੀ ਤੈਅ ਹੋ ਗਿਆ। ਆਰ ਪ੍ਰੇਮਦਾਸਾ ਸਟੇਡੀਅਮ ‘ਚ ਸ੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਭਿਆਨਕ ਗੇਂਦਬਾਜ਼ੀ ਦੇ ਸਾਹਮਣੇ ਸ੍ਰੀਲੰਕਾ ਦੀ ਟੀਮ ਸਿਰਫ 50 ਦੌੜਾਂ ‘ਤੇ ਆਲ ਆਊਟ ਹੋ ਗਈ। ਉਸ ਦੇ ਸਿਰਫ ਦੋ ਬੱਲੇਬਾਜ਼ ਦੋਹਰੇ ਅੰਕ ਤੱਕ ਪਹੁੰਚ ਸਕੇ।
ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕੀਤੀ ਤੇ ਮੁਹੰਮਦ ਸਿਰਾਜ ਦੀਆਂ 6 ਵਿਕਟਾਂ ਦੀ ਮਦਦ ਨਾਲ ਏਸ਼ੀਆ ਕੱਪ ਫਾਈਨਲ ਵਿੱਚ ਸ੍ਰੀਲੰਕਾ ਦੀ ਸਮੁੱਚੀ ਟੀਮ ਨੂੰ 15.2 ਓਵਰਾਂ ਵਿੱਚ 50 ਦੌੜਾਂ ’ਤੇ ਆਊਟ ਕਰ ਦਿੱਤਾ। ਸਿਰਾਜ ਨੇ 7 ਓਵਰਾਂ ’ਚ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਹਾਰਦਕਿ ਪਾਂਡਿਆ ਨੂੰ 3 ਵਿਕਟਾਂ ਮਿਲੀਆਂ।
ਸਿਰਾਜ ਨੇ ਇਨਾਮੀ ਰਾਸ਼ੀ ਦਾਨ ਕੀਤੀ
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਫਾਈਨਲ ਮੈਚ ‘ਚ ਤੂਫਾਨੀ ਗੇਂਦਬਾਜ਼ੀ ਕੀਤੀ। ਆਪਣੇ ਦੂਜੇ ਹੀ ਓਵਰ ਵਿੱਚ ਉਸ ਨੇ ਸ੍ਰੀਲੰਕਾ ਦੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ। ਟੀਮ ਇਨ੍ਹਾਂ ਝਟਕਿਆਂ ਤੋਂ ਉਭਰ ਨਹੀਂ ਸਕੀ। ਸਿਰਾਜ ਨੇ 7 ਓਵਰਾਂ ਦੇ ਸਪੈੱਲ ‘ਚ 21 ਦੌੜਾਂ ‘ਤੇ 6 ਬੱਲੇਬਾਜ਼ਾਂ ਨੂੰ ਆਊਟ ਕੀਤਾ। ਇਸ ਪ੍ਰਦਰਸ਼ਨ ਲਈ ਉਸ ਨੂੰ ‘ਪਲੇਅਰ ਆਫ ਦ ਮੈਚ’ ਦਾ ਐਵਾਰਡ ਮਿਲਿਆ। ਐਵਾਰਡ ਮਿਲਣ ਤੋਂ ਬਾਅਦ ਸਿਰਾਜ ਨੇ ਆਪਣਾ ਪੈਸਾ ਸ੍ਰੀਲੰਕਾ ਦੇ ਗਾਰਡਨਮੈਨ ਨੂੰ ਦਾਨ ਕਰ ਦਿੱਤਾ। ਸ੍ਰੀਲੰਕਾ ‘ਚ ਆਯੋਜਿਤ ਟੂਰਨਾਮੈਂਟ ਦਾ ਲਗਭਗ ਹਰ ਮੈਚ ਮੀਂਹ ਨਾਲ ਪ੍ਰਭਾਵਿਤ ਹੋਇਆ ਹੈ। ਅਜਿਹੇ ‘ਚ ਗਰਾਊਂਡਸਮੈਨ ਨੂੰ ਕਾਫੀ ਮਿਹਨਤ ਕਰਨੀ ਪਈ।