ਜਕਾਰਤਾ, 1 ਜੂਨ – ਇੱਥੇ ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਨੇ ਏਸ਼ੀਆ ਕੱਪ ਦੇ ਤੀਜੇ-ਚੌਥੇ ਸਥਾਨ ਲਈ ਖੇਡੇ ਗਏ ਮੈਚ ਵਿੱਚ ਜਪਾਨ ਨੂੰ 1-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਗੌਰਤਲਬ ਹੈ ਕਿ ਗੋਲਾਂ ਦੇ ਫ਼ਰਕ ਕਾਰਣ ਭਾਰਤੀ ਟੀਮ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਈ ਸੀ। ਮੰਗਲਵਾਰ ਨੂੰ ਭਾਰਤੀ ਟੀਮ ਦਾ ਦੱਖਣੀ ਕੋਰੀਆ ਨਾਲ ਮੁਕਾਬਲਾ 4-4 ਨਾਲ ਡਰਾਅ ਰਿਹਾ ਸੀ। ਅੱਜ ਭਾਰਤ ਵੱਲੋਂ ਇੱਕੋ-ਇੱਕ ਗੋਲ ਰਾਜ ਕੁਮਾਰ ਪਾਲ ਨੇ 7ਵੇਂ ਮਿੰਟ ਵਿੱਚ ਕੀਤਾ, ਜੋ ਭਾਰਤ ਨੂੰ ਕਾਂਸੀ ਦਾ ਤਗਮਾ ਦਿਵਾਉਣ ਵਿੱਚ ਕਾਮਯਾਬ ਰਿਹਾ।
ਦੂਜੇ ਪਾਸੇ ਅੱਜ ਦੱਖਣੀ ਕੋਰੀਆ ਨੇ ਗੋਲਡ ਮੈਡਲ ਲਈ ਫਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਏਸ਼ੀਆ ਕੱਪ ਦਾ ਖ਼ਿਤਾਬ ਜਿੱਤ ਲਿਆ। ਗੋਲ ਰਹਿਤ ਪਹਿਲੇ ਦੌਰ ਤੋਂ ਬਾਅਦ, ਜੰਗ ਮਾਨ-ਜੇ ਨੇ 17ਵੇਂ ਮਿੰਟ ਵਿੱਚ ਕੋਰੀਆ ਲਈ ਗੋਲ ਕੀਤੀ। ਮਲੇਸ਼ੀਆ ਦੇ ਸਈਅਦ ਚੋਲਾਨ ਨੇ ਸਿਰਫ਼ 7 ਮਿੰਟ ਵਿੱਚ ਬਰਾਬਰੀ ਦਾ ਗੋਲ ਕਰਕੇ ਸਕੋਰ ਅੱਧੇ ਸਮੇਂ ਤੱਕ 1-1 ਨਾਲ ਬਰਾਬਰ ਕਰ ਦਿੱਤਾ। ਤੀਜਾ ਦੌਰ ਵੀ ਗੋਲ ਰਹਿਤ ਰਿਹਾ, ਦੱਖਣੀ ਕੋਰੀਆ ਦੇ ਹਵਾਂਗ ਤਾਈ-ਇਲ ਨੇ 52ਵੇਂ ਮਿੰਟ ਵਿੱਚ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ ਅਤੇ ਦੱਖਣੀ ਕੋਰੀਆ ਨੂੰ ਖ਼ਿਤਾਬ ਜਿੱਤਣ ਦੇ ਨਾਲ-ਨਾਲ ਸੋਨੇ ਦਾ ਤਗਮਾ ਦੁਆਇਆ।
Hockey ਏਸ਼ੀਆ ਕੱਪ 2022: ਦੱਖਣੀ ਕੋਰੀਆ ਬਣਿਆ ਚੈਂਪੀਅਨ, ਭਾਰਤ ਨੇ ਕਾਂਸੀ ਦਾ ਤਗਮਾ...