ਐਨਜ਼ੈੱਡਸੀਐੱਸਏ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ‘ਚ ‘ਪਹਿਲਾ ਕੀਰਤਨ ਦਰਬਾਰ’ ਫਲੈਟਬੂਸ਼ ਵਿਖੇ ਕਰਵਾਇਆ

ਆਕਲੈਂਡ, 15 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਐਨਜ਼ੈੱਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਦੇ ਪ੍ਰਬੰਧਕਾਂ ਵੱਲੋਂ 15 ਅਪ੍ਰੈਲ ਦਿਨ ਸ਼ਨੀਵਾਰ ਨੂੰ ‘ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ’ ਦੇ ਸੰਬੰਧ ਵਿੱਚ ਪਹਿਲਾ ਕੀਰਤਨ ਦਰਬਾਰ ਬੈਰੀ ਕ੍ਰਟਿਸ ਪਾਰਕ, ਫਲੈਟਬੂਸ਼ ਸਕੂਲ ਰੋਡ ਵਿਖੇ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਕਰਵਾਇਆ ਗਿਆ। ਮੌਸਮ ਭਾਵੇਂ ਥੋੜ੍ਹਾ ਤੇਜ਼ ਹਵਾ ਅਤੇ ਬੱਦਲਵਾਈ ਵਾਲਾ ਸੀ ਪਰ ਪਹੁੰਚੀਆਂ ਸੰਗਤਾਂ ਨੇ ਕੀਰਤਨ ਦਾ ਪੂਰਾ ਅਨੰਦ ਮਾਣਿਆ ਅਤੇ ਗੁਰਬਾਣੀ ਨਾਲ ਜੁੜੀਆਂ। ਕੀਰਤਨ ਦੀ ਸੇਵਾ ਸ. ਕਰਮਜੀਤ ਸਿੰਘ ਪਾਪਾਕੁਰਾ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਰਾਗਾਂ ਵਿੱਚ ਕਰਕੇ ਨਿਭਾਈ, ਉਨ੍ਹਾਂ ਤੋਂ ਉਪਰੰਤ ਸ. ਮਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਬੱਚਿਆਂ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਅੰਤ ਵਿੱਚ ਗਿਆਨੀ ਸੁਰਿੰਦਰ ਸਿੰਘ ਪਾਪਾਟੋਏਟੋਏ ਨਿਊਜ਼ੀਲੈਂਡ ਵਾਲਿਆਂ ਦੇ ਜੱਥੇ ਨੇ ਰਾਗ ਅਧਾਰਿਤ ਕੀਰਤਨ ਅਤੇ ਗੁਰਬਾਣੀ ਵਿਚਾਰਾਂ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਮਾਗਮ ਦੇ ਆਖੀਰ ‘ਚ ਆਨੰਦ ਸਾਹਿਬ, ਅਰਦਾਸ ਅਤੇ ਹੁਕਮਨਾਮਾ ਲਿਆ ਗਿਆ ਅਤੇ ਦੇਗ ਵਰਤਾਈ ਗਈ।
ਐਨਜ਼ੈੱਡਸੀਐੱਸਏ ਵੱਲੋਂ ਇਹ ਕੀਰਤਨ ਦਰਬਾਰ ਗੁਰੂ ਨਾਨਕ ਦੇਵ ਜੀ ਦੇ ਪਹਿਲੀ ਕੱਤਕ ਨੂੰ ਹੋਏ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਕਰਵਾਇਆ ਗਿਆ। ਐਨਜ਼ੈੱਡਸੀਐੱਸਏ ਦੇ ਪ੍ਰਧਾਨ ਸ. ਤੇਜਵੀਰ ਸਿੰਘ ਵੱਲੋਂ ਪਹੁੰਚੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀ ਅਤੇ ਕੀਰਤਨ ਦਰਬਾਰ ਵਿੱਚ ਹਾਜ਼ਰੀ ਲਵਾਉਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸ. ਬਿਕਰਮ ਸਿੰਘ ਮਝੈਲ ਹੁਣਾ ਵੀ ਗੁਰੂ ਨਾਨਕ ਦੇਵ ਜੀ ਅਤੇ ਖਾਲਸਾ ਸਾਜਨਾ ਦਿਵਸ ਬਾਰੇ ਵਿਚਾਰਾਂ ਰੱਖੀਆਂ। ਸੰਗਤਾਂ ਦੀ ਹਾਜ਼ਰੀ ਅਤੇ ਉਤਸ਼ਾਹ ਨੂੰ ਵੇਖਦੇ ਹੋਏ ਦੇ ਪ੍ਰਬੰਧਕਾਂ ਨੇ ਭਵਿੱਖ ਵਿੱਚ ਵੀ ਅਜਿਹੇ ਕੀਰਤਨ ਦਿਵਾਨ ਅਤੇ ਨਿਰੋਲ ਗੁਰਬਾਣੀ ਵਿਚਾਰਾਂ ਵਾਲੇ ਸਮਾਗਮ ਕਰਵਾਉਣ ਦੀ ਗੱਲ ਕਹੀ।