ਐਨਜ਼ੈੱਡਸੀਐੱਸਏ ਵੱਲੋਂ 14 ਅਪ੍ਰੈਲ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਪੁਰਬ ਦੇ ਸੰਬੰਧ ‘ਚ ਆਕਲੈਂਡ ਟ੍ਰਾਂਸਪੋਰਟ ਦੀਆਂ ਤਿੰਨ ਬੱਸਾਂ ‘ਤੇ ਇੱਕ ਖ਼ਾਸ ਪ੍ਰਚਾਰ ਮੁਹਿੰਮ ਚਲਾਈ

ਪਾਪਾਟੋਏਟੋਏ (ਆਕਲੈਂਡ), 14 ਅਪ੍ਰੈਲ – ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ), ਆਓਤੇਰੋਆ (ਨਿਊਜ਼ੀਲੈਂਡ) ਦੀਆਂ ਸਭ ਕੌਮਾਂ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਪੁਰਬ ਦੇ ਪਵਿੱਤਰ ਦਿਹਾੜੇ 14 ਅਪ੍ਰੈਲ 2025 ਦੀਆਂ ਦਿਲੋਂ ਵਧਾਈਆਂ ਪੇਸ਼ ਕਰਦਾ ਹੈ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ, ਸੇਵਾ ਅਤੇ ਸਮਾਨਤਾ ਦੇ ਸੁਨੇਹੇ ਨੂੰ ਫ਼ਿਰਕਿਆਂ, ਧਰਮਾਂ ਅਤੇ ਭਾਸ਼ਾਵਾਂ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਪ੍ਰਚਾਰਿਆ। ਉਨ੍ਹਾਂ ਨੇ ਪਖੰਡਤਾ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਅਤੇ ਹੱਕ-ਸੱਚ, ਦਿਆਲਤਾ ਤੇ ਸਾਂਝੀਵਾਲਤਾ ਨੂੰ ਜੀਵਨ ਦਾ ਮੂਲ ਮੰਨਿਆ।
ਇਸ ਮੁਕੱਦਸ ਦਿਹਾੜੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਦੀ ਸਥਾਪਨਾ ਲਈ ਚੁਣ ਕੇ ਸਿੱਖ ਕੌਮ ਨੂੰ ਅਸੂਲੀ ਰੂਪ, ਅੰਦਰੂਨੀ ਅਖ਼ਲਾਕ ਅਤੇ ਜੀਵਨ ਜਲੌ ਦੇ ਨਾਲ ਜੋੜਿਆ। ਇਹ ਸਿੱਖ ਇਤਿਹਾਸ ਦੀ ਮਹੱਤਵਪੂਰਨ ਘਟਨਾ ਸੀ ਜੋ ਅਜੇ ਵੀ ਸਾਡੀ ਪਛਾਣ ਅਤੇ ਕਾਰ-ਵਿਹਾਰ ਦੀ ਬੁਨਿਆਦ ਹੈ।
ਪੰਜਾਬੀ ਸਭਿਆਚਾਰ ਵਿੱਚ ਇਹ ਵਿਸਾਖੀ ਦਾ ਦਿਨ ਵੀ ਹੈ ਜੋ ਫ਼ਸਲਾਂ ਦੀ ਵਾਢੀ ਨਾਲ ਜੁੜਿਆ ਹੋਇਆ ਹੈ।
ਭਾਸ਼ਾ ਰਾਹੀਂ ਸਿੱਖ-ਮਾਓਰੀ ਸਾਂਝੀਵਾਲਤਾ
ਇਸ ਮੁਕੱਦਸ ਮੌਕੇ ਨੂੰ ਯਾਦਗਾਰ ਬਣਾਉਂਦੇ ਹੋਏ ਨਿਊਜ਼ੀਲੈਂਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਨੇ ਅਪ੍ਰੈਲ 2025 ਦੌਰਾਨ ਆਕਲੈਂਡ ਟ੍ਰਾਂਸਪੋਰਟ ਦੀਆਂ ਤਿੰਨ ਬੱਸਾਂ ‘ਤੇ ਇੱਕ ਖ਼ਾਸ ਪ੍ਰਚਾਰ ਮੁਹਿੰਮ ਚਲਾਈ ਹੈ, ਜਿਸ ਵਿੱਚ ਜਪੁਜੀ ਸਾਹਿਬ ਦੇ ‘ਤੇ ਰਿਓ ਮਾਓਰੀ’ ਅਨੁਵਾਦ ਵਾਲੀ ਕਿਤਾਬ ਦਾ ਸਰਵਰਕ ਅਤੇ ਕਿਤਾਬ ਡਾਊਨਲੋਡ ਕਰਨ ਲਈ ‘ਬਾਰ ਕੋਡ’ ਪ੍ਰਦਰਸ਼ਿਤ ਕੀਤਾ ਗਿਆ ਹੈ।
ਇਹ ਉਪਰਾਲਾ ਸਿੱਖ ਅਤੇ ਮਾਓਰੀ ਸੰਸਕਾਰਾਂ ਵਿਚਕਾਰ ਸਾਂਝੀਆਂ ਮੂਲ ਬਾਸ਼ਿੰਦਿਆਂ … ਕੁਦਰਤ ਨਾਲ ਸਾਂਝ, ਕੁਦਰਤੀ ਵਸੀਲਿਆਂ ਤੇ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਅਤੇ ਸਮਾਜਕ ਭਲਾਈ … ਨੂੰ ਉਜਾਗਰ ਕਰਦਾ ਹੈ। ਙਾ ਮਨਾਕੀਤੰਗਾ।
ਅੱਗੇ ਵਧ ਦੇ ਹੋਏ
ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਆਉਣ ਵਾਲੇ ਸਮੇਂ ਵਿੱਚ ਭਾਸ਼ਾਈ ਸ਼ਾਮਲਤਾ, ਸਾਂਝੇ ਵਾਤਾਵਰਣ ਅਤੇ ਆਦਰ-ਅਧਾਰਿਤ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਅਸੀਂ ਸਾਰੇ ਆਓਤੇਰੋਆ ਨਿਊਜ਼ੀਲੈਂਡ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਉੱਤੇ ਅਮਲ ਕਰਦੇ ਹੋਏ, ਸਚਾਈ ਨਾਲ ਜੀਵਨ ਜਿਊਣ, ਨਿਸ਼ਕਾਮ ਸੇਵਾ ਕਰਨ ਅਤੇ ਹਰੇਕ ਵਿੱਚ ਪਰਮਾਤਮਾ ਦੀ ਜੋਤ ਪਛਾਣਨ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਥਾਂ ਦੇਈਏ।
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ ॥
ਜਾਰੀ ਕਰਤਾ: ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ)