ਨਵੀਂ ਦਿੱਲੀ, 13 ਅਗਸਤ – 12 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਮਹਾਂਗੱਠਜੋੜ ਨੂੰ ਸਿਆਸੀ ਮੌਕਾਪ੍ਰਸਤੀ ਅਤੇ ਨਾਕਾਮ ਵਿਚਾਰ ਗਰਦਾਨਦਿਆਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਨੂੰ 2019 ਲੋਕ ਸਭਾ ਚੋਣਾਂ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਵਧ ਸੀਟਾਂ ਮਿਲਣਗੀਆਂ ਅਤੇ ਗੱਠਜੋੜ ਸਾਰੇ ਰਿਕਾਰਡ ਤੋੜ ਦੇਵੇਗਾ।
ਇੱਥੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਵਿੱਚ ਕਿਸੇ ਤਰ੍ਹਾਂ ਦੀਆਂ ਤਰੇੜਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਗੱਠਜੋੜ ਪੂਰੀ ਤਰ੍ਹਾਂ ਮਜ਼ਬੂਤ ਹੈ। ਉਨ੍ਹਾਂ ਕਿਹਾ ਲੋਕ ਸਭਾ ਵਿੱਚ ਅਵਿਸ਼ਵਾਸ ਮਤੇ ‘ਤੇ ਸਰਕਾਰ ਦੀ ਜਿੱਤ ਅਤੇ ਰਾਜ ਸਭਾ ਵਿੱਚ ਡਿਪਟੀ ਚੇਅਰਮੈਨ ਦੀ ਚੋਣ ਇਸ ਦਾ ਪ੍ਰਤੱਖ ਸਬੂਤ ਹਨ। ਉਨ੍ਹਾਂ ਹਜੂਮੀ ਕਤਲ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੀ ਵਾਰ ਦੇ ਮੁਕਾਬਲੇ ਵਧ ਸੀਟਾਂ ਹਾਸਲ ਕਰਾਂਗੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਐਨਡੀਏ ਵੱਲੋਂ ਬੀਤੇ ਵਿੱਚ ਹਾਸਲ ਕੀਤੀਆਂ ਸੀਟਾਂ ਦੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿਆਂਗੇ। 30 ਸਾਲਾਂ ਬਾਅਦ ਭਾਜਪਾ ਨੇ ਦੇਸ਼ ਨੂੰ ਕੰਮ ਕਰਨ ਵਾਲੀ ਮਜ਼ਬੂਤ ਅਤੇ ਸਥਿਰ ਸਰਕਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵੋਟਰ ਹਮੇਸ਼ਾ ਕੌਮੀ ਹਿੱਤਾਂ ਨੂੰ ਅਹਿਮੀਅਤ ਦਿੰਦੇ ਹਨ। ਮੈਨੂੰ ਭਰੋਸਾ ਹੈ ਕਿ ਉਹ ਖਿੰਡੇ ਹੋਏ ਧੜੇ ਜੋ ਸਿਰਫ਼ ਮੋਦੀ ਨੂੰ ਹਟਾਉਣਾ ਚਾਹੁੰਦਾ ਹਨ, ਨੂੰ ਵੋਟ ਦੇ ਕੇ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲਾਚਾਰ ਅਤੇ ਵੱਖੋ ਵੱਖਰੇ ਧੜਿਆਂ ਦਾ ਗ਼ੈਰ ਵਿਚਾਰਧਾਰਕ ਗੱਠਜੋੜ ‘ਮਹਾਂਗੱਠਬੰਧਨ’ ਨਹੀਂ ਹੋ ਸਕਦਾ। ਇਹ ਰਾਜਨੀਤਕ ਮੌਕਾਪ੍ਰਸਤੀ ਅਤੇ ਨਾਕਾਮ ਕੋਸ਼ਿਸ਼ ਹੈ ਜੋ ਕਦੇ ਸਫਲ ਨਹੀਂ ਹੋਈ, ਭਾਵੇਂ ਉਹ 1979, 1990 ਜਾਂ 1996 ਹੋਵੇ। ਐਨਡੀਏ ਭਾਈਵਾਲਾਂ ਵਿੱਚ ਬੇਚੈਨੀ ਬਾਰੇ ਪੁੱਛੇ ਜਾਣ ‘ਤੇ ਮੋਦੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਚੋਣ ਨਾਲ ਅਜਿਹੇ ਖ਼ਦਸ਼ਿਆਂ ‘ਤੇ ਰੋਕ ਲੱਗ ਗਈ ਹੈ। ਹਜੂਮੀ ਕਤਲਾਂ ਬਾਰੇ ਪੁੱਛੇ ਜਾਣ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਇਕ ਵੀ ਘਟਨਾ ਉਨ੍ਹਾਂ ਨੂੰ ਉਦਾਸ ਕਰ ਦਿੰਦੀ ਹੈ ਅਤੇ ਇਸ ਦੀ ਸਖ਼ਤ ਆਵਾਜ਼ ਵਿੱਚ ਨਿਖੇਧੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਜੂਮੀ ਕਤਲ ਅਪਰਾਧ ਹੈ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਤੇ ਹਿੰਸਾ ਦਾ ਅਧਿਕਾਰ ਨਹੀਂ ਹੈ।
ਰਾਫ਼ਾਲ ਸਮਝੌਤੇ ਵਿੱਚ ਘਪਲੇ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਬੋਫੋਰਸ ਦੇ ਜਿੰਨ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਹੈ। ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਸਬੰਧਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਪਾਕਿਸਤਾਨ ਸੁਰੱਖਿਅਤ, ਸਥਿਰ, ਹਿੰਸਾ ਅਤੇ ਦਹਿਸ਼ਤ ਮੁਕਤ ਖ਼ਿੱਤੇ ਲਈ ਕੰਮ ਕਰੇਗਾ।
Home Page ਐਨਡੀਏ 2019 ਦੀਆਂ ਚੋਣਾਂ ‘ਚ ਪੁਰਾਣੇ ਰਿਕਾਰਡਾਂ ਨੂੰ ਮਾਤ ਪਾਏਗੀ : ਮੋਦੀ