ਆਕਲੈਂਡ, 6 ਜਨਵਰੀ – ਐਨਜ਼ੈੱਡ ਕਾਉਂਸਲ ਔਫ਼ ਸਿੱਖ ਅਫੇਅਰਜ਼ (NZ Council of Sikh Affairs) ਨਿਊਜ਼ੀਲੈਂਡ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕਲੈੰਡਰ ਮੁਤਾਬਿਕ 5 ਜਨਵਰੀ ਨੂੰ ਮਨਾਇਆ ਗਿਆ।
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਐਨਜ਼ੈੱਡ ਕਾਉਂਸਲ ਔਫ਼ ਸਿੱਖ ਅਫੇਅਰਜ਼ ਵੱਲੋਂ 5 ਜਨਵਰੀ ਸ਼ੁੱਕਰਵਾਰ ਵਾਲੇ ਦਿਨ ਬੈਰੀ ਕਰਟਸ ਪਾਰਕ, ਫਲੈਟਬੁੱਸ਼ ਵਿਖੇ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਭਾਈ ਸੁਰਿੰਦਰ ਸਿੰਘ ਆਕਲੈਂਡ ਵਾਲੇ ਅਤੇ ਜਥਾ, ਭਾਈ ਦਵਿੰਦਰ ਸਿੰਘ (ਸਾਬਕਾ ਹਜ਼ੂਰੀ ਰਾਗੀ ਦਸਮੇਸ਼ ਦਰਬਾਰ, ਪਾਪਾਟੋਏਟੋਏ) ਅਤੇ ਜਥਾ, ਕਥਾ ਵਾਚਕ ਭਾਈ ਇੰਦਰਜੀਤ ਸਿੰਘ ਤੀਰ, ਭਾਈ ਜਤਿੰਦਰ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਵਾਲੇ) ਅਤੇ ਗੁਰਸ਼ਰਨ ਸਿੰਘ ਮਾਨ ਦੇ ਬੱਚਿਆਂ ਨੇ ਰਸਭਿੰਨਾ ਕੀਰਤਨ (ਗੁਰਸ਼ਰਨ ਸਿੰਘ ਮਾਨ ਨੇ ਬੱਚਿਆਂ ਨਾਲ ਤਬਲੇ ਰਾਹੀ ਸੰਗਤ ਕੀਤੀ) ਅਤੇ ਰਾਗੀ ਸਿੰਘਾਂ ਤੇ ਕਥਾ ਵਾਚਕ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕਥਾ ਵਿਚਾਰਾਂ ਕਰਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ।
ਐਨਜ਼ੈੱਡ ਕਾਉਂਸਲ ਔਫ਼ ਸਿੱਖ ਅਫੇਅਰਜ਼ ਦੇ ਮੁੱਖ ਪ੍ਰਬੰਧਕ ਸ. ਤੇਜਵੀਰ ਸਿੰਘ ਨੇ ਸੰਸਥਾ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਐਨਜ਼ੈੱਡਸੀਐੱਸਏ ਵੱਲੋਂ 13 ਅਪ੍ਰੈਲ 2024 ਦੀ ਵਿਸਾਖੀ ਵਾਲੇ ਦਿਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਕੀਰਤਨ ਦਰਬਾਰ ਕਰਵਾਇਆ ਜਾਏਗਾ, ਜਿਸ ਦੀ ਜਾਣਕਾਰੀ ਆਪ ਜੀ ਨਾਲ ਜਲਦੀ ਸਾਂਝੀ ਕੀਤੀ ਜਾਏਗੀ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ।
ਜ਼ਿਕਰਯੋਗ ਹੈ ਕਿ ਮੂਲ ਨਾਨਕਸ਼ਾਹੀ ਕਲੈੰਡਰ ਮੁਤਾਬਿਕ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹਰ ਸਾਲ 5 ਜਨਵਰੀ ਨੂੰ ਨਿਯਤ ਕੀਤਾ ਗਿਆ ਹੈ। ਮੂਲ ਨਾਨਕਸ਼ਾਹੀ ਕਲੈੰਡਰ ਸਿੱਖ ਧਰਮ ਦਾ ਆਪਣਾ ਕਲੈੰਡਰ ਹੈ ਜੋ ਕਿ ਸਿੱਖ ਵਿਦਵਾਨਾਂ ਨੇ ਬੜੀ ਖੋਜ ਉਪਰੰਤ ਤਿਆਰ ਕੀਤਾ ਹੈ। ਇਸ ਕਲੈੰਡਰ ਦੇ ਲਾਗੂ ਹੋਣ ਉਪਰੰਤ ਗੁਰਪੁਰਬ ਤੇ ਦੂਜੇ ਸਿੱਖ ਸਮਾਗਮ ਮਨਾਉਣ ਵਾਸਤੇ ਹਰ ਸਾਲ ਬਦਲਵੀਂ ਤਰੀਕਾਂ ਵਾਲੇ ਬਿਕ੍ਰਮੀ ਕਲੈੰਡਰ ਤੋਂ ਸਿੱਖ ਸਮਾਜ ਨੂੰ ਨਿਜਾਤ ਹਾਸਿਲ ਹੋ ਗਈ ਹੈ ਤੇ ਹਰ ਸਿੱਖ ਸਮਾਗਮ ਦੀ ਪੱਕੀਆਂ ਤਰੀਕਾਂ ਨਿਯਤ ਹੋ ਗਈਆਂ ਹਨ। ਜਿਸ ਮੁਤਾਬਿਕ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹਰ ਸਾਲ 5 ਜਨਵਰੀ ਨੂੰ ਹੀ ਆਉਂਦਾ ਹੈ।
ਐਨਜ਼ੈੱਡ ਕਾਉਂਸਲ ਔਫ਼ ਸਿੱਖ ਅਫੇਅਰਜ਼ (NZ Council of Sikh Affairs) ਨਿਊਜ਼ੀਲੈਂਡ ਵੱਲੋਂ 2022 ਤੋਂ ਹਰ ਸਾਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕਲੈੰਡਰ ਮੁਤਾਬਿਕ 5 ਜਨਵਰੀ ਹੀ ਮਨਾਇਆ ਜਾਂਦਾ ਹੈ।
ਐਨਜ਼ੈੱਡ ਕਾਉਂਸਲ ਔਫ਼ ਸਿੱਖ ਅਫੇਅਰਜ਼ ਦਾ ਕਹਿਣਾ ਹੈ ਕਿ ਮੂਲ ਨਾਨਕਸ਼ਾਹੀ ਕਲੈੰਡਰ ਸਿੱਖ ਧਰਮ ਦੀ ਅਜ਼ਾਦ ਸੋਚ ਤੇ ਹੋਂਦ ਦੀ ਤਰਜਮਾਨੀ ਕਰਦਾ ਹੈ। ਸਾਡਾ ਫ਼ਰਜ਼ ਹੈ ਸਿੱਖ ਧਰਮ ਦੀ ਵਿਲੱਖਣਤਾ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕਲੈੰਡਰ ਮੁਤਾਬਿਕ ਹੀ ਆਪਣੇ ਪੁਰਬ ਤੇ ਦੂਜੇ ਦਿਹਾੜੇ ਮਨਾਈਏ।
Home Page ਐਨਜ਼ੈੱਡ ਕਾਉਂਸਲ ਔਫ਼ ਸਿੱਖ ਅਫੇਅਰਜ਼ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ...