ਐਨਜ਼ੈੱਡ ਫ਼ਸਟ ਵੱਲੋਂ ਸ੍ਰੀ ਮਹੇਸ਼ ਬਿੰਦਰਾ ਪੈਨਮਿਉਰ-ਓਟਾਹੂਹੂ ਹਲਕੇ ਤੋਂ ਪਾਰਟੀ ਉਮੀਦਵਾਰ

ਸਾਬਕਾ ਲਿਸਟ ਮੈਂਬਰ ਆਫ਼ ਪਾਰਲੀਮੈਂਟ ਸ੍ਰੀ ਮਹੇਸ਼ ਬਿੰਦਰਾ-ਨਿਊਜ਼ੀਲੈਂਡ ਫ਼ਸਟ (ਐਨਜ਼ੈੱਡ ਫ਼ਸਟ) ਪਾਰਟੀ

ਲੇਬਰ ਪਾਰਟੀ ਉਮੀਦਵਾਰ ਦੇ ਨਾਲ-ਨਾਲ ਦੋ ਪੰਜਾਬੀ ਉਮੀਦਵਾਰਾਂ ਦੀ ਟੱਕਰ
ਆਕਲੈਂਡ, 26 ਜੁਲਾਈ – ਇਸੇ ਸਾਲ 14 ਅਕਤੂਬਰ ਨੂੰ ਹੋਣ ਵਾਲੀਆਂ ਦੇਸ਼ ਦੀ ਆਮ ਚੋਣਾਂ ਲਈ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਹਲਕਾ ਵਾਈਜ਼ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ। ਉਸੇ ਹੀ ਲੜੀ ਵਿੱਚ ਸਾਬਕਾ ਉਪ ਪ੍ਰਧਾਨ ਮੰਤਰੀ ਸ੍ਰੀ ਵਿੰਸਟਨ ਪੀਟਰਜ਼ ਨੇ ਆਪਣੀ ਪਾਰਟੀ ਨਿਊਜ਼ੀਲੈਂਡ ਫ਼ਸਟ (ਐਨਜ਼ੈੱਡ ਫ਼ਸਟ) ਦੇ ਲਈ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਹੈ, ਜਿਸ ਦੇ ਤਹਿਤ 2014 ਤੋਂ 2017 ਤੱਕ ਰਹੇ ਸਾਬਕਾ ਲਿਸਟ ਮੈਂਬਰ ਆਫ਼ ਪਾਰਲੀਮੈਂਟ ਸ੍ਰੀ ਮਹੇਸ਼ ਬਿੰਦਰਾ ਨੂੰ ਪੈਨਮਿਉਰ-ਓਟਾਹੂਹੂ ਹਲਕੇ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ।
ਸ੍ਰੀ ਮਹੇਸ਼ ਬਿੰਦਰਾ ਨੇ 2006 ਵਿੱਚ ਨਿਊਜ਼ੀਲੈਂਡ ਫ਼ਸਟ ਦੇ ਮੈਂਬਰ ਬਣੇ ਅਤੇ 2011 ਦੀਆਂ ਆਮ ਚੋਣਾਂ ‘ਚ ਸ੍ਰੀ ਬਿੰਦਰਾ ਆਪਣੀ ਪਾਰਟੀ ਐਨਜ਼ੈੱਡ ਫ਼ਸਟ ਵੱਲੋਂ ਮਾਊਂਟ ਰੌਸਕਿਲ ਹਲਕੇ ਤੋਂ ਚੋਣ ਮੁਕਾਬਲਾ ਲੜੇ, ਇਨ੍ਹਾਂ ਚੋਣਾਂ ‘ਚ ਉਨ੍ਹਾਂ ਨੇ ਮੁਕਾਬਲੇ ‘ਚ 5ਵਾਂ ਸਥਾਨ ਪ੍ਰਾਪਤ ਕੀਤਾ। ਉਹ ਆਪਣੀ ਪਾਰਟੀ ਸੂਚੀ ‘ਚ 21ਵੇਂ ਸਥਾਨ ‘ਤੇ ਰਹੇ ਸਨ ਅਤੇ ਸੰਸਦ ਲਈ ਲਿਸਟ ਐਮਪੀ ਵਜੋਂ ਚੁਣੇ ਨਹੀਂ ਗਏ ਸਨ।
ਸ੍ਰੀ ਬਿੰਦਰਾ ਆਪਣੀ ਪਾਰਟੀ ਵੱਲੋਂ 2014 ਵਿੱਚ ਮੁੜ ਮਾਊਂਟ ਰੌਸਕਿਲ ਹਲਕੇ ਤੋਂ ਚੋਣ ਲੜੇ ਅਤੇ ਇਸ ਵਾਰ ਪਾਰਟੀ ਦੇ ਲਿਸਟ ਐਮਪੀ ਵਜੋਂ ਪਹਿਲੀ ਵਾਰ ਪਾਰਲੀਮੈਂਟ ‘ਚ ਪਹੁੰਚੇ ਸਨ। ਉਹ ਆਪਣੀ ਪਾਰਟੀ ਸੂਚੀ ‘ਚ 11ਵੇਂ ਸਥਾਨ ‘ਤੇ ਹੋਣ ਕਰਕੇ ਇੱਕ ਲਿਸਟ ਮੈਂਬਰ ਆਫ਼ ਪਾਰਲੀਮੈਂਟ ਵਜੋਂ ਸੰਸਦ ਲਈ ਚੁਣੇ ਗਏ ਅਤੇ 2014 ਤੋਂ 2017 ਤੱਕ ਲਿਸਟ ਐਮਪੀ ਰਹੇ।
ਸ੍ਰੀ ਬਿੰਦਰਾ 2017 ਵਿੱਚ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਪਾਰਟੀ ਸੂਚੀ ਵਿੱਚ ਇੱਕ ਸਥਾਨ ਉੱਪਰ ਖਿਸਕ ਕੇ 10ਵੇਂ ਸਥਾਨ ‘ਤੇ ਪਹੁੰਚ ਗਏ ਸਨ। ਪਰ ਨਿਊਜ਼ੀਲੈਂਡ ਫ਼ਸਟ ਨੂੰ ਚੋਣਾਂ ‘ਚ ਸਿਰਫ਼ 9 ਸੀਟਾਂ ਮਿਲੀਆਂ, ਜਿਸ ਕਰਕੇ ਸ੍ਰੀ ਬਿੰਦਰਾ ਸੰਸਦ ਵਿੱਚ ਲਿਸਟ ਐਮਪੀ ਵਜੋਂ ਨਹੀਂ ਪਹੁੰਚ ਸਕੇ।
ਗੌਰਤਲਬ ਹੈ ਕਿ 2017 ਦੀ ਚੋਣ ਹਾਰਨ ਤੋਂ ਬਾਅਦ ਸ੍ਰੀ ਬਿੰਦਰਾ ਆਪਣੀ ਐਨਜ਼ੈੱਡ ਫ਼ਸਟ ਵਿੱਚ ਸਰਗਰਮ ਰਹੇ। ਉਨ੍ਹਾਂ ਨੇ 2020 ਦੀਆਂ ਆਮ ਚੋਣਾਂ ‘ਚ ਪਾਰਟੀ ਲਈ ਹੱਟ ਸਾਊਥ ਦੀ ਸੀਟ ਤੋਂ ਉਮੀਦਵਾਰ ਬਣ ਕੇ ਚੋਣ ਲੜੀ ਤੇ ਉਹ 6ਵੇਂ ਸਥਾਨ ‘ਤੇ ਰਹੇ। ਇਨ੍ਹਾਂ ਚੋਣਾਂ ‘ਚ ਐਨਜ਼ੈੱਡ ਫ਼ਸਟ ਦੀ ਲੋਕਪ੍ਰਿਅ ਵੋਟ ਯਾਨੀ ਪਾਰਟੀ ਵੋਟ ਵੀ ਘੱਟ ਕੇ 2.6% ਰਹਿ ਗਈ, ਜੋ ਪਾਰਲੀਮੈਂਟ ‘ਚ ਦਾਖ਼ਲ ਹੋਣ ਲਈ ਲੋੜੀਂਦੀ 5% ਵੋਟ ਸੀਮਾ ਤੋਂ ਘੱਟ ਸੀ।
ਹੁਣ ਇਸ ਵਾਰ ਦੀਆਂ ਆਮ ਚੋਣਾਂ ਲਈ ਪਾਰਟੀ ਨੇ ਸਾਬਕਾ ਲਿਸਟ ਐਮਪੀ ਸ੍ਰੀ ਮਹੇਸ਼ ਬਿੰਦਰਾ ਨੂੰ ਪੈਨਮਿਉਰ-ਓਟਾਹੂਹੂ ਹਲਕੇ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਦੇਸ਼ ਦੀਆਂ ਆਮ ਚੋਣਾਂ ‘ਚ ਪੈਨਮਿਉਰ-ਓਟਾਹੂਹੂ ਹਲਕੇ ਤੋਂ ਹੁਣ ਵੇਖਣ ਵਾਲੀ ਦਿਲਚਸਪ ਗੱਲ ਇਹ ਹੈ ਕਿ ਇਸੇ ਹਲਕੇ ਤੋਂ ਨੈਸ਼ਨਲ ਪਾਰਟੀ ਨੇ ਸ. ਨਵਤੇਜ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਸ. ਰੰਧਾਵਾ ਨੂੰ ਨੈਸ਼ਨਲ ਨੇ ਆਪਣੇ ਪਾਰਟੀ ਦੇ ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਦੀ ਥਾਂ ਉਮੀਦਵਾਰ ਐਲਾਨਿਆ ਹੈ। ਇਸ ਹਲਕੇ ਤੋਂ ਸੱਤਾਧਾਰੀ ਲੇਬਰ ਪਾਰਟੀ ਨੇ ਮੌਜੂਦਾ ਐਮਪੀ ਤੇ ਸਰਕਾਰ ‘ਚ ਮੰਤਰੀ ਜੈਨੀ ਸੇਲੇਸਾ ਨੂੰ ਮੁੜ ਉਮੀਦਵਾਰ ਐਲਾਨਿਆ ਹੈ। ਜਿਸ ਨੇ ਪਿਛਲੀਆਂ ਦੋ ਚੋਣਾਂ ‘ਚ ਨੈਸ਼ਨਲ ਪਾਰਟੀ ਦੇ ਉਮੀਦਵਾਰ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਹਰਾਇਆ ਹੈ, ਜੈਨੀ ਸੇਲੇਸਾ ਨੂੰ ਇਸ ਹਲਕੇ ‘ਚ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ।