ਮੁੰਬਈ, 2 ਜੁਲਾਈ – ਮਹਾਰਾਸ਼ਟਰ ਵਿੱਚ ਇੱਕ ਵੱਡੀ ਸਿਆਸੀ ਉਥਲ-ਪੁਥਲ ਹੋਈ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇਤਾ ਅਜੀਤ ਪਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋ ਗਏ ਹਨ। ਅਜੀਤ ਪਵਾਰ ਨੇ ਮੁੜ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪਵਾਰ ਸੂਬੇ ਦੇ ਦੂਜੇ ਉਪ ਮੁੱਖ ਮੰਤਰੀ ਬਣ ਗਏ ਹਨ। ਅਜੀਤ ਪਵਾਰ ਤੋਂ ਇਲਾਵਾ ਐਨਸੀਪੀ ਦੇ ਸੀਨੀਅਰ ਨੇਤਾ ਛਗਨ ਭੁਜਬਲ, ਦਿਲੀਪ ਵਾਲਸੇ ਪਾਟਿਲ, ਹਸਨ ਮੁਸ਼ਰਿਫ, ਧਨੰਜੈ ਮੁੰਡੇ, ਧਰਮਰਾਓ ਬਾਬਾ ਆਤਰਮ, ਅਦਿਤੀ ਤਤਕਰੇ, ਸੰਜੇ ਬੰਸੋਡੇ ਅਤੇ ਅਨਿਲ ਭਾਈਦਾਸ ਪਾਟਿਲ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਕਹਿਣਾ ਹੈ ਕਿ ਹੁਣ ਸਾਡੇ ਕੋਲ 1 ਮੁੱਖ ਮੰਤਰੀ ਅਤੇ 2 ਉਪ ਮੁੱਖ ਮੰਤਰੀ ਹਨ। ਡਬਲ ਇੰਜਣ ਵਾਲੀ ਸਰਕਾਰ ਹੁਣ ਤੀਹਰੀ ਇੰਜਣ ਬਣ ਗਈ ਹੈ।
ਐੱਨਸੀਪੀ ਨੇਤਾ ਅਜੀਤ ਪਵਾਰ ਪਿਛਲੇ ਚਾਰ ਸਾਲਾਂ ਵਿੱਚ ਤੀਜੀ ਵਾਰ ਸੂਬੇ ਦੇ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ। ਅਜੀਤ ਸਾਲ 2019 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਵਿੱਚ ਕੁਝ ਘੰਟਿਆਂ ਲਈ ਉਪ ਮੁੱਖ ਮੰਤਰੀ ਰਹੇ ਸਨ। ਉਸਨੇ ਊਧਵ ਠਾਕਰੇ ਦੀ ਅਗਵਾਈ ਵਾਲੀ ਰਾਜ ਵਿੱਚ ਪਿਛਲੀ ਮਹਾਂ ਵਿਕਾਸ ਅਗਾੜੀ (ਐਮਵੀਏ) ਸਰਕਾਰ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਸੰਭਾਲਿਆ ਸੀ। ਮਹਾਰਾਸ਼ਟਰ ਵਿੱਚ ਐਮਵੀਏ ਸਰਕਾਰ ਨਵੰਬਰ 2019 ਤੋਂ ਜੂਨ 2022 ਤੱਕ ਸੱਤਾ ਵਿੱਚ ਸੀ।
ਅਜੀਤ ਪਵਾਰ ਅਤੇ ਪਾਰਟੀ ਦੇ ਹੋਰ ਨੇਤਾਵਾਂ ਦੇ ਮਹਾਰਾਸ਼ਟਰ ਵਿੱਚ ਐਨਡੀਏ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੁੱਲ 9 ਐਨਸੀਪੀ ਨੇਤਾਵਾਂ ਨੇ ਮਹਾਰਾਸ਼ਟਰ ਦੇ ਮੰਤਰੀ ਵਜੋਂ ਸਹੁੰ ਚੁੱਕੀ। ਵਿਧਾਨ ਸਭਾ ਵਿੱਚ ਐੱਨਸੀਪੀ ਦੇ ਕੁੱਲ 53 ਵਿਧਾਇਕ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚ 30 ਵਿਧਾਇਕ ਉਨ੍ਹਾਂ ਦੇ ਨਾਲ ਹਨ।
ਇਸ ਦੌਰਾਨ ਰਾਜ ਭਵਨ ’ਚ ਹਾਜ਼ਰ ਮਹਾਰਾਸ਼ਟਰ ਦੇ ਵਿਧਾਨ ਸਭਾ ਦੇ ਸਪੀਕਰ ਰਾਹਲ ਨਰਵੇਕਰ ਨੇ ਕਿਹਾ ਕਿ ਅਜੀਤ ਪਵਾਰ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਐੱਨਸੀਪੀ ਦੇ ਸੀਨੀਅਰ ਨੇਤਾ ਅਜੀਤ ਪਵਾਰ ਨੇ ਅੱਜ ਮੁੰਬਈ ਸਥਿਤ ਆਪਣੀ ਅਧਿਕਾਰਤ ਰਿਹਾਇਸ਼ ’ਤੇ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਤੁਰੰਤ ਬਾਅਦ ਉਹ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਲਈ ਰਵਾਨਾ ਹੋ ਗਏ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਅਜੀਤ ਪਵਾਰ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ‘ਦੇਵਗਿਰੀ’ ’ਤੇ ਪਾਰਟੀ ਦੇ ਕੁਝ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਹਾਲਾਂਕਿ ਐੱਨਸੀਪੀ ਮੁਖੀ ਸ਼ਰਦ ਪਵਾਰ, ਜਿਹੜੇ ਕਿ ਪੁਣੇ ਵਿੱਚ ਸਨ, ਨੇ ਕਿਹਾ ਉਨ੍ਹਾਂ ਮੀਟਿੰਗ ਪਤਾ ਨਹੀਂ ਹੈ ਪਰ ਉਨ੍ਹਾਂ ਨਾਲ ਹੀ ਆਖਿਆ ਕਿ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਨਾਤੇ ਉਹ ਵਿਧਾਇਕਾਂ ਦੀ ਮੀਟਿੰਗ ਬੁਲਾ ਸਕਦੇ ਹਨ।
ਸਹੁੰ ਚੁੱਕ ਸਮਾਗਮ ਵਿੱਚ ਪ੍ਰਫੁੱਲ ਪਟੇਲ ਵੀ ਮੌਜੂਦ ਸਨ।
ਪ੍ਰਫੁੱਲ ਪਟੇਲ, ਜਿਨ੍ਹਾਂ ਨੂੰ ਹਾਲ ਹੀ ਵਿੱਚ ਐੱਨਸੀਪੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ, ਵੀ ਐਨਸੀਪੀ ਆਗੂਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਮੌਜੂਦ ਸਨ। ਐੱਨਸੀਪੀ ਨੇਤਾ ਪ੍ਰਫੁੱਲ ਪਟੇਲ ਸਹੁੰ ਚੁੱਕ ਸਮਾਗਮ ਤੋਂ ਬਾਅਦ ਰਾਜ ਭਵਨ ਤੋਂ ਰਵਾਨਾ ਹੋ ਗਏ।
ਸ਼ਰਦ ਪਵਾਰ ਨੇ 6 ਜੁਲਾਈ ਨੂੰ ਮੀਟਿੰਗ ਬੁਲਾਈ ਹੈ
ਅਜੀਤ ਪਵਾਰ ਦੀ ਬਗਾਵਤ ਤੋਂ ਬਾਅਦ ਪਾਰਟੀ ਦੀ ਏਕਤਾ ਨੂੰ ਲੈ ਕੇ ਸ਼ਰਦ ਪਵਾਰ ਨੇ 6 ਜੁਲਾਈ ਨੂੰ ਮੀਟਿੰਗ ਬੁਲਾਈ ਹੈ। ਇਸ ਦੌਰਾਨ ਅਸਹਿਮਤੀ ਜ਼ਾਹਰ ਕਰਦਿਆਂ ਪਵਾਰ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਈ ਅਜਿਹੀਆਂ ਬਗਾਵਤਾਂ ਦੇਖੀਆਂ ਹਨ, ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਇਆ।
Home Page ਐੱਨਸੀਪੀ ਨੇਤਾ ਅਜੀਤ ਪਵਾਰ ਮੁੜ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਬਣੇ