ਸਿੱਖ ਧਰਮ ਵਿੱਚ ‘ਖਾਲਸਾ ਸਾਜਨਾ ਦਿਵਸ’ ਅਤੇ ਪੰਜਾਬੀ ਸਭਿਆਚਾਰ ਵਿੱਚ ‘ਵਿਸਾਖੀ’ ਦਾ ਦਿਹਾੜਾ ਖ਼ਾਸ ਮਹਾਤਮ ਰੱਖਦਾ ਹੈ। ਸਿੱਖ ਧਰਮ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਵਿਸਾਖੀ ਦੇ ਦਿਹਾੜੇ ਵਾਲੇ ਦਿਨ 13 ਅਪ੍ਰੈਲ 1699 ਈਸਵੀ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਇਆ ਅਤੇ ਦੀਵਾਨ ਸੁਣਨ ਆਈਆਂ ਸੰਗਤ ਵਿੱਚੋਂ ਹੀ ਪੰਜ ਸਿੰਘ ਲੈ ਕੇ ‘ਖਾਲਸੇ’ ਦੀ ਸਿਰਜਣਾ ਕੀਤੀ ਅਤੇ ਜਿਸ ਨੂੰ ‘ਖਾਲਸਾ ਪੰਥ’ ਦਾ ਨਾਮ ਦਿੱਤਾ। ਇਸ ਨਾਲ ਸਿੱਖ ਧਰਮ ਅਤੇ ਗੁਰੂ ਦੇ ਸਿੰਘਾਂ ਨੂੰ ਦੁਨੀਆ ਭਰ ਵਿੱਚ ਖ਼ਾਸ ਪਛਾਣ ਮਿਲੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਉੱਥੇ ਨਾਲ ਹੀ ਸਿੱਖ ਭਾਈਚਾਰੇ ਨੂੰ ਜਾਤ-ਪਾਤ ਦੇ ਬੰਧਨ ਤੋਂ ਮੁਕਤ ਕੀਤਾ ਸੀ। ਵਿਸਾਖੀ ਵਾਲੇ ਦਿਨ ਹਾਜ਼ਰ ਸੰਗਤਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਕਾਰ ਉੱਤੇ ਦੀਵਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਜਿਨ੍ਹਾਂ ਪੰਜ ਜਣਿਆਂ ਨੇ ਗੁਰੂ ਜੀ ਨੂੰ ਸੀਸ ਭੇਂਟ ਕੀਤੀ ਉਹ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਅਤੇ ਵੱਖ-ਵੱਖ ਜਾਤਾਂ ਦੇ ਸਨ। ਇਨ੍ਹਾਂ ਪੰਜਾਂ ਪਿਆਰਿਆਂ ਵਿੱਚ ਭਾਈ ਦਯਾ ਰਾਮ ਲਾਹੌਰ ਦਾ ਖੱਤਰੀ, ਭਾਈ ਧਰਮ ਦਾਸ ਦਿੱਲੀ ਦਾ ਜੱਟ, ਭਾਈ ਹਿੰਮਤ ਰਾਏ ਜਗਨਨਾਥ ਪੁਰੀ ਦਾ ਝਿਊਰ, ਭਾਈ ਸਾਹਿਬ ਚੰਦ ਬਿਦਰ ਦਾ ਨਾਈ ਤੇ ਭਾਈ ਮੋਹਕਮ ਚੰਦ ਦੁਆਰਕਾ ਦਾ ਛੀਂਬਾ ਸਨ। ਗੁਰੂ ਸਾਹਿਬ ਜੀ ਨੇ ਇਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕਾ ਕੇ ਖਾਲਸੇ ਦੇ ਰੂਪ ਵਿੱਚ ਪੇਸ਼ ਕੀਤਾ, ਇਹ ਹੀ ਨਹੀਂ ਇਨ੍ਹਾਂ ਪੰਜਾਂ ਪਿਆਰਿਆਂ ਪਾਸੋਂ ਆਪ ਵੀ ਅੰਮ੍ਰਿਤ ਛੱਕ ਕੇ ‘ਆਪੇ ਗੁਰ ਚੇਲਾ’ ਦਾ ਸਿਧਾਂਤ ਕਾਇਮ ਕੀਤਾ। ਦੁਨੀਆ ਦੇ ਇਤਿਹਾਸ ਵਿੱਚ ਅਜੇਹੀ ਮਿਸਾਲ ਅਜੇ ਤੱਕ ਕਿਧਰੇ ਵੀ ਵੇਖਣ ਨੂੰ ਨਹੀਂ ਮਿਲੀ ਤੇ ਸ਼ਾਇਦ ਰਹਿੰਦੀ ਦੁਨੀਆ ਤੱਕ ਨਾ ਹੀ ਮਿਲੇਗੀ। ਅੰਮ੍ਰਿਤ ਤਿਆਰ ਕਰਨ ਲਈ ਸਰਬਲੋਹ ਦਾ ਬਾਟਾ ਖਾਲਸ ਪਣ ਦਾ ਪ੍ਰਤੀਕ ਹੈ ਤੇ ਗੁਰੂ ਸਾਹਿਬ ਨੇ ਜਿਹੜਾ ਪੰਥ ਸਾਜਿਆ ਉਸ ਦਾ ਨਾਂ ਵੀ ‘ਖਾਲਸਾ’ ਰੱਖਿਆ। ਧਾਰਮਿਕ ਦ੍ਰਿਸ਼ਟੀ ਤੋਂ ਗੁਰਦੀਖਿਆ ਵਿੱਚ ਜਲ ਨੂੰ ਵਿਸ਼ੇਸ਼ ਮਹਾਤਮ ਪ੍ਰਾਪਤ ਰਿਹਾ ਹੈ, ਗੁਰੂ ਜੀ ਖਾਲਸੇ ਨੂੰ ਜਲ ਵਾਂਗ ਸਵੱਛ ਬਣਾਉਣਾ ਚਾਹੁੰਦੇ ਸਨ। ਇਸ ਲਈ ਇਸ ਦਾ ਪ੍ਰਯੋਗ ਕੀਤਾ ਗਿਆ। ਖੰਡਾ ਸ਼ਕਤੀ ਦਾ ਪ੍ਰਤੀਕ ਹੈ, ਗੁਰੂ ਜੀ ਸਿੰਘਾਂ ਵਿੱਚ ਬਹਾਦਰੀ ਦਾ ਅੰਸ਼ ਭਰਨਾ ਚਾਹੁੰਦੇ ਸਨ ਤਾਂ ਜੋ ਜ਼ਾਲਮਾਂ ਦਾ ਨਾਸ਼ ਕੀਤਾ ਜਾ ਸਕੇ ਤੇ ਮਜ਼ਲੂਮਾਂ ਦੀ ਰੱਖਿਆ ਕੀਤੀ ਜਾ ਸਕੇ। ਜਦੋਂ ਅੰਮ੍ਰਿਤ ਤਿਆਰ ਕੀਤਾ ਜਾ ਰਿਹਾ ਸੀ ਤਾਂ ਮਾਤਾ ਸਾਹਿਬ ਦੇਵਾ ਜੀ ਨੇ ਪਤਾਸੇ ਪਾ ਦਿੱਤੇ ਜੋ ਕਿ ਮਿਠਾਸ ਦਾ ਚਿੰਨ੍ਹ ਹਨ। ਇਸ ਤੋਂ ਭਾਵ ਹੈ ਕਿ ਗੁਰੂ ਦੇ ਸਿੰਘ ਮਿਠਬੋਲੜੇ ਵੀ ਹੋਣ। ਅੰਮ੍ਰਿਤ ਛਕਾਉਣ ਵੇਲੇ ਪੰਜ ਬਾਣੀਆਂ ਦਾ ਪਾਠ ਮਨੁੱਖ ਦੀ ਵਿਚਾਰਧਾਰਕ ਸੇਧ ਨੂੰ ਪ੍ਰਚੰਡ ਕਰਨ ਲਈ ਹੈ। ਇਸ ਤਰ੍ਹਾਂ ਅੰਮ੍ਰਿਤ, ਭਗਤੀ ਅਤੇ ਸ਼ਕਤੀ ਦਾ ਦੁਵੱਲਾ ਸੁਮੇਲ ਹੈ। ਅੰਮ੍ਰਿਤ ਛੱਕ ਕੇ ਵਿਅਕਤੀ ‘ਸੰਤ ਸਿਪਾਹੀ’ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਦੁਨੀਆ ਉੱਪਰ ਵੱਖਰੀ ਪਛਾਣ ਦਿੱਤੀ। ਇਸ ਵੱਖਰੀ ਪਛਾਣ ਨੂੰ ਕਾਇਮ ਰੱਖਣ ਅਤੇ ਸਦਾਚਾਰਕ ਗੁਣਾ ਦਾ ਸੰਚਾਰ ਕਰਨ ਲਈ ਗੁਰੂ ਜੀ ਵੱਲੋਂ ਰਹਿਤ ਮਰਯਾਦਾ ਨਿਸ਼ਚਿਤ ਕੀਤੀ ਗਈ। ਪੰਜ ਕਕਾਰ ਕੇਸ, ਕੰਘਾ, ਕੜਾ, ਕ੍ਰਿਪਾਨ ਤੇ ਕੱਛ ਨਿਸ਼ਚਿਤ ਕੀਤੇ ਗਏ। ਕੜਾ ਫ਼ੌਲਾਦੀ ਸ਼ਕਤੀ ਅਤੇ ਪ੍ਰਤਿੱਗਿਆ ਦਾ ਚਿੰਨ੍ਹ ਹੈ। ਇਹ ਮਨੁੱਖ ਨੂੰ ਕਰਮ ਕਰਨ ਸਮੇਂ ਯਾਦ ਦਿਵਾਉਂਦਾ ਹੈ ਕਿ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਨਹੀਂ ਕਰਨਾ। ਕ੍ਰਿਪਾਨ ਸਵੈ-ਰੱਖਿਆ ਅਤੇ ਉਪਕਾਰ ਦੀ ਨਿਸ਼ਾਨੀ ਹੈ। ਕੱਛਾ ਆਚਰਨ ਅਤੇ ਕੰਘਾ ਸਰੀਰਕ ਸੁੱਚਮ ਦੇ ਸੰਕੇਤ ਹਨ। ਇਨ੍ਹਾਂ ਵਿੱਚੋਂ ਕੇਸਾਂ ਨੂੰ ਵਿਸ਼ੇਸ਼ ਮਹੱਤਾ ਪ੍ਰਦਾਨ ਕੀਤੀ ਗਈ ਹੈ।
ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਆਪਣੇ ਸਵਾਰਥਾਂ ਦੀ ਖ਼ਾਤਰ ਸਿੱਖ ਕੇਸਾਂ ਨੂੰ ਕਤਲ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ ਹੈ, ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਕੇਸਾਂ ਨੂੰ ਕਤਲ ਕਰਵਾਉਣ ਲਈ ਮਿੰਟ ਨਹੀਂ ਲਾ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾਂ ‘ਤੇ ਚੱਲਦੇ ਹੋਏ ਖਾਲਸੇ ਨੂੰ ਕਰਮ ਕਾਂਡ ਤੇ ਵਹਿਮ-ਭਰਮ ਤੋਂ ਦੂਰ ਰਹਿਣ, ਮੜ੍ਹੀਆਂ ਤੇ ਕਬਰਾਂ ਦੀ ਪੂਜਾ ਨਾ ਕਰਨ, ਸਿਰਫ਼ ਪ੍ਰਮਾਤਮਾ ਨੂੰ ਮੰਨਣ ਦੇ ਉਪਦੇਸ਼ ਤੇ ਆਦੇਸ਼ ਦਿੱਤੇ ਪਰ ਜਾਪਦਾ ਖਾਲਸਾ ਹੁਣ ਪੂਰੀ ਤਰ੍ਹਾਂ ‘ਖਾਲਸ’ ਨਹੀਂ ਰਿਹਾ। ਉਹ ਹਰ ਉਹ ਕਰਮ ਕਰ ਰਿਹਾ ਹੈ ਜਿਸ ਤੋਂ ਗੁਰੂ ਸਾਹਿਬਾਂ ਨੇ ਵਰਜਿਆ ਸੀ। ਸਿੱਖ ਧਰਮ ਇਸ ਵੇਲੇ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਅੱਜ ਸਿੱਖ ਧਰਮ ਵਿੱਚ ਡੇਰਾਵਾਦ ਇਨ੍ਹਾਂ ਭਾਰੂ ਹੁੰਦਾ ਜਾ ਰਿਹਾ ਹੈ ਕਿ ਸਿੱਖ ਅੱਖਾਂ ਬੰਦ ਕਰੀ ਉਨ੍ਹਾਂ ਦੇ ਮਗਰ ਤੁਰੀ ਜਾ ਰਹੇ ਹਨ। ਜਿਸ ਦਾ ਸਿਆਸੀ ਪਾਰਟੀਆਂ ਵੱਲੋਂ ਸਮੇਂ-ਸਮੇਂ ਸਿਰ ਪੂਰਾ-ਪੂਰਾ ਫ਼ਾਇਦਾ ਚੁੱਕਿਆ ਜਾਂਦਾ ਹੈ। ਉਹ ਬਿਨਾ ਡਰ-ਭੈਅ ਦੇ ਕੁਕਰਮ ਕਰੀ ਜਾ ਰਹੇ ਹਨ। ਇਹ ਕਮਜ਼ੋਰੀ ਕਿਸੇ ਹੋਰ ਦੀ ਨਹੀਂ ਸਗੋਂ ਸਾਡੀ ਆਪਣੀ ਹੀ ਹੈ। ਸਾਡੇ ਧਾਰਮਿਕ ਆਗੂਆਂ ਅਤੇ ਪ੍ਰਬੰਧਕੀ ਕਮੇਟੀਆਂ ਦੀ ਹੈ ਜਿਨ੍ਹਾਂ ਦੀ ਢਿੱਲ ਸਦਕਾ ਹੀ ਇਹ ਡੇਰਾਵਾਦ ਪ੍ਰਫੁੱਲਿਤ ਹੋ ਰਿਹਾ ਹੈ। ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੋੜਾਂ ਦੇ ਬਜਟ ਪਾਸ ਹੁੰਦੇ ਹਨ ਪਰ ਸਿੱਖੀ ਦਾ ਮਿਆਰ ਦਿਨੋਂ ਦਿਨ ਡਿਗਦਾ ਹੀ ਜਾ ਰਿਹਾ ਹੈ। ਪੰਜਾਬ ਵਿੱਚ ਜਾਤ-ਪਤਾ, ਭਰੂਣ ਹੱਤਿਆ, ਪਤਿਤ ਪੁਣਾ, ਭੇਖ ਦਿਖਾਵਾ, ਨਸ਼ਿਆਂ, ਨਾਨਕ ਸ਼ਾਹੀ ਕੈਲੰਡਰ ਦਾ ਮੁੱਦਾ ਆਦਿ ਹੋਰ ਬਹੁਤ ਮਸਲੇ ਹਨ ਜਿਨ੍ਹਾਂ ਦੇ ਹੱਲ ਲੱਭਣੇ ਬਹੁਤ ਜ਼ਰੂਰੀ ਹਨ। ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਮਸਲਿਆਂ ਉੱਤੇ ਹੋਰ ਗੰਭੀਰ ਹੋਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਸਿੱਖੀ ਦੇ ਰਾਹ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਸਮੇਂ ਰਹਿੰਦੇ ਕੀਤਾ ਜਾ ਸੱਕੇ। ਦੁਨੀਆ ਦੇ ਹੋਰਨਾ ਮੁਲਕਾਂ ਵਿੱਚ ਰਹਿੰਦੇ ਸਿੱਖ ਧਾਰਮਿਕ ਚਿੰਨ੍ਹਾਂ ਅਤੇ ਤਿਉਹਾਰਾਂ ਨੂੰ ਮਾਨਤਾਵਾਂ ਦਿਵਾਉਣ ਵਿੱਚ ਕਈ ਥਾਂਈਂ ਕਾਮਯਾਬੀਆਂ ਹਾਸਲ ਕਰ ਰਹੇ ਹਨ ਤੇ ਕਈ ਥਾਂਈਂ ਇਨ੍ਹਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਜਿੱਥੋਂ ਤੱਕ ਭਾਰਤੀ ਸਭਿਆਚਾਰ ਦੀ ਗੱਲ ਕਰੀਏ ਤਾਂ ਲੋਕ ਵਿਸਾਖੀ ਦੇ ਤਿਉਹਾਰ ਨੂੰ ਮੌਸਮੀ ਤਿਉਹਾਰ ਦੇ ਤੌਰ ‘ਤੇ ਵੀ ਮਨਾਉਂਦੇ ਆ ਰਹੇ ਹਨ। ਭਾਰਤ ਦੇ ਬਹੁਤੇ ਸੂਬਿਆਂ ਵਿੱਚ ਆਪਣੇ-ਆਪਣੇ ਰਿਵਾਜ ਮੁਤਾਬਿਕ ਮਨਾਇਆ ਜਾਂਦਾ ਹੈ। ਪਰ ਪੰਜਾਬ ਨਾਲ ਇਸ ਤਿਉਹਾਰ ਦੀ ਦੋਹਰੀ ਅਤੇ ਗੂੜ੍ਹੀ ਸਾਂਝ ਹੈ। ‘ਵੈਸਾਖ’ ਦੇ ਮਹੀਨੇ ਵਿੱਚ ਕਿਸਾਨ ਵੱਲੋਂ ਖੇਤਾਂ ਵਿੱਚ ਕੀਤੀ ਮਿਹਨਤ ਵਿਖਾਈ ਦਿੰਦੀ ਹੈ। ਪਰ ਹੁਣ ਜਦੋਂ ਫ਼ਸਲ ਦੀ ਵਾਢੀ ਕਰਕੇ ਜਦੋਂ ਮੰਡੀ ਵਿੱਚ ਉਸ ਵੱਲੋਂ ਕੀਤੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਤਾਂ ਉਹ ਭੰਗੜੇ ਤੇ ਲੁੱਡੀਆਂ ਦੀ ਥਾਂ ਖੁਦਕੁਸ਼ੀਆਂ ਕਰਨ ਦੇ ਰਾਹ ਪਿਆ ਹੋਇਆ ਹੈ। ਪਰ ਅਸਲ ਵਿੱਚ ਕਿਸਾਨ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣਾ ਹੈ, ਦੇਸ਼ ਵਿੱਚ ਕਿਸਾਨਾਂ ਦੀ ਬਾਂਹ ਫੜਨ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ।