ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਦੀ ਅਰਦਾਸ ਪੂਰੀ ਹੋਈ
ਕਰਤਾਰਪੁਰ/ਡੇਰਾ ਬਾਬਾ ਨਾਨਕ, 11 ਨਵੰਬਰ – 9 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ-ਦੀਦਾਰ ਲਈ ਸਿੱਖਾਂ ਵੱੱਲੋਂ ਕੀਤੀ ਜਾਂਦੀ ਅਰਦਾਸ ਕੁੱਝ ਪੂਰੀ ਹੋ ਗਈ ਹੈ। ਆਜ਼ਾਦੀ ਦੇ ਕਰੀਬ 72 ਵਰ੍ਹਿਆਂ ਬਾਅਦ ਸੰਗਤ ਲਈ ਬਿਨਾ ਵੀਜ਼ਾ ਲਾਂਘੇ ਦੀ ਸ਼ੁਰੂਆਤ ਹੋ ਗਈ ਹੈ। ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜਦੋਂ ਕਿ ਪਾਕਿਸਤਾਨ ਵਾਲੇ ਪਾਸਿਓ ਲਾਂਘੇ ਦਾ ਉਦਘਾਟਨ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕੀਤਾ ਗਿਆ। ਲਾਂਘਾ ਖੁੱਲ੍ਹਣ ਮਗਰੋਂ ਸਿੱਖ ਸ਼ਰਧਾਲੂਆਂ ਦੇ ਪਹਿਲੇ ਵਫ਼ਦ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ। ਸਿੱਖ ਸ਼ਰਧਾਲੂਆਂ ਦਾ ਇਹ ਵਫ਼ਦ ਮੱਥਾ ਟੇਕਣ ਮਗਰੋਂ ਸ਼ਾਮ ਨੂੰ ਡੇਰਾ ਬਾਬਾ ਨਾਨਕ ਪਰਤ ਆਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੋਵਾਂ ਦੇਸ਼ਾਂ ਵਿਚਾਲੇ ਪੁਲ ਬਣੇ ਹਨ, ਦੋਵੇਂ ਮੁਲਕਾਂ ਨੇ ਨਫ਼ਰਤਾਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਰਾਹੀਂ ਮੁੜ ਮੁਹੱਬਤ ਅਤੇ ਪਿਆਰ ਦਾ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਾਰ-ਵਾਰ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਅਤੇ ਸਿੱਖਿਆਵਾਂ ਦਾ ਵਰਨਣ ਕੀਤਾ। ਉਨ੍ਹਾਂ ਆਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਦਾ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਧੰਨਵਾਦ ਕੀਤਾ।
ਡੇਰਾ ਬਾਬਾ ਨਾਨਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ‘ਗੁਰੂ ਨਾਨਕ ਦੇਵ ਦੀ ਬਾਣੀ ਕੇਵਲ ਭਾਰਤ ਦੀ ਧਰੋਹਰ ਨਹੀਂ ਸਗੋਂ ਪੂਰੀ ਮਾਨਵਤਾ ਲਈ ਪ੍ਰੇਰਣਾ ਸਰੋਤ ਹੈ। ਕੌਰੀਡੋਰ ਅਤੇ ਚੈੱਕਪੋਸਟ ਦੋਹਰੀਆਂ ਖ਼ੁਸ਼ੀਆਂ ਲੈ ਕੇ ਆਇਆ ਹੈ ਅਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਸਾਨ ਹੋ ਜਾਣਗੇ।’ ਕਰਤਾਰਪੁਰ ਦੀ ਧਰਤੀ ਨੂੰ ਬਾਬਾ ਨਾਨਕ ਦੀ ਕਰਮੀ ਭੂਮੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਸੀਨੇ ਅਤੇ ਹਵਾ ਵਿੱਚ ਬਾਣੀ ਦੀ ਮਹਿਕ ਘੁਲੀ ਹੋਈ ਹੈ। ‘ਇਸ ਧਰਤੀ ਤੋਂ ਬਾਬੇ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀ ਰੀਤ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਬਾਣੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਹੈ। ਬਾਬਾ ਨਾਨਕ ਦੇ ਸਾਥੀ ਭਾਈ ਮਰਦਾਨਾ ਅਤੇ ਲਾਲੋ ਸਨ, ਜਿਨ੍ਹਾਂ ਦੇ ਸਾਥ ਤੋਂ ਸਪੱਸ਼ਟ ਹੈ ਕਿ ਉਹ ਅਮੀਰ ਤੇ ਗਰੀਬ ਵਿਚਾਲੇ ਵਿਤਕਰਾ ਜਾਂ ਫਰਕ ਨਹੀਂ ਕਰਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਨਾਨਕ ਨੇ 500 ਸਾਲ ਪਹਿਲਾਂ ਪੌਣ, ਪਾਣੀ ਅਤੇ ਧਰਤੀ ਬਾਰੇ ਆਪਣੀ ਚਿੰਤਾ ਜ਼ਾਹਿਰ ਕਰ ਦਿੱਤੀ ਸੀ ਜਦੋਂ ਕਿ ਉਸ ਵੇਲੇ ਪਾਣੀ ਆਦਿ ਦੀ ਕੋਈ ਘਾਟ ਨਹੀਂ ਸੀ ਪਰ ਅੱਜ ਵਾਤਾਵਰਣ ਨੂੰ ਗੰਭੀਰ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਸੰਦਰਭ ਵਿੱਚ ਬਾਬਾ ਨਾਨਕ ਦੀ ਬਾਣੀ ਓਨੀ ਹੀ ਤਰਕਸੰਗਤ ਹੈ, ਜਿੰਨੀ 550 ਸਾਲ ਪਹਿਲਾਂ ਸੀ। ਸ਼੍ਰੋਮਣੀ ਕਮੇਟੀ ਵਲੋਂ ਦਿੱਤੇ ਗਏ ‘ਕੌਮੀ ਸੇਵਾ ਐਵਾਰਡ’ ਨੂੰ ਉਨ੍ਹਾਂ ਪੀਰਾਂ ਪੈਗੰਬਰਾਂ ਦੇ ਗੌਰਵ, ਪਿਆਰ ਅਤੇ ਤਪੱਸਿਆ ਦਾ ਪ੍ਰਸਾਦ ਆਖਿਆ, ਜਿਸ ਨੂੰ ਉਨ੍ਹਾਂ ਗੁਰੂ ਚਰਨਾਂ ਵਿੱਚ ਸਮਰਪਿਤ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ 550ਵੇਂ ਪ੍ਰਕਾਸ਼ ਪੁਰਬ ਨੂੰ ਬੜੇ ਸ਼ਰਧਾ ਭਾਵ ਨਾਲ ਮਨਾ ਰਹੀ ਹੈ ਅਤੇ ਇਸ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮੁੱਚੇ ਵਿਸ਼ਵ ਵਿੱਚ ਪ੍ਰਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਯੂਨੈਸਕੋ ਦੀ ਮਦਦ ਨਾਲ ਗੁਰੂ ਸਾਹਿਬ ਦੀ ਬਾਣੀ ਦਾ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ। ਬਰਤਾਨੀਆ ਵਿੱਚ ਇੱਕ ਯੂਨੀਵਰਸਿਟੀ ਵਿੱਚ ਗੁਰੂ ਸਾਹਿਬ ਦੇ ਨਾਂ ਦੀ ਚੇਅਰ ਸਥਾਪਤ ਕੀਤੀ ਗਈ ਹੈ ਅਤੇ ਕੈਨੇਡਾ ਵਿੱਚ ਵੀ ਇਸੇ ਤਰ੍ਹਾਂ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਗੁਰਦੁਆਰਾ ਕਰਤਾਰਪੁਰ ਦੇ ਵਿਹੜੇ ਵਿੱਚ ਬਣਾਈ ਗਈ ਇਕ ਵੱਡੀ ਸ੍ਰੀ ਸਾਹਿਬ ਤੋਂ ਪਰਦਾ ਹਟਾ ਕੇ ਉਦਘਾਟਨ ਦੀ ਰਸਮ ਨੂੰ ਪੂਰਾ ਕੀਤਾ। ਆਪਣੇ ਸੰਬੋਧਨ ‘ਚ ਉਨ੍ਹਾਂ ਆਖਿਆ ਕਿ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਨਾਲ ਸਿੱਖ ਆਪਣੇ ‘ਮਦੀਨੇ’ ਦੇ ਖੁੱਲ੍ਹੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇੱਥੇ ਹਾਜ਼ਰ ਸਿੱਖਾਂ ਦੇ ਚਿਹਰੇ ਤੋਂ ਝਲਕਦੀ ਖ਼ੁਸ਼ੀ ਨੂੰ ਵੇਖ ਕੇ ਉਨ੍ਹਾਂ ਦਾ ਮਨ ਵੀ ਵਧੇਰੇ ਖ਼ੁਸ਼ ਹੈ। ਵਜ਼ੀਰੇ ਆਜ਼ਮ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਦੀ ਸਿੱਖ ਕੌਮ ਵਾਸਤੇ ਅਹਿਮੀਅਤ ਦਾ ਪਤਾ ਉਨ੍ਹਾਂ ਨੂੰ ਇਕ ਵਰ੍ਹੇ ਪਹਿਲਾਂ ਲੱਗਾ ਸੀ ਅਤੇ ਉਨ੍ਹਾਂ ਇਸ ਲਾਂਘੇ ਨੂੰ ਖੋਲ੍ਹਣ ਦਾ ਨਿਰਣਾ ਲਿਆ ਸੀ। ਉਨ੍ਹਾਂ ਕਿਹਾ ਕਿ ਕਰੀਬ ਇਕ ਸਾਲ ਦੇ ਵਕਫ਼ੇ ਵਿੱਚ ਪਾਕਿਸਤਾਨੀਆਂ ਨੇ ਇੱਥੇ ਵੱਡੇ ਵਿਕਾਸ ਦੀ ਤਸਵੀਰ ਪੇਸ਼ ਕੀਤੀ ਹੈ।
ਬਾਅਦ ਦੁਪਹਿਰ ਜਦੋਂ ਜੱਥਾ ਕੁੱਝ ਕਿੱਲੋਮੀਟਰ ਦਾ ਫਾਸਲਾ ਤੈਅ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜਾ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅਮਨ ਦਾ ਪੈਗਾਮ ਦਿੱਤਾ ਸੀ। ਉਸੇ ਤਹਿਤ ਹੀ ਅੱਜ ਪਾਕਿਸਤਾਨ ਵਿੱਚ ਸਮੁੱਚੇ ਸਿੱਖ ਭਾਈਚਾਰੇ ਨੂੰ ਖ਼ੁਸ਼ਆਮਦੀਦ ਆਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਸਮੇਤ ਬਰਤਾਨੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਵਿੱਚ ਬੈਠੇ ਸਮੂਹ ਸਿੱਖਾਂ ਲਈ ਪਾਕਿਸਤਾਨ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ। ਕਸ਼ਮੀਰ ਦਾ ਜ਼ਿਕਰ ਛੇੜਦਿਆਂ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਵੱਲੋਂ ਦਿੱਤਾ ਅਮਨ ਦਾ ਪੈਗਾਮ ਕਸ਼ਮੀਰ ਵਿੱਚ ਵੀ ਪੁੱਜਣਾ ਚਾਹੀਦਾ ਹੈ। ਕਰਤਾਰਪੁਰ ਲਾਂਘੇ ਨੂੰ ਉਨ੍ਹਾਂ ਮੁਹੱਬਤ ਦੀ ਰਾਹਦਾਰੀ ਕਰਾਰ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੁਹੱਬਤ ਦੇ ਰਾਹ ਤੇ ਚਲਿਆ ਜਾਂਦਾ ਤਾਂ ਇਹ 7 ਕਿੱਲੋਮੀਟਰ ਦਾ ਸਫ਼ਰ ਤੈਅ ਕਰਨ ਲਈ 72 ਸਾਲ ਦਾ ਸਮਾਂ ਨਾ ਲਗਦਾ।
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਦੋਹਾਂ ਮੁਲਕਾਂ ਦੇ ਹੀਰੋ ਨਜ਼ਰ ਆ ਰਹੇ ਸਨ। ਉਨ੍ਹਾਂ ਜਿਉਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਸ਼ਰਧਾਲੂਆਂ ਨੇ ‘ਬੋਲੇ ਸੋ ਨਿਹਾਲ’ ਅਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਪਣੇ 16 ਮਿੰਟ ਦੇ ਲੱਛੇਦਾਰ ਭਾਸ਼ਣ ਵਿੱਚ ਇਮਰਾਨ ਲਈ 10-12 ਸ਼ੇਅਰ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸਾਰੇ ਮਹਿਮਾਨਾਂ ਵਿੱਚੋਂ ਸਿਰਫ਼ ਸਿੱਧੂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸਨ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲੱਗੇ ਤਾਂ ਉੱਥੇ ਮੌਜੂਦ ਸੰਗਤ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਾਮ ਨੂੰ ਜਦੋਂ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਮਗਰੋਂ ਡੇਰਾ ਬਾਬਾ ਨਾਨਕ ਪਹੁੰਚੇ ਤਾਂ ਲਾਂਘੇ ਕੋਲ ਲੋਕਾਂ ਨੇ ਸਿੱਧੂ ਦੇ ਪੱਖ ‘ਚ ਨਾਅਰੇਬਾਜ਼ੀ ਕੀਤੀ।
Home Page ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਦਾ ਉਦਘਾਟਨ