ਬੰਗਲੌਰ, 16 ਮਈ – 15 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ਕਿਸੇ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲਿਆ ਹੈ। 12 ਮਈ ਨੂੰ ਕਰਨਾਟਕ ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ‘ਚੋਂ 222 ਸੀਟਾਂ ਲਈ ਚੋਣ ਹੋਈ ਸੀ। ਅੱਜ ਹੋਈ ਗਿਣਤੀ ਦੌਰਾਨ ਭਾਜਪਾ 104 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਪਰ ਬਹੁਮਤ ਲਈ ਲੋੜੀਂਦੀਆਂ 112 ਸੀਟਾਂ ਦੇ ਅੰਕੜੇ ਤੋਂ ਪਿਛਾਂਹ ਰਹਿ ਗਈ। ਜਦੋਂ ਕਿ ਹਾਕਮ ਕਾਂਗਰਸ ਨੂੰ 78, ਜੇਡੀ (ਐੱਸ) ਨੂੰ 38 ਸੀਟਾਂ ਮਿਲੀਆਂ ਅਤੇ 2 ਸੀਟਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ, ਜੋ ਕਾਂਗਰਸ ਦੇ ਹੀ ਬਾਗ਼ੀ ਦੱਸੇ ਜਾ ਰਹੇ ਹਨ। ਜੇਡੀ (ਐੱਸ) ਦੀਆਂ 38 ਸੀਟਾਂ ਵਿੱਚ ਇਸ ਦੇ ਭਾਈਵਾਲਾਂ ਬਸਪਾ ਤੇ ਕੇਪੀਜੇਪੀ ਦੀ 1-1 ਸੀਟ ਵੀ ਸ਼ਾਮਲ ਹੈ। ਬਸਪਾ ਨੇ ਦੱਖਣ ਵਿੱਚ ਪਹਿਲੀ ਵਾਰ ਖਾਤਾ ਖੋਲ੍ਹਿਆ ਹੈ।
ਹੁਣ ਸਾਰੀਆਂ ਨਜ਼ਰਾਂ ਰਾਜਪਾਲ ਵਜੂਭਾਈ ਵਾਲਾ ਵੱਲ ਲੱਗ ਗਈਆਂ ਹਨ, ਕਿ ਉਹ ਸੂਬੇ ਵਿੱਚ ਵੱਡੀ ਪਾਰਟੀ ਬਣ ਕੇ ਉੱਭਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਜਾਂ ਜਨਤਾ ਦਲ (ਐੱਸ)-ਕਾਂਗਰਸ ਦੇ ਗੱਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ। ਕਿਉਂਕਿ ਦੂਜੀ ਵੱਡੀ ਪਾਰਟੀ ਰਹੀ ਕਾਂਗਰਸ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਤੀਜੇ ਨੰਬਰ ਉੱਤੇ ਰਹੀ ਜੇਡੀ (ਐੱਸ) ਨੂੰ ਐਚ.ਡੀ. ਕੁਮਾਰਾਸਵਾਮੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਜੇਡੀ (ਐੱਸ)-ਕਾਂਗਰਸ ਗੱਠਜੋੜ ਨੇ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਲਈ ਦਾਅਵਾ ਵੀ ਪੇਸ਼ ਕਰ ਦਿੱਤਾ। ਜਦੋਂ ਕਿ ਭਾਜਪਾ ਨੇ ਵੀ ਰਾਜਪਾਲ ਨੂੰ ਮਿਲ ਦੇ ਦਾਅਵਾ ਜਤਾਇਆ ਹੈ। ਇੱਕ ਵੇਲੇ ਲੱਗ ਰਿਹਾ ਸੀ ਕਿ ਭਾਜਪਾ ਬਹੁਮਤ ਲੈ ਜਾਵੇਗੀ ਪਰ ਅਜਿਹਾ ਹੋ ਨਾ ਸਕਿਆ।
Home Page ਕਰਨਾਟਕ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ