ਆਈਪੀਸੀ ਦੀਆਂ ਪੰਜ ਧਾਰਾਵਾਂ ਤਹਿਤ ਮਿਲੀ 10-10 ਸਾਲ ਦੀ ਸਜ਼ਾ, ਨਾਲੋਂ ਨਾਲ ਚੱਲਣਗੀਆਂ ਸਾਰੀਆਂ ਸਜ਼ਾਵਾਂ
ਨਵੀਂ ਦਿੱਲੀ, 25 ਮਈ – ਅੱਜ ਇੱਥੇ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ (56) ਨੂੰ ਦਹਿਸ਼ਤੀ ਫੰਡਿੰਗ ਕੇਸ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਯਾਸੀਨ ਮਲਿਕ ਨੂੰ ਕੁੱਝ ਦਿਨ ਪਹਿਲਾਂ ਅਤਿਵਾਦੀ ਫੰਡਿੰਗ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਪਹਿਲਾਂ ਐੱਨਆਈਏ ਨੇ ਮਲਿਕ ਨੂੰ ਅਤਿਵਾਦੀ ਫੰਡਿੰਗ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਲਈ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ 19 ਮਈ ਨੂੰ ਮਲਿਕ ਖ਼ਿਲਾਫ਼ ਲਗਾਏ ਦੋਸ਼ਾਂ ਲਈ ਸਜ਼ਾ ਤੈਅ ਕਰਨ ਵਾਸਤੇ ਦਲੀਲਾਂ ਸੁਣਨ ਲਈ ਮਾਮਲੇ ਦੀ ਸੁਣਵਾਈ 25 ਮਈ ਲਈ ਪਾ ਦਿੱਤੀ ਸੀ।
ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਯਾਸੀਨ ਮਲਿਕ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਅਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਈ ਹੋਰ ਕੇਸਾਂ ‘ਚ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਲਿਕ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਯਾਸੀਨ ਮਲਿਕ ਨੂੰ ਧਾਰਾ 121 (ਭਾਰਤ ਸਰਕਾਰ ਖ਼ਿਲਾਫ਼ ਜੰਗ ਛੇੜਨ) ਅਤੇ ਧਾਰਾ 17 (ਦਹਿਸ਼ਤੀ ਕਾਰਵਾਈਆਂ ਲਈ ਫ਼ੰਡ ਇਕੱਠੇ ਕਰਨ) ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰੀਆਂ ਸਜ਼ਾਵਾਂ ਨਾਲੋਂ ਨਾਲ ਚੱਲਣਗੀਆਂ। ਦਹਿਸ਼ਤੀ ਫੰਡਿੰਗ ਕੇਸ ‘ਚ ਸਜ਼ਾ ਦਾ ਐਲਾਨ ਅੱਜ ਪਟਿਆਲਾ ਹਾਊਸ ਕੋਰਟ ‘ਚ ਭਾਰੀ ਸੁਰੱਖਿਆ ਹੇਠ ਕੀਤਾ ਗਿਆ। ਕੇਸ ਦੀ ਸੁਣਵਾਈ ਦੌਰਾਨ ਯਾਸੀਨ ਮਲਿਕ ਨੇ ਅਦਾਲਤ ‘ਚ ਕਿਹਾ, “ਮੈਂ ਕਿਸੇ ਵੀ ਦੋਸ਼ ਲਈ ਮੁਆਫ਼ੀ ਨਹੀਂ ਮੰਗਾਂਗਾ। ਕੇਸ ਇਸ ਅਦਾਲਤ ਸਾਹਮਣੇ ਹੈ ਅਤੇ ਮੈਂ ਫ਼ੈਸਲਾ ਉਸ ‘ਤੇ ਛੱਡਦਾ ਹਾਂ। ਜੇਕਰ ਮੈਂ ਪਿਛਲੇ 28 ਸਾਲਾਂ ‘ਚ ਕਿਸੇ ਵੀ ਦਹਿਸ਼ਤੀ ਸਰਗਰਮੀ ਜਾਂ ਹਿੰਸਾ ‘ਚ ਸ਼ਾਮਲ ਰਿਹਾ ਹਾਂ ਅਤੇ ਜੇਕਰ ਭਾਰਤੀ ਇੰਟੈਲੀਜੈਂਸ ਇਹ ਸਾਬਤ ਕਰ ਦਿੰਦੀ ਹੈ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਮੈਂ ਫਾਂਸੀ ਸਵੀਕਾਰ ਕਰ ਲਵਾਂਗਾ। ਮੈਂ ਸੱਤ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ”।
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਸੀ ਕਿ ਮੁਲਜ਼ਮ ਕਸ਼ਮੀਰੀ ਪੰਡਿਤਾਂ ਦੀ ਵਾਦੀ ‘ਚੋਂ ਹਿਜਰਤ ਲਈ ਜ਼ਿੰਮੇਵਾਰ ਹੈ। ਕੇਂਦਰੀ ਜਾਂਚ ਏਜੰਸੀ ਨੇ ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਦੂਜੇ ਪਾਸੇ ਅਦਾਲਤੀ ਮਿੱਤਰ ਨੇ ਉਸ ਨੂੰ ਉਮਰ ਕੈਦ ਦੀ ਘੱਟੋ ਘੱਟ ਸਜ਼ਾ ਦੇਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਯਾਸੀਨ ਮਲਿਕ ਨੇ ਆਪਣਾ ਕਸੂਰ ਮੰਨ ਲਿਆ ਸੀ। ਕੇਸ ਦੀ ਪਿਛਲੇ ਸੁਣਵਾਈ ਦੌਰਾਨ ਯਾਸੀਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਯੂਏਪੀਏ ਦੀਆਂ ਧਾਰਾਵਾਂ 16 (ਦਹਿਸ਼ਤੀ ਕਾਰਵਾਈ), 17 (ਦਹਿਸ਼ਤੀ ਕਾਰਵਾਈਆਂ ਲਈ ਫ਼ੰਡ ਉਗਰਾਹੁਣ), 18 (ਦਹਿਸ਼ਤੀ ਕਾਰਵਾਈ ਲਈ ਸਾਜ਼ਿਸ਼ ਘੜਨ) ਅਤੇ 20 (ਦਹਿਸ਼ਤੀ ਗੁੱਟ ਜਾਂ ਜਥੇਬੰਦੀ ਦਾ ਮੈਂਬਰ) ਤੇ ਆਈਪੀਸੀ ਦੀਆਂ ਧਾਰਾਵਾਂ 120-ਬੀ (ਅਪਰਾਧਿਕ ਸਾਜ਼ਿਸ਼) ਅਤੇ 124-ਏ (ਦੇਸ਼-ਧ੍ਰੋਹ) ਸਮੇਤ ਉਸ ਖ਼ਿਲਾਫ਼ ਲਾਏ ਗਏ ਹੋਰ ਦੋਸ਼ਾਂ ਨੂੰ ਚੁਣੌਤੀ ਨਹੀਂ ਦੇਵੇਗਾ। ਇਸੇ ਦੌਰਾਨ ਹੁਰੀਅਤ ਕਾਨਫ਼ਰੰਸ ਦੇ ਆਗੂ ਮੀਰਵਾਇਜ਼ ਉਮਰ ਫਾਰੂਖ ਨੇ ਦਿੱਲੀ ਅਦਾਲਤ ਵੱਲੋਂ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਨਿਖੇਧੀ ਕੀਤੀ ਹੈ।
Home Page ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਨੂੰ ਉਮਰ ਕੈਦ ਤੇ 10 ਲੱਖ ਰੁਪਏ...